ਕਾਂਗੜ-ਦੀਨਾ ਸਾਹਿਬ ਸੜਕ ਦੀ ਖਸਤਾ ਹਾਲਤ ਕਾਰਨ ਰਾਹਗੀਰ ਪ੍ਰੇਸ਼ਾਨ
ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 6 ਜੁਲਾਈ
ਪਿੰਡ ਕਾਂਗੜ ਤੋਂ ਦੀਨਾ ਸਾਹਿਬ ਤੱਕ ਦੀ ਸੜਕ ਦਾ ਬੁਰਾ ਹਾਲ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਨ੍ਹਾਂ ਦਾ ਹੁਣ ਇਸ ਸੜਕ ਤੋਂ ਲੰਘਣਾ ਮੁਹਾਲ ਹੋ ਗਿਆ ਹੈ। ਇਸ ਸੜਕ ਦੀ ਪਿਛਲੇ ਲੰਬੇ ਸਮੇਂ ਤੋਂ ਮੁਰੰਮਤ ਨਾ ਹੋਣ ਕਰਕੇ ਇਲਾਕਾ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਥੇ ਵਿਸ਼ੇਸ਼ ਤੌਰ ‘ਤੇ ਜ਼ਿਕਰਯੋਗ ਹੈ ਕਿ ਇਹ ਸੜਕ 10 ਅਪਰੈਲ, 1973 ਨੂੰ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਦੇ ਯਤਨਾਂ ਸਦਕਾ ਬਣਾਏ ਗਏ ਇਤਿਹਾਸਕ ਗੁਰੂ ਗੋਬਿੰਦ ਸਿੰਘ ਮਾਰਗ ਦਾ ਅਹਿਮ ਹਿੱਸਾ ਹੈ ਅਤੇ ਕਾਂਗੜ ਅਤੇ ਦੀਨਾ ਸਾਹਿਬ ਵਿਖੇ ਸਥਿੱਤ ਮਾਲਵੇ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਇਸ ਸੜਕ ’ਤੇ ਪੈਂਦੇ ਹਨ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਸੜਕ ’ਤੇ ਪਿੰਡ ਕਾਂਗੜ ਅਤੇ ਦੀਨਾ ਸਾਹਿਬ ਕੋਲ ਜਗ੍ਹਾ-ਜਗ੍ਹਾ ਵੱਡੇ ਟੋਏ ਪਏ ਹੋਏ ਹਨ ਜੋ ਬੀਤੇ ਦਿਨੀਂ ਹੋਈ ਬਾਰਿਸ਼ ਦੇ ਪਾਣੀ ਨਾਲ ਭਰ ਕੇ ਚਿੱਕੜ ਦਾ ਵੱਡਾ ਰੂਪ ਧਾਰਨ ਕਰ ਗਏ ਹਨ ਜਿਸ ਕਾਰਨ ਇਸ ਮਾਰਗ ਤੋਂ ਲੰਘਣ ਵਾਲੇ ਵਾਹਨ ਖ਼ਾਸ ਕਰਕੇ ਦੋ ਪਹੀਆ ਵਾਹਨ ਤਿਲਕ ਕੇ ਆਪਣਾ ਸੰਤੁਲਨ ਖੋਹ ਬੈਠਦੇ ਹਨ। ਲੋਕਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਸੜਕ ਨੂੰ ਠੀਕ ਕਰਨ ਲਈ ਕਿਸੇ ਵੀ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ। ਇਲਾਕੇ ਦੇ ਪੰੰਚਾਂ-ਸਰਪੰਚਾਂ ਅਤੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਤਿਹਾਸਕ ਗੁਰੂ ਗੋਬਿੰਦ ਸਿੰਘ ਮਾਰਗ ਨਾਲ ਸਬੰਧਿਤ ਇਸ ਸੜਕ ਦੀ ਤਰੁੰਤ ਮੁਰੰਮਤ ਕਰਵਾ ਕੇ ਉਨ੍ਹਾਂ ਨੂੰ ਇਸ ਮੁਸ਼ਕਿਲ ਤੋਂ ਨਿਜਾਤ ਦਿਵਾਈ ਜਾਵੇ।