ਨਹਿਰੀ ਪਾਣੀ ਦੀ ਬੰਦੀ ਕਾਰਨ ਬਰੇਟਾ ਖੇਤਰ ਦੇ ਲੋਕ ਪਾਣੀ ਨੂੰ ਤਰਸੇ
ਪੱਤਰ ਪ੍ਰੇਰਕ
ਬਰੇਟਾ, 25 ਨਵੰਬਰ
ਪਿਛਲੇ ਇੱਕ ਮਹੀਨੇ ਤੋਂ ਚੱਲ ਰਹੀ ਨਹਿਰੀ ਬੰਦੀ ਕਾਰਨ ਪੀਣ ਵਾਲੇ ਪਾਣੀ ਦਾ ਵੱਡਾ ਸੰਕਟ ਪੈਦਾ ਹਣ ਕਰਕੇ ਲੋਕਾਂ ਦਾ ਜਿਉਣਾ ਮੁਹਾਲ ਹੋ ਗਿਆ ਹੈ ਕਿਉਂਕਿ ਇਸ ਇਲਾਕੇ ਦੇ ਸਾਰੇ ਵਾਟਰ ਵਰਕਸ ਜੋ ਕਿ ਬੋਹਾ ਰਜਬਾਹੇ ’ਤੇ ਹੀ ਨਿਰਭਰ ਹਨ ਦੇ ਪਾਣੀ ਸਟੋਰ ਕਰਨ ਵਾਲੇ ਟੈਂਕ ਪਾਣੀ ਤੋਂ ਸੱਖਣੇ ਹੋ ਗਏ ਹਨ। ਲੋਕਾਂ ਨੂੰ ਮਜਬੂਰਨ ਧਰਤੀ ਹੇਠਲਾ ਮਾੜਾ ਪਾਣੀ ਪੀ ਕੇ ਆਪਣੀ ਪਿਆਸ ਬਝਾਉਣੀ ਪੈ ਰਹੀ ਹੈ। ਧਰਤੀ ਹੇਠਲਾ ਪਾਣੀ ਜੋ ਕਿ ਸਿਹਤ ਲਈ ਬੇਹੱਦ ਹਾਨੀਕਾਰਕ ਹੈ ਨੂੰ ਪੀ ਕੇ ਲੋਕ ਦੰਦਾਂ, ਪੇਟ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਪਰ ਪ੍ਰਸ਼ਾਸ਼ਨ ਇਸ ਵੱਲ ਜ਼ਰਾ ਵੀ ਧਿਆਨ ਨਹੀਂ ਕਰ ਰਿਹਾ। ਵਾਟਰ ਵਰਕਸਾਂ ਵਿੱਚ ਸਿਰਫ ਕੁਝ ਦਿਨਾਂ ਲਈ ਪਾਣੀ ਨੂੰ ਸਟੋਰ ਕਰਕੇ ਰੱਖਿਆ ਜਾਂਦਾ ਹੈ ਪਰ ਨਹਿਰ ਵਿੱਚ ਪਾਣੀ ਖਤਮ ਹੋਇਆਂ ਨੂੰ ਇੱਕ ਮਹੀਨੇ ਤੋਂ ਉੱਪਰ ਹੋ ਚੁੱਕਿਆ ਹੈ ਜਿਸ ਕਰਕੇ ਵਾਟਰ ਵਰਕਸਾਂ ਵਿੱਚ ਨਹਿਰੀ ਪਾਣੀ ਬਿੱਲਕੁਲ ਖਤਮ ਹੋ ਚੁੱਕਿਆ ਹੈ।ਲੋਕਾਂ ਦਾ ਕਹਿਣਾ ਹੈ ਕਿ ਧਰਤੀ ਹੇਠਲਾ ਪਾਣੀ ਨੂੰ ਪਸ਼ੂ ਵੀ ਮੂੰਹ ਨਹੀਂ ਲਾਉਂਦੇ ਪਰ ਉਨ੍ਹਾਂ ਨੂੰ ਇਹ ਪਾਣੀ ਵਰਤਣਾ ਪੈ ਰਿਹਾ ਹੈ। ਦੂਜੇ ਪਾਸੇ ਕਣਕ ਦੀ ਫਸਲ ਨੂੰ ਪਹਿਲਾ ਪਾਣੀ ਦੇਣ ਦਾ ਸਮਾਂ ਹੋਣ ਕਰਕੇ ਖੇਤਾਂ ਨੂੰ ਨਹਿਰੀ ਪਾਣੀ ਦੀ ਵੱਡੀ ਲੋੜ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰੀ ਪਾਣੀ ਦੀ ਘਾਟ ਕਾਰਨ ਕਣਕ ਦੇ ਝਾੜ ਉੱਪਰ ਮਾੜਾ ਅਸਰ ਪਵੇਗਾ।
ਕੰਮ ਚੱਲਦਾ ਹੋਣ ਕਾਰਨ ਨਹਿਰੀ ਬੰਦੀ: ਐੱਸਡੀਓ
ਨਹਿਰੀ ਵਿਭਾਗ ਦੇ ਉਪ ਮੰਡਲ ਅਫਸਰ ਗੁਰਜੀਤ ਸਿੰਘ ਨੇ ਦੱਸਿਆ ਕਿ ਨਹਿਰ ਵਿੱਚ ਕਈਂ ਥਾਂਵਾਂ ’ਤੇ ਕੰਮ ਚੱਲਣ ਕਰਕੇ ਪਾਣੀ ਦੀ ਬੰਦੀ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਕੁਝ ਦਿਨਾਂ ਤੱਕ ਰਜਬਾਹੇ ਵਿੱਚ ਪਾਣੀ ਆ ਜਾਵੇਗਾ।