ਚੋਣ ਪ੍ਰਕਿਰਿਆ ਢਿੱਲੀ ਤੇ ਗੁੰਝਲਦਾਰ ਹੋਣ ਕਾਰਨ ਉਮੀਦਵਾਰ ਭੂੰਬਲਭੂਸੇ ’ਚ
ਬਲਵਿੰਦਰ ਸਿੰਘ ਭੰਗੂ
ਭੋਗਪੁਰ, 29 ਸਤੰਬਰ
ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਬਲਾਕ ਭੋਗਪੁਰ ਦੇ ਪਿੰਡਾਂ ਵਿਚ ਸਰਪੰਚ ਅਤੇ ਪੰਚ ਬਣਨ ਲਈ ਕਾਫੀ ਉਤਸੁਕਤਾ ਦਿਖਾਈ ਦੇ ਰਹੀ ਹੈ ਪਰ ਚੋਣ ਕਰਾਉਣ ਦੀ ਪ੍ਰਕਿਰਿਆ ਢਿੱਲੀ ਅਤੇ ਗੁੰਝਲਦਾਰ ਹੋਣ ਕਰਕੇ ਚੋਣ ਲੜਨ ਵਾਲੇ ਉਮੀਦਵਾਰ ਭੰਬਲਭੂਸੇ ਵਿੱਚ ਪਏ ਹੋਏ ਹਨ। ਕਈ ਬਲਾਕਾਂ ਵਿੱਚ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਅਜੇ ਤੱਕ ਵੋਟਰ ਸੂਚੀਆਂ ਹੀ ਨਹੀਂ ਪ੍ਰਾਪਤ ਹੋ ਰਹੀਆਂ। ਜਿਹੜੇ ਦੋ-ਚਾਰ ਸਰਕਾਰੀ ਮੁਲਾਜ਼ਮ ਦਫ਼ਤਰ ਵਿੱਚ ਬੈਠੇ ਹਨ ਉਹ ਕਹਿ ਰਹੇ ਹਨ ਉਨ੍ਹਾਂ ਦੇ ਵਿਭਾਗ ਦੇ ਲੋਕਤੰਤਰੀ ਪ੍ਰਤੀਨਿਧ ਦੀ ਚੋਣ ਹੋ ਰਹੀ ਹੈ, ਇਸ ਲਈ ਉਹ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਤੋਂ ਬਾਹਰ ਹਨ। ਕਾਂਗਰਸੀ ਆਗੂ ਸਰਬਜੀਤ ਸਿੰਘ ਭਟਨੂਰਾ, ਜਤਿੰਦਰ ਸਿੰਘ ਚਮਿਆਰੀ, ਨੰਬਰਦਾਰ ਜਰਨੈਲ ਸਿੰਘ ਲੜੋਈ ਅਤੇ ਬਲਜਿੰਦਰ ਸਿੰਘ ਸਾਬੀ ਜਮਾਲਪੁਰ ਨੇ ਦੱਸਿਆ ਕਿ ਸਰਕਾਰ ਨੇ ਰਾਖਵਾਂਕਰਨ ਦੀ ਨੀਤੀ ਲਈ ਜ਼ਿਲ੍ਹੇ ਦੀ ਬਜਾਏ ਬਲਾਕ ਨੂੰ ਇਕਾਈ ਬਣਾ ਕੇ ਸੱਤਾਧਾਰੀਆਂ ਨੂੰ ਮਨਮਰਜ਼ੀਆਂ ਤੇ ਧਾਂਦਲੀਆਂ ਕਰਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਮਹਾਰਿਸ਼ੀ ਵਾਲਮੀਕਿ ਜੀ ਦਾ ਪ੍ਰਕਾਸ਼ ਉਤਸਵ ਪੰਚਾਇਤੀ ਚੋਣਾਂ ਦੌਰਾਨ ਆਉਣ ਕਾਰਨ ਅਤੇ ਝੋਨੇ ਦਾ ਸੀਜ਼ਨ ਹੋਣ ਕਰਕੇ ਵੀ ਪੰਚਾਇਤੀ ਚੋਣਾਂ ਅੱਗੇ ਪਾਉਣੀਆਂ ਚਾਹੀਦੀਆਂ ਹਨ। ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਪੰਚਾਇਤੀ ਚੋਣਾਂ ਕਰਵਾ ਰਹੀ ਹੈ, ਲੱਗਦਾ ਹੈ ਕਿ ਇਨ੍ਹਾਂ ਚੋਣਾਂ ਵਿੱਚ ‘ਆਪ’ ਆਗੂ ਵੱਡੇ ਪੱਧਰ ’ਤੇ ਧੱਕੇਸ਼ਾਹੀ ਅਤੇ ਧਾਂਦਲੀਆਂ ਕਰਨਗੇ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ‘ਆਪ’ ਆਗੂ ਜੀਤ ਲਾਲ ਭੱਟੀ ਨੇ ਕਿਹਾ ਕਿ ਚੋਣਾਂ ਪਾਰਦਰਸ਼ੀ ਢੰਗ ਨਾਲ ਕਰਾਉਣ ਦਾ ਪ੍ਰਬੰਧ ਕੀਤਾ ਗਿਆ ਹੈ।