ਭਾਰਤ-ਕੈਨੇਡਾ ਸਬੰਧਾਂ ਵਿੱਚ ਤਣਾਅ ਕਾਰਨ ਪਾੜ੍ਹੇ ਤੇ ਮਾਪੇ ਪ੍ਰੇਸ਼ਾਨ
ਹਤਿੰਦਰ ਮਹਿਤਾ
ਜਲੰਧਰ, 20 ਸਤੰਬਰ
ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਦੋਸ਼ਾਂ ਕਾਰਨ ਭਾਰਤ ਅਤੇ ਕੈਨੇਡਾ ਦਰਮਿਆਨ ਵਧੇ ਤਣਾਅ ਦੇ ਮੱਦੇਨਜ਼ਰ ਆਗਾਮੀ ਜਨਵਰੀ ਵਿੱਚ ਕੈਨੇਡਾ ਜਾਣ ਲਈ ਵੀਜ਼ਾ ਪ੍ਰਵਾਨਗੀਆਂ ਦੀ ਉਡੀਕ ਕਰ ਰਹੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਚਿੰਤਤ ਨਜ਼ਰ ਆ ਰਹੇ ਹਨ। ਦੋਵਾਂ ਦੇਸ਼ਾਂ ਵੱਲੋਂ ਆਪਣੇ ਨਾਗਰਿਕਾਂ ਨੂੰ ਯਾਤਰਾ ਪ੍ਰਤੀ ਸਾਵਧਾਨ ਰਹਿਣ ਲਈ ਐਡਵਾਇਜ਼ਰੀ ਜਾਰੀ ਕਰਨ ਮਗਰੋਂ ਮਾਪਿਆਂ ਦੀ ਚਿੰਤਾ ਵਧ ਗਈ ਹੈ। ਇੱਥੇ ਪਿਰਾਮਿਡ ਈ-ਸਰਵਿਸਿਜ਼ ਵਿੱਚ ਕੈਨੇਡਾ ਲਈ ਸਟੱਡੀ ਵੀਜ਼ਾ ਅਪਲਾਈ ਕਰਨ ਵਾਲੇ ਇਮੀਗ੍ਰੇਸ਼ਨ ਏਜੰਟ ਸੁਨੀਲ ਨੇ ਦੱਸਿਆ ਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਮਾਪਿਆਂ ਅਤੇ ਵਿਦਿਆਰਥੀਆਂ ਵਿੱਚ ਘਬਰਾਹਟ ਹੈ ਤੇ ਉੁਹ ਲਗਾਤਾਰ ਦਫ਼ਤਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਮਾਪਿਆਂ ਦਾ ਖ਼ਦਸ਼ਾ ਹੈ ਕਿ ਅਜਿਹੇ ਹਾਲਾਤ ਵਿੱਚ ਉਨ੍ਹਾਂ ਵੀਜ਼ਾ ਰੱਦ ਹੋ ਸਕਦਾ ਹੈ। ਹਾਲਾਂਕਿ, ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਸਟੱਡੀ ਵੀਜ਼ਿਆਂ ’ਤੇ ਕੋਈ ਅਸਰ ਨਹੀਂ ਪੈ ਸਕਦਾ ਕਿਉਂਕਿ ਕੈਨੇਡਾ ਆਬਾਦੀ ਕਾਰਨ ਪੈਦਾ ਹੋਏ ਆਰਥਿਕ ਪਾੜੇ ਨੂੰ ਦੂਰ ਕਰਨ ਲਈ ਇਮੀਗ੍ਰੇਸ਼ਨ ’ਤੇ ਭਰੋਸਾ ਕਰ ਰਿਹਾ ਹੈ। ਇਕ ਹੋਰ ਇਮੀਗ੍ਰੇਸ਼ਨ ਏਜੰਟ ਜਤਿਨ ਨੇ ਮੰਨਿਆ ਕਿ ਦੋਵੇਂ ਦੇਸ਼ਾਂ ਦਰਮਿਆਨ ਪੈਦਾ ਹੋਏ ਤਣਾਅ ਕਾਰਨ ਵਿਦਿਆਰਥੀਆਂ ਦਾ ਨੁਕਸਾਨ ਹੋਣ ਦਾ ਡਰ ਹੈ। ਉਸ ਨੇ ਕਿਹਾ ਕਿ ਉਨ੍ਹਾਂ ਨੂੰ ਉਡੀਕ ਕਰਨੀ ਚਾਹੀਦੀ ਹੈ ਅਤੇ ਦੇਖਣਾ ਚਾਹੀਦਾ ਹੈ ਕਿ ਦੋਵੇਂ ਦੇਸ਼ ਭਵਿੱਖ ਵਿਚ ਇਸ ਸਥਿਤੀ ਨੂੰ ਕਿਵੇਂ ਨਜਿੱਠਦੇ ਹਨ। ਹੰਬਰ ਕਾਲਜ, ਟੋਰਾਂਟੋ ਵਿੱਚ ਲੇਖਾ ਪ੍ਰੋਗਰਾਮ ਲਈ ਅਪਲਾਈ ਕਰਨ ਵਾਲੀ ਜਲੰਧਰ ਦੀ ਵਿਦਿਆਰਥਣ ਮਨਮੀਤ ਕੌਰ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਉਸ ਨੂੰ ਏਜੰਟ ਨੇ ਭਰੋਸਾ ਦਿੱਤਾ ਹੈ ਕਿ ਅਜਿਹੇ ਵਿਚ ਵਿਦਿਆਰਥੀ ਵੀਜ਼ਾ ਪ੍ਰਣਾਲੀ ਪ੍ਰਭਾਵਿਤ ਨਹੀਂ ਹੋਵੇਗੀ ਪਰ ਉਹ ਵਧਦੇ ਤਣਾਅ ਕਾਰਨ ਚਿੰਤਤ ਹੈ। ਜਨਵਰੀ ਦੇ ਦਾਖ਼ਲੇ ਲਈ ਅਰਜ਼ੀ ਦੇਣ ਵਾਲੇ ਇੱਕ ਹੋਰ ਵਿਦਿਆਰਥੀ ਰਮਨਵੀਰ ਨੇ ਕਿਹਾ ਕਿ ਉਹ ਆਪਣੇ ਵੀਜ਼ੇ ਦੀ ਅਪਡੇਟ ਦੀ ਨੇੜਿਓਂ ਨਿਗਰਾਨੀ ਕਰ ਰਿਹਾ ਹੈ ਅਤੇ ਕੈਨੇਡਾ ਵਿੱਚ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਲਗਾਤਾਰ ਰਾਬਤੇ ਵਿਚ ਹੈ। ਉਨ੍ਹਾਂ ਅਨੁਸਾਰ ਸਭ ਕੁਝ ਆਮ ਵਾਂਗ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਸਟੱਡੀ ਵੀਜ਼ਾ ਜਾਂ ਸਥਾਈ ਨਿਵਾਸ ’ਤੇ ਕੋਈ ਪ੍ਰਭਾਵ ਨਹੀਂ ਪਵੇਗਾ।