For the best experience, open
https://m.punjabitribuneonline.com
on your mobile browser.
Advertisement

ਗਰਮੀ ਕਾਰਨ ਸਬਜ਼ੀਆਂ ਦੀਆਂ ਵੇਲਾਂ ਸੁੱਕਣ ਲੱਗੀਆਂ

07:24 AM Jun 24, 2024 IST
ਗਰਮੀ ਕਾਰਨ ਸਬਜ਼ੀਆਂ ਦੀਆਂ ਵੇਲਾਂ ਸੁੱਕਣ ਲੱਗੀਆਂ
ਸਬਜ਼ੀ ਵਿਕਰੇਤਾ ਮੁਹੰਮਦ ਸ਼ਮਸ਼ਾਦ ਭਾਅ ’ਚ ਆਈ ਤੇਜ਼ੀ ਬਾਰੇ ਜਾਣਕਾਰੀ ਦਿੰਦਾ ਹੋਇਆ।
Advertisement

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 23 ਜੂਨ
ਕਹਿਰ ਦੀ ਗਰਮੀ ਦਾ ਅਸਰ ਸਬਜ਼ੀਆਂ ਦੀ ਪੈਦਾਵਾਰ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਅਤਿ ਦੀ ਗਰਮੀ ਅਤੇ ਲੂ ਕਾਰਨ ਕੱਦੂ, ਟੀਂਡੇ, ਤੋਰੀ, ਖੀਰਾ, ਕਰੇਲਾ,ਪੇਠਾ,ਤਰ, ਖੱਖੜੀ ਤੇ ਕਰੇਲੇ ਦੀਆਂ ਵੇਲਾਂ ਦੇ ਫੁੱਲ ਝੜਨ ਤੇ ਵੇਲਾਂ ਸੁੱਕਣ ਲੱਗ ਗਈਆਂ ਹਨ ਜਿਸ ਦੇ ਸਿੱਟੇ ਵਜੋਂ ਸਬਜ਼ੀਆਂ ਦੀ ਪੈਦਾਵਾਰ ਘਟ ਗਈ ਹੈ। ਤਰਾਂ (ਕੱਕੜੀ) ਦੀਆਂ ਵੇਲਾਂ ਤਾਂ ਕਰੀਬ 90 ਫ਼ੀਸਦੀ ਸੁੱਕ ਗਈਆਂ ਹਨ। ਪੈਦਾਵਾਰ ਘਟਣ ਕਾਰਨ ਇਨ੍ਹਾਂ ਸਬਜ਼ੀਆਂ ਦੀਆਂ ਕੀਮਤਾਂ ਵਧ ਰਹੀਆਂ ਹਨ।
ਸਬਜ਼ੀ ਕਾਸ਼ਤਕਾਰ ਕੁਲਦੀਪ ਸਿੰਘ ਬਰੜਵਾਲ ਅਤੇ ਅਬਦੁੱਲ ਹਮੀਦ ਦਲੇਲਗੜ੍ਹ ਨੇ ਦੱਸਿਆ ਕਿ ਪਿਛਲੇ ਦਿਨੀਂ ਪਈ ਅੰਤਾਂ ਦੀ ਗਰਮੀ ਕਾਰਨ ਕੱਦੂ, ਟੀਂਡੇ, ਤੋਰੀ, ਖੀਰਾ, ਕਰੇਲਾ, ਪੇਠਾ, ਤਰ, ਖੱਖੜੀ ਤੇ ਕਰੇਲੇ ਆਦਿ ਦੀਆਂ ਵੇਲਾਂ ਦੇ ਫੁੱਲ ਝੜਨ ਅਤੇ ਵੇਲਾਂ ਸੁੱਕਣ ਕਾਰਨ ਸਬਜ਼ੀ ਦੀ ਪੈਦਾਵਾਰ ਘਟ ਗਈ ਹੈ,ਜਿਸ ਨਾਲ ਸਬਜ਼ੀ ਕਾਸ਼ਤਕਾਰਾਂ ਨੂੰ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ।
ਸਬਜ਼ੀ ਵਿਕਰੇਤਾ ਮੁਹੰਮਦ ਸ਼ਮਸ਼ਾਦ ਨੇ ਦੱਸਿਆ ਕਿ ਸਬਜ਼ੀ ਮੰਡੀ ’ਚ ਸਬਜ਼ੀ ਦੀ ਮੰਗ ਅਨੁਸਾਰ ਆਮਦ ਘਟ ਗਈ ਹੈ, ਜਿਸ ਕਾਰਨ ਸਬਜ਼ੀਆਂ ਦੇ ਭਾਅ ’ਚ ਤੇਜ਼ੀ ਆਈ ਹੈ। ਸਬਜ਼ੀਆਂ ਮਹਿੰਗੀਆਂ ਹੋਣ ਕਾਰਨ ਖ਼ਰੀਦਦਾਰਾਂ ਦੀ ਗਿਣਤੀ ਘਟ ਗਈ ਹੈ। ਉਨ੍ਹਾਂ ਦੀਆਂ ਅੱਧੀਆਂ ਸਬਜ਼ੀਆਂ ਹੀ ਵਿਕਦੀਆਂ ਹਨ, ਬਾਕੀ ਗਰਮੀ ਕਾਰਨ ਖ਼ਰਾਬ ਹੋ ਜਾਂਦੀਆਂ ਹਨ। ਪਹਿਲਾਂ ਮੌਸਮ ਸਾਜ਼ਗਾਰ ਹੋਣ ਕਾਰਨ ਸਬਜ਼ੀਆਂ ਚਾਰ-ਪੰਜ ਦਿਨ ਖ਼ਰਾਬ ਨਹੀਂ ਹੁੰਦੀਆਂ ਸਨ। ਹੁਣ ਸਬਜ਼ੀਆਂ ਉਪਰ ਗਿੱਲੀ ਬੋਰੀ ਪਾ ਕੇ ਜਾਂ ਪਾਣੀ ਛਿੜਕ ਕੇ ਸੁਰੱਖਿਅਤ ਰੱਖਿਆ ਜਾਂਦਾ ਹੈ ਪਰ ਫਿਰ ਵੀ ਸਬਜ਼ੀਆਂ ਖ਼ਰਾਬ ਹੋ ਜਾਂਦੀਆਂ ਹਨ। ਉਸ ਨੇ ਦੱਸਿਆ ਕਿ ਇਸ ਵਕਤ ਮੰਡੀ ਵਿੱਚ ਟੀਂਡੇ 100 ਰੁਪਏ ਪ੍ਰਤੀ ਕਿੱਲੋ, ਕੱਦੂ 70 ਰੁਪਏ, ਖੀਰਾ 60 ਰੁਪਏ, ਪੇਠਾ 40 ਰੁਪਏ, ਸ਼ਿਮਲਾ ਮਿਰਚ 100 ਰੁਪਏ, ਕਰੇਲਾ, 40 ਰੁਪਏ, ਅਰਬੀ 60 ਰੁਪਏ, ਚਕੰਦਰ 50 ਰੁਪਏ, ਹਰਾ ਧਨੀਆ 200 ਰੁਪਏ,ਨਿੰਬੂ 100 ਰੁਪਏ, ਅਦਰਕ 250 ਰੁਪਏ, ਲਸਣ 250 ਰੁਪਏ, ਆਲੂ 30 ਰੁਪਏ , ਪਿਆਜ਼ 50 ਰੁਪਏ, ਗੋਭੀ 50 ਰੁਪਏ ਪ੍ਰਤੀ ਕਿੱਲੋ ਵਿਕ ਰਹੀ ਹੈ। ਸਬਜ਼ੀ ਖ਼ਰੀਦਣ ਆਈ ਕਰਮਜੀਤ ਕੌਰ ਰਾਣਵਾਂ ਨੇ ਕਿਹਾ ਕਿ ਸਬਜ਼ੀ ਦੀਆਂ ਵਧੀਆਂ ਕੀਮਤਾਂ ਨੇ ਰਸੋਈ ਦਾ ਬਜਟ ਹਿਲਾ ਦਿੱਤਾ ਹੈ। ਆੜ੍ਹਤੀਆ ਮੁਹੰਮਦ ਯਾਮੀਨ ਨੇ ਦੱਸਿਆ ਕਿ ਗਰਮੀ ਕਾਰਨ ਸਬਜ਼ੀ ਮੰਡੀ ਵਿੱਚ ਸਬਜ਼ੀਆਂ ਦੀ ਆਮਦ 50 ਫ਼ੀਸਦੀ ਘਟ ਗਈ ਹੈ,ਜਿਸ ਨਾਲ ਉਨ੍ਹਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋਇਆ ਹੈ।
ਪੱਲੇਦਾਰ ਤਾਹਿਰ ਖਾਂ ਨੇ ਦੱਸਿਆ ਕਿ ਮੰਡੀ ‘ਚ ਸਬਜ਼ੀਆਂ ਦੀ ਆਮਦ ਘਟਣ ਨਾਲ ਪੱਲੇਦਾਰਾਂ ਨੂੰ ਮਜ਼ਦੂਰੀ ਵੀ ਘਟ ਬਣ ਰਹੀ ਹੈ।

Advertisement

Advertisement
Advertisement
Author Image

Advertisement