For the best experience, open
https://m.punjabitribuneonline.com
on your mobile browser.
Advertisement

ਮੀਂਹ ਪੈਣ ਕਾਰਨ ਨੀਵੇਂ ਇਲਾਕਿਆਂ ’ਚ ਪਾਣੀ ਭਰਿਆ

08:24 AM Jul 07, 2024 IST
ਮੀਂਹ ਪੈਣ ਕਾਰਨ ਨੀਵੇਂ ਇਲਾਕਿਆਂ ’ਚ ਪਾਣੀ ਭਰਿਆ
ਲੁਧਿਆਣਾ ਵਿੱਚ ਵਰ੍ਹਦੇ ਮੀਂਹ ਦੌਰਾਨ ਮੋਟਰਸਾਈਕਲ ’ਤੇ ਜਾਂਦਾ ਹੋਇਆ ਰਾਹਗੀਰ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਗਗਨਦੀਪ ਅਰੋੜਾ
ਲੁਧਿਆਣਾ, 6 ਜੁਲਾਈ
ਸਨਅਤੀ ਸ਼ਹਿਰ ਵਿੱਚ ਸ਼ੁੱਕਰਵਾਰ ਰਾਤ ਤੋਂ ਸ਼ੁਰੂ ਹੋਈ ਬਾਰਸ਼ ਸ਼ਨਿਚਰਵਾਰ ਸਵੇਰ ਤੱਕ ਜਾਰੀ ਰਹੀ। ਮੀਂਹ ਦੇ ਨਾਲ ਨਾਲ ਚੱਲੀਆਂ ਹਵਾਵਾਂ ਨੇ ਇੱਕ ਵਾਰ ਤਾਂ ਗਰਮੀ ਤੋਂ ਰਾਹਤ ਰਾਹਤ ਦਿੱਤੀ ਹੈ। ਪਿਛਲੇ ਦੋ ਤਿੰਨ ਦਿਨ ਤੋਂ ਲਗਾਤਾਰ ਸ਼ਹਿਰ ਵਿੱਚ ਮੀਂਹ ਪੈ ਰਿਹਾ ਹੈ। ਸ਼ਨਿੱਚਰਵਾਰ ਨੂੰ ਮੌਸਮ ਵਿਭਾਗ ਮੁਤਾਬਕ 13.8 ਐੱਮਐੱਮ ਮੀਂਹ ਪਿਆ। ਉਧਰ, ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਅੱਜ ਵੀ ਪਾਣੀ ਖੜ੍ਹਾ ਹੋ ਗਿਆ ਤੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦੋ ਦਿਨ ਹੋਰ ਮੀਂਹ ਪੈਣ ਦੇ ਆਸਾਰ ਹਨ। ਉਸ ਲਈ ਵਿਭਾਗ ਨੇ ਯੈਲੋ ਅਲਰਟ ਵੀ ਜਾਰੀ ਕੀਤਾ ਹੈ।
ਸ਼ਹਿਰ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈਣ ਤੋਂ ਬਾਅਦ ਧੁੱਪ ਨਿਕਲਣ ਕਾਰਨ ਹੁੰਮਸ ਹੋ ਜਾਂਦੀ ਸੀ ਪਰ ਸ਼ਨਿੱਚਰਵਾਰ ਨੂੰ ਸਵੇਰੇ ਤੋਂ ਦੁਪਹਿਰ ਤੱਕ ਮੀਂਹ ਪੈਣ ਕਾਰਨ ਇੱਕ ਵਾਰ ਹੁੰਮਸ ਤੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ। ਹਾਲਾਂਕਿ, ਇਸ ਰਾਹਤ ਦੇ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਵੀ ਹੋਈ। ਸ਼ਨਿਚਰਵਾਰ ਹੋਣ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ ਜੋ ਲੋਕ ਨਿਕਲ ਰਹੇ ਸਨ, ਉਨ੍ਹਾਂ ਨੂੰ ਚਿੱਕੜ ਕਾਰਨ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਈ। ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ’ਤੇ ਮੀਂਹ ਤੋਂ ਬਾਅਦ ਇਹੋ ਹਾਲ ਸੀ। ਉਧਰ, ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਮੀਂਹ ਦਾ ਪਾਣੀ ਖੜ੍ਹਾ ਹੋ ਗਿਆ ਜਿਸ ਕਰ ਕੇ ਲੋਕਾਂ ਨੂੰ ਦਿੱਕਤਾਂ ਆਈਆਂ। ਇਨ੍ਹਾਂ ਵਿੱਚ ਸ਼ੇਰਪੁਰ, ਢੰਡਾਰੀ ਕਲਾਂ ਮੁਸਲਿਮ ਕਲੋਨੀ, ਗਿਆਸਪੁਰਾ, ਰਾਹੋਂ ਰੋਡ ਵਰਗੇ ਇਲਾਕੇ ਸ਼ਾਮਲ ਹਨ।

Advertisement

ਦਹਾਕਿਆਂ ਤੋਂ ਮੀਂਹ ਦੇ ਪਾਣੀ ’ਚ ਡੁੱਬਦੇ ਜਗਰਾਉਂ ਦੀ ਸਾਰ ਲੈਣ ਦੀ ਮੰਗ

ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਕਾਂਗਰਸ ਆਗੂ ਰਛਪਾਲ ਸਿੰਘ ਚੀਮਨਾ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਬਰਸਾਮ ਦੇ ਮੌਸਮ ਸਣੇ ਹਰ ਮੀਂਹ ’ਚ ਡੁੱਬਣ ਵਾਲੇ ਇਤਿਹਾਸਕ ਤੇ ਰੋਸ਼ਨੀਆਂ ਦੇ ਸ਼ਹਿਰ ਜਗਰਾਉਂ ਦੀ ਕਿਸਮਤ ਬਦਲਣ ਦੇ ਅਸਾਰ ਨਜ਼ਰ ਨਹੀਂ ਆ ਰਹੇ। ਕਈ ਲੋਕ ਇਸ ਸੁਧਾਰ ਦੀ ਉਮੀਦ ਵਿੱਚ ਅੱਧੀ ਉਮਰ ਲੰਘਾ ਚੁੱਕੇ ਹਨ। ਆਮ ਆਦਮੀ ਪਾਰਟੀ, ਹਲਕਾ ਵਿਧਾਇਕਾ ਤੇ ਪ੍ਰਸ਼ਾਸਨ ਵੀ ਪਿਛਲੇ ਸੱਤ ਸਾਲਾਂ ਤੋਂ ਦਾਅਵੇ ਤਾਂ ਕਰੀ ਜਾ ਰਿਹਾ ਹੈ ਪਰ ਹੱਲ ਅੱਜ ਤਕ ਨਹੀਂ ਕੀਤਾ ਗਿਆ। ਕਾਂਗਰਸ ਆਗੂ ਨੇ ਦੱਸਿਆ ਕਿ ਦੋ ਦਿਨ ਦੇ ਹਲਕੇ ਮੀਂਹ ਮਗਰੋਂ ਪੁਰਾਣੀ ਦਾਣਾ ਮੰਡੀ ਅਤੇ ਕਮਲ ਚੌਕ ਸਣੇ ਹੋਰਨਾਂ ਬਾਜ਼ਾਰਾਂ ’ਚ ਪਾਣੀ ਭਰ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਕੇਵਲ ਸੜਕਾਂ ਦੇ ਮੰਦੇ ਹਾਲ ਹੀ ਨਹੀਂ ਸਗੋਂ ਦਾਣਾ ਮੰਡੀ ਅਤੇ ਪੁਰਾਣੀ ਸਬਜ਼ੀ ਮੰਡੀ ਤੋਂ ਲੈ ਕੇ ਝਾਂਸੀ ਰਾਣੀ ਚੌਕ ਤਕ ਹਰੇਕ ਸਾਲ ਪਾਣੀ ਭਰਨ ਕਰ ਕੇ ਦੁਕਾਨਦਾਰਾਂ ਦਾ ਵੱਡਾ ਆਰਥਿਕ ਨੁਕਸਾਨ ਹੁੰਦਾ ਹੈ। ਸ਼ਹਿਰ ਵਾਸੀ ਅਤੇ ਪੀੜਤ ਦੁਕਾਨਦਾਰ ਸਮੇਂ ਸਮੇਂ ’ਤੇ ਹਾਕਮ ਧਿਰ ਅਤੇ ਅਫ਼ਸਰਾਂ ਨੂੰ ਆਪਣਾ ਦੁੱਖ ਦੱਸ ਕੇ ਸਮੱਸਿਆ ਦੇ ਪੱਕੇ ਹੱਲ ਦੀ ਮੰਗ ਕਰਦੇ ਆ ਰਹੇ ਹਨ। ਪਿਛਲੇ ਵੀਹ ਪੱਚੀ ਸਾਲਾਂ ਤੋਂ ਕਿਸੇ ਨੇ ਵੀ ਇਸ ਪਾਸੇ ਧਿਆਨ ਨਹੀਂ ਦਿੱਤਾ। ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੌਜੂਦਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਵੀ ਹਲਫ਼ੀਆ ਬਿਆਨ ਦੇ ਕੇ ਸ਼ਹਿਰ ਦੇ ਪਾਣੀ ਦਾ ਮਸਲਾ ਹੱਲ ਕਰਨ ਦਾ ਵਾਅਦਾ ਕੀਤਾ ਸੀ। ਉਨ੍ਹਾਂ ਵਿਧਾਨ ਸਭਾ ਇਜਲਾਸ ’ਚ ਵੀ ਆਪਣੀ ਸਰਕਾਰ ਦੇ ਧਿਆਨ ਵਿੱਚ ਸ਼ਹਿਰ ਦੀ ਇਸ ਵੱਡੀ ਸਮੱਸਿਆ ਨੂੰ ਲਿਆਂਦਾ ਸੀ। ਇਕ ਵਾਰ ਚੋਣ ਜਲਸੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਇਸੇ ਪਾਣੀ ’ਚ ਖੜ੍ਹ ਕੇ ਰੈਲੀ ਕਰ ਚੁੱਕੇ ਹਨ ਅਤੇ ਸਮੱਸਿਆ ਤੋਂ ਭਲੀ-ਭਾਂਤ ਜਾਣੂ ਹਨ। ਇਸ ਦੇ ਬਾਵਜੂਦ ਅੱਜ ਤਕ ਸਮੱਸਿਆ ਤੋਂ ਜਗਰਾਉਂ ਨੂੰ ਨਿਜ਼ਾਤ ਨਹੀਂ ਮਿਲੀ ਹੈ। ਤਤਕਾਲੀ ਸਥਾਨਕ ਸਰਕਾਰਾਂ ਦੇ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਜਗਰਾਉਂ ਸ਼ਹਿਰ ਦੀ ਇਸ ਸਮੱਸਿਆ ਦੇ ਹੱਲ ਲਈ 12 ਕਰੋੜ ਰੁਪਏ ਦਾ ਬਜਟ ਰੱਖ ਕੇ ਠੀਕ ਕਰਨ ਦਾ ਭਰੋਸਾ ਦਿੱਤਾ ਸੀ। ਕਾਂਗਰਸੀ ਆਗੂ ਚੀਮਨਾ ਨੇ ਕਿਹਾ ਕਿ ਉਹ ਵੀ ਕੇਵਲ ਕਾਗਜ਼ੀ ਭਰੋਸਾ ਹੀ ਰਹਿ ਗਿਆ ਜਾਪਦਾ ਹੈ। ਜੇ ਇਸ ਪ੍ਰਾਜੈਕਟ ’ਤੇ ਕੰਮ ਨਹੀਂ ਸ਼ੁਰੂ ਹੁੰਦਾ ਤਾਂ ਸ਼ਹਿਰ ਦੇ ਲੋਕਾਂ ਨੂੰ ਅਤੇ ਲੋਕ-ਪੱਖੀ ਜਥੇਬੰਦੀਆਂ ਨੂੰ ਨਾਲ ਲੈ ਕੇ ਰੋਸ ਮਾਰਚ ਕੀਤਾ ਜਾਵੇਗਾ।

Advertisement
Author Image

sukhwinder singh

View all posts

Advertisement
Advertisement
×