For the best experience, open
https://m.punjabitribuneonline.com
on your mobile browser.
Advertisement

ਗੁਲਾਬੀ ਸੁੰਡੀ ਦੇ ਹਮਲੇ ਕਾਰਨ ਨਰਮਾ ਪੁੱਟਣ ਲੱਗੇ ਕਿਸਾਨ

07:14 AM Oct 01, 2023 IST
ਗੁਲਾਬੀ ਸੁੰਡੀ ਦੇ ਹਮਲੇ ਕਾਰਨ ਨਰਮਾ ਪੁੱਟਣ ਲੱਗੇ ਕਿਸਾਨ
ਜੰਡਵਾਲਾ ਭੀਮੇਸ਼ਾਹ ਵਿੱਚ ਨਰਮੇ ਦੀ ਫ਼ਸਲ ਪੁੱਟਦਾ ਹੋਇਆ ਕਿਸਾਨ ਗੁਰਤੇਜ ਸਿੰਘ।
Advertisement

ਪਰਮਜੀਤ ਸਿੰਘ
ਫ਼ਾਜ਼ਿਲਕਾ, 30 ਸਤੰਬਰ
ਜ਼ਿਲ੍ਹੇ ਦੇ ਪਿੰਡ ਜੰਡਵਾਲਾ ਭੀਮੇਸ਼ਾਹ ਅਤੇ ਨੇੜਲੇ ਪਿੰਡਾਂ ਦੇ ਨਰਮਾ ਉਤਪਾਦਕ ਕਿਸਾਨ ਫ਼ਸਲ ’ਤੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਨਿਰਾਸ਼ ਹਨ। ਜ਼ਿਲ੍ਹੇ ਵਿਚ ਇਸ ਵਾਰ 90 ਹਜ਼ਾਰ ਹੈਕਟੇਅਰ ਵਿੱਚ ਨਰਮੇ ਦੀ ਬਿਜਾਈ ਹੋਈ ਸੀ ਪਰ ਕਈ ਖੇਤਾਂ ’ਚ ਪਹਿਲੀ ਚੁਗਾਈ ਵੇਲੇ ਹੀ ਗੁਲਾਬੀ ਸੁੰਡੀ ਦਾ ਹਮਲਾ ਹੋ ਗਿਆ। ਗੁਲਾਬੀ ਸੁੰਡੀ ਦੇ ਹਮਲੇ ਕਾਰਨ ਕਈ ਕਿਸਾਨਾਂ ਨੂੰ ਫ਼ਸਲ ਪੁੱਟਣ ਅਤੇ ਵਹਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪਿੰਡ ਜੰਡਵਾਲਾ ਭੀਮੇਸ਼ਾਹ ਦੇ ਕਿਸਾਨ ਗੁਰਤੇਜ ਸਿੰਘ ਨੇ ਦੱਸਿਆ ਕਿ ਉਸ ਨੇ ਚਾਰ ਏਕੜ ਜ਼ਮੀਨ ਠੇਕੇ ’ਤੇ ਲੈ ਕੇ ਨਰਮੇ ਦੀ ਬਿਜਾਈ ਕੀਤੀ ਸੀ, ਜਿਸ ’ਤੇ ਹੁਣ ਤੱਕ 70 ਹਜ਼ਾਰ ਰੁਪਏ ਤੱਕ ਖਰਚਾ ਆ ਚੁੱਕਾ ਹੈ। ਉਸ ਨੇ 55 ਹਜ਼ਾਰ ਦੀਆਂ ਸਪ੍ਰੇਆਂ ਹੀ ਕਰ ਦਿੱਤੀਆਂ। ਪਰ ਮਹਿੰਗੀਆਂ ਸਪ੍ਰੇਆਂ ਵੀ ਗੁਲਾਬੀ ਸੁੰਡੀ ਨੂੰ ਰੋਕਣ ਵਿਚ ਕਾਮਯਾਬ ਨਹੀਂ ਹੋ ਸਕੀਆਂ। ਉਸ ਨੇ ਦੱਸਿਆ ਕਿ ਤਿੰਨ ਸਾਲਾਂ ਤੋਂ ਉਹ ਫ਼ਸਲਾਂ ’ਤੇ ਹੋ ਰਹੀਆਂ ਕੁਦਰਤੀ ਕਰੋਪੀਆਂ ਦਾ ਸ਼ਿਕਾਰ ਹੋ ਰਿਹਾ ਹੈ। ਉਸ ਦੇ ਸਿਰ ਆੜ੍ਹਤੀਆਂ ਦਾ ਕਰੀਬ ਢਾਈ ਤਿੰਨ ਲੱਖ ਤੋਂ ਜ਼ਿਆਦਾ ਦਾ ਕਰਜ਼ਾ ਚੜ੍ਹ ਗਿਆ ਹੈ। ਕਿਸਾਨ ਨੇ ਦੱਸਿਆ ਕਿ ਪਹਿਲਾਂ ਕਣਕ ਦੀ ਫ਼ਸਲ ਦਾ ਤੇਲੇ ਨੇ ਨੁਕਸਾਨ ਕੀਤਾ ਸੀ ਹੁਣ ਰਹਿੰਦੀ ਕਸਰ ਗੁਲਾਬੀ ਸੁੰਡੀ ਨੇ ਕੱਢ ਦਿੱਤੀ ਹੈ। ਕਿਸਾਨ ਨੇ ਦੱਸਿਆ ਕਿ ਇਸ ਖੇਤਰ ਵਿਚ ਵੱਡੇ ਪੱਧਰ ’ਤੇ ਗੁਲਾਬੀ ਸੁੰਡੀ ਦਾ ਹਮਲਾ, ਜੋ ਰੁਕਣ ਦਾ ਨਾਂ ਨਹੀਂ ਲੈ ਰਿਹਾ। ਉਸ ਨੇ ਕਿਹਾ ਕਿ ਬੇਸ਼ੱਕ ਪੰਜਾਬ ਸਰਕਾਰ ਨੇ ਨਰਮੇ ਦੇ ਬੀਜ ਦੀ ਸਬਸਿਡੀ ਦੇ ਦਿੱਤੀ ਹੈ, ਪਰ ਉਹ ਕਾਫ਼ੀ ਨਹੀਂ ਹੈ। ਇੱਥੋਂ ਤੱਕ ਕਿ ਪਿਛਲੇ ਸਾਲ ਦੀ ਹੋਈ ਗਿਰਦਾਵਰੀ ਦਾ ਮੁਆਵਜ਼ਾ ਅਜੇ ਤੱਕ ਨਹੀਂ ਮਿਲਿਆ। ਖੇਤਰ ਦੇ ਹੋਰ ਕਿਸਾਨਾਂ ਨੇ ਦੱਸਿਆ ਕਿ ਨਰਮੇ ਦੀ ਪਹਿਲੀ ਚੁਗਾਈ ਤੋਂ ਸਿਰਫ਼ 3-4 ਮਣ ਝਾੜ ਹੀ ਨਿਕਲ ਰਿਹਾ ਹੈ। ਦੂਜੀ ਚੁਗਾਈ ਦਾ ਤਾਂ ਨਾਮੋ ਨਿਸ਼ਾਨ ਹੀ ਨਹੀਂ। ਪਹਿਲਾਂ ਲੱਗਦਾ ਸੀ ਕਿ ਇਸ ਵਾਰ ਬਪੰਰ ਫ਼ਸਲ ਹੋਵੇਗੀ ਪਰ ਫਿਰ ਗੁਲਾਬੀ ਸੁੰਡੀ ਦੀ ਮਾਰ ਪੈ ਗਈ ਹੈ। ਜਿਹੜੀ ਕਿ ਕਰੋੜਾਂ ਰੁਪਏ ਦਾ ਆਰਥਿਕ ਨੁਕਸਾਨ ਕਰ ਗਈ ਹੈ। ਕਿਸਾਨਾਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

Advertisement

Advertisement
Advertisement
Author Image

joginder kumar

View all posts

Advertisement