ਝਗੜੇ ਕਾਰਨ ਪਿੰਡ ਧੰਨੇ ਦਾ ਚੋਣ ਨਤੀਜਾ ਰੋਕਿਆ
ਦਲਬੀਰ ਸੱਖੋਵਾਲੀਆ
ਬਟਾਲਾ, 16 ਅਕਤੂਬਰ
ਪਿੰਡ ਧੰਨੇ ’ਚ ਪੰਚਾਇਤੀ ਚੋਣਾਂ ਸਮੇਂ ਹੋਏ ਝਗੜੇ ਦੌਰਾਨ ਪੋਲਿੰਗ ਸਟਾਫ ਨੂੰ ਕੁਝ ਸਮੇਂ ਤੱਕ ਕਮਰੇ ’ਚ ਡੱਕੀ ਰੱਖਿਆ। ਮੌਕੇ ’ਤੇ ਪੁਲੀਸ ਨੇ ਪੋਲਿੰਗ ਸਟਾਫ ਨੂੰ ਮੁਕਤ ਕਰਵਾਇਆ। ਇਸ ਪਿੰਡ ਦਾ ਚੋਣ ਨਤੀਜਾ ਹਾਲ ਦੀ ਘੜੀ ਰੋਕ ਲਿਆ ਗਿਆ ਹੈ। ਇਸੇ ਤਰ੍ਹਾਂ ਪਿੰਡ ਨਿੱਕੋ ਸਰਾਏ ’ਚ ਜਾਅਲੀ ਵੋਟਾ ਨੂੰ ਲੈ ਕੇ ‘ਆਪ’ ਤੇ ਕਾਂਗਰਸ ਪੱਖੀ ਵਰਕਰਾਂ ’ਚ ਬਹਿਸ ਹੋਈ। ਜ਼ਿਲ੍ਹਾ ਪੁਲੀਸ ਬਟਾਲਾ ਅਧੀਨ ਆਉਂਦੇ ਇੱਕ ਦੋ ਪਿੰਡਾਂ ’ਚ ਛੋਟੇ-ਛੋਟੇ ਝਗੜੇ ਵੀ ਹੋਏ ਜਦੋਂ ਕਿ ਪਿੰਡਾਂ ਦੇ ਲੋਕਾਂ ਨੇ ਆਪੋ-ਆਪਣੇ ਪਿੰਡ ਦੀ ਪੰਚਾਇਤ ਚੁਣੀ।
ਪਿੰਡ ਬਿਸ਼ਨਕੋਟ ਦਾ ਸਰਪੰਚ ਸੁਰਜੀਤ ਸਿੰਘ ਚੁਣਿਆ ਗਿਆ ਜਦੋਂ ਕਿ ਭਿਖਾਰੀਵਾਲ ਪਿੰਡ ’ਚ ਜਗਜੀਤ ਸਿੰਘ 95 ਵੋਟਾਂ ਨਾਲ ਜੇਤੂ ਰਿਹਾ। ਪਿੰਡ ਥਿੰਦ ਤੋਂ ਸਰਵਣ ਸਿੰਘ 147 ਵੋਟਾਂ ਦੇ ਫਰਕ ਨਾਲ ਜੇਤੂ ਰਿਹਾ। ਹਲਕਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਜੀਓ ਜੁਲਾਈ ਤੋਂ ਸੁਬੇਗ ਸਿੰਘ, ਪਿੰਡ ਪਿੰਡੀਆ ਤੋਂ ਰਵੇਲ ਸਿੰਘ ਅਤੇ ਪਿੰਡ ਅਲਾਵਲਪੁਰ ਦੀ ਬੀਬੀ ਮਹਿੰਦਰ ਕੌਰ ਜੇਤੂ ਰਹੀ। ਇਸੇ ਹਲਕੇ ਦੇ ਪਿੰਡ ਹਕੀਮਪੁਰ ਤੋਂ ਅਵਤਾਰ ਸਿੰਘ ਲਾਡੀ, ਪਿੰਡ ਖ਼ੁਸ਼ੀਪੁਰ ਤੋਂ ਡਾਕਟਰ ਬਲਬੀਰ ਸਿੰਘ, ਪਿੰਡ ਮਸਤਕੋਟ ਤੋਂ ਸੁਖਵਿੰਦਰ ਸਿੰਘ ਸੁੱਖਾ, ਪਿੰਡ ਵਡਾਲਾ ਬਾਂਗਰ ਤੋਂ ਬੂਟਾ ਸਿੰਘ, ਪਿੰਡ ਬੱਚਾ ਨੰਗਲ ਤੋਂ ਸਰਬਜੀਤ ਕੌਰ ਜੋ ਸ਼੍ਰੀ ਗੁਰੂ ਹਰਿਿਸ਼ਨ ਸਕੂਲ ਮੱਲ੍ਹਿਆਵਾਲ ’ਚ ਅਧਿਆਪਿਕਾ ਹੈ, ਜੇਤੂ ਰਹੀ।