ਰੰਜਿਸ਼ ਕਾਰਨ ਤਿੰਨ ਰੇਹੜੀਆਂ ਨੂੰ ਅੱਗ ਲੱਗੀ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਅਕਤੂਬਰ
ਇੱਥੇ ਜਮਾਲਪੁਰ ਦੇ ਤ੍ਰਿਕੋਣੀ ਪਾਰਕ ਨੇੜੇ ਬਣੀ ਚੌਪਾਟੀ ’ਤੇ ਖੜ੍ਹੀਆਂ ਤਿੰਨ ਰੇਹੜੀਆਂ ਨੂੰ ਦੇਰ ਰਾਤ ਅੱਗ ਲੱਗ ਗਈ। ਦੋਸ਼ ਲਾਇਆ ਜਾ ਰਿਹਾ ਹੈ ਕਿ ਗੁਆਂਢੀ ਨੇ ਰੰਜਿਸ਼ ਕਾਰਨ ਤਿੰਨ ਫਾਸਟ ਫੂਡ ਰੇਹੜੀਆਂ ਨੂੰ ਅੱਗ ਲਗਾ ਦਿੱਤੀ ਜਿਸ ਦੌਰਾਨ ਦੋ ਸਿਲੰਡਰਾਂ ਵਿੱਚ ਧਮਾਕਾ ਹੋ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਸਾਰੀਆਂ ਰੇਹੜੀਆਂ ਸੜ ਗਈਆਂ ਅਤੇ ਸਿਲੰਡਰ ਵੀ ਫਟ ਗਏ, ਪਰ ਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ।ਇਸ ਦੌਰਾਨ ਸਵੇਰੇ ਤੜਕੇ ਤਿੰਨ ਵਜੇ ਜਦੋਂ ਅਖਬਾਰ ਸਪਲਾਇਰ ਅਖ਼ਬਾਰ ਲੈਣ ਜਾ ਰਿਹਾ ਸੀ ਤਾਂ ਉਸ ਨੇ ਰੇਹੜੀਆਂ ਸੜੀਆਂ ਦੇਖ ਕੇ ਰੇਹੜੀ ਮਾਲਕ ਨੂੰ ਫ਼ੋਨ ਕੀਤਾ। ਜਦੋਂ ਤੱਕ ਉਹ ਪਹੰਚਿਆ, ਉਦੋਂ ਤੱਕ ਸਭ ਕੁਝ ਸੜ ਚੁੱਕਿਆ ਸੀ ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ। ਰੇਹੜੀ ਵਾਲਿਆਂ ਨੇ ਦੋਸ਼ ਲਾਇਆ ਕਿ ਗੁਆਂਢੀ ਨੇ ਰੇਹੜੀਆਂ ਨੂੰ ਅੱਗ ਲਾਈ ਹੈ। ਥਾਣਾ ਡਿਵੀਜ਼ਨ 7 ਦੀ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਸਿਮਰਨ ਨੇ ਦੱਸਿਆ ਕਿ ਬ੍ਰਦਰਜ਼ ਫੂਡ ਪੁਆਇੰਟ ਦੇ ਨਾਂ ’ਤੇ ਤਿੰਨ ਰੇਹੜੀਆਂ ਚੌਪਾਟੀ ’ਤੇ ਲੱਗਦਆਂ ਹਨ। ਉਨ੍ਹਾਂ ਦੇ ਨਾਲ ਹੀ ਇੱਕ ਹੋਰ ਫੂਡ ਪੁਆਇੰਟ ਨਾਮ ਦੀ ਰੇਹੜੀ ਲੱਗਦੀ ਹੈ। ਇਹ ਰੇਹੜੀ ਇੱਕ ਔਰਤ ਅਤੇ ਉਸਦਾ ਬੱਚਾ ਚਲਾ ਰਿਹਾ ਹੈ। ਉਸ ਔਰਤ ਦਾ ਪਤੀ ਅਕਸਰ ਸ਼ਰਾਬ ਪੀ ਕੇ ਚੌਪਾਟੀ ’ਤੇ ਹੰਗਾਮਾ ਕਰਦਾ ਰਹਿੰਦਾ ਹੈ। ਦੇਰ ਰਾਤ ਵੀ ਉਸੇ ਵਿਅਕਤੀ ਨੇ ਚੌਪਾਟੀ ’ਤੇ ਆਈਆਂ ਕੁਝ ਔਰਤਾਂ ਦੇ ਸਾਹਮਣੇ ਸ਼ਰਾਬ ਦੇ ਨਸ਼ੇ ’ਚ ਲੋਕਾਂ ਨਾਲ ਬਦਸਲੂਕੀ ਕੀਤੀ। ਜਦੋਂ ਉਸ ਨੂੰ ਰੋਕਿਆ ਗਿਆ ਤਾਂ ਗੁੱਸੇ ਵਿੱਚ ਆਏ ਵਿਅਕਤੀ ਨੇ ਹੰਗਾਮਾ ਕਰ ਦਿੱਤਾ। ਸਿਮਰਨ ਨੇ ਦੱਸਿਆ ਕਿ ਰਾਤ ਨੂੰ ਹੰਗਾਮਾ ਹੋਣ ਕਾਰਨ ਉਹ ਰੇਹੜੀ ਤੋਂ ਸਿਲੰਡਰ ਅਤੇ ਹੋਰ ਸਾਮਾਨ ਘਰ ਨਹੀਂ ਲੈ ਕੇ ਜਾ ਸਕਿਆ। ਉਹ ਪੁਲੀਸ ਚੌਕੀ ਵਿੱਚ ਉਸ ਵਿਅਕਤੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣ ਚਲਾ ਗਿਆ। ਇਸ ਦੌਰਾਨ ਦੇਰ ਰਾਤ ਅਚਾਨਕ ਰੇਹੜੀ ਨੂੰ ਅੱਗ ਲੱਗ ਗਈ ਅਤੇ ਸਿਲੰਡਰ ਫਟ ਗਿਆ। ਸਿਮਰਨ ਅਨੁਸਾਰ ਉਸ ਦਾ ਡੇਢ ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਪੁਲੀਸ ਵੱਲੋਂ ਮਾਮਲੇ ਦੀ ਜਾਂਚ ਜਾਰੀ
ਥਾਣਾ ਡਿਵੀਜ਼ਨ ਨੰਬਰ 7 ਦੇ ਐੱਸਐੱਚਓ ਸਬ ਇੰਸਪੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਗੁਆਂਢੀ ਰੇਹੜੀ ਵਾਲੇ ਨੂੰ ਬੁਲਾਇਆ ਗਿਆ ਪਰ ਉਹ ਫ਼ਰਾਰ ਹੈ। ਪੁਲੀਸ ਵੱਲੋਂ ਅਗਲੇਰੀ ਕਾਰਵਾਈ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।