For the best experience, open
https://m.punjabitribuneonline.com
on your mobile browser.
Advertisement

ਪਾਣੀ-ਬਿਜਲੀ ਦੀ ਨਾਕਸ ਸਪਲਾਈ ਕਾਰਨ ਲੋਕਾਂ ਵੱਲੋਂ ਚੱਕਾ ਜਾਮ

07:07 AM Jun 03, 2024 IST
ਪਾਣੀ ਬਿਜਲੀ ਦੀ ਨਾਕਸ ਸਪਲਾਈ ਕਾਰਨ ਲੋਕਾਂ ਵੱਲੋਂ ਚੱਕਾ ਜਾਮ
ਲੁਧਿਆਣਾ ਵਿੱਚ ਵਾਹਨ ਰੋਕ ਕੇ ਰੋਸ ਪ੍ਰਦਰਸ਼ਨ ਕਰਦੇ ਜੀਕੇ ਅਸਟੇਟ ਦੇ ਲੋਕ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਜੂਨ
ਲੋਕ ਸਭਾ ਚੋਣਾਂ ਤੋਂ ਇੱਕ ਦਿਨ ਬਾਅਦ ਹੀ ਇੱਥੋਂ ਦੇ ਟਿੱਬਾ ਰੋਡ ’ਤੇ ਪੈਂਦੀ ਜੀਕੇ ਅਸਟੇਟ ਦੇ ਵਾਸੀਆਂ ਨੇ ਪਿਛਲੇ ਤਿੰਨ ਦਿਨਾਂ ਤੋਂ ਪਾਣੀ ਅਤੇ ਬਿਜਲੀ ਦੀ ਸਪਲਾਈ ਬੰਦ ਹੋਣ ਵਿਰੁੱਧ ਇਥੇ ਰੋਸ ਪ੍ਰਦਰਸ਼ਨ ਕਰਦਿਆਂ ਟਰੈਫਿਕ ਜਾਮ ਕਰ ਦਿੱਤਾ। ਇਸ ਮੌਕੇ ਉਨ੍ਹਾਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ। ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਲੋਕ ਸਭਾ ਚੋਣਾਂ ਵਿੱਚ ਰੁੱਝੇ ਹੋਏ ਸਨ। ਸ਼ਨਿੱਚਰਵਾਰ ਵੋਟਾਂ ਪੈਣ ਕਰ ਕੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਦਫ਼ਤਰਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੋਇਆ ਸੀ। ਇਸ ਦੌਰਾਨ ਇੱਥੋਂ ਦੇ ਜੀਕੇ ਅਸਟੇਟ ਦੇ ਬਲਾਕ-ਏ ਅਤੇ ਬੀ ਵਿੱਚ ਰਹਿੰਦੇ ਲੋਕਾਂ ਨੂੰ ਨਾ ਤਾਂ ਪੀਣ ਵਾਲਾ ਪਾਣੀ ਮਿਲਿਆ ਅਤੇ ਨਾ ਹੀ ਬਿਜਲੀ ਆਈ। ਇਸ ਵਿਰੁੱਧ ਲੋਕਾਂ ਨੇ ਅੱਜ ਟਿੱਬਾ ਰੋਡ ਵਾਲੇ ਚੌਕ ਵਿੱਚ ਰੋਸ ਪ੍ਰਦਰਸ਼ਨ ਕੀਤਾ। ਕਲੋਨੀ ਦੇ ਵਸ਼ਿੰਦਿਆਂ ਸੇਵਾ ਸਿੰਘ, ਜਸਪਾਲ ਸਿੰਘ, ਜਤਿੰਦਰ ਕੁਮਾਰ, ਤਰਸੇਮ, ਅਮਰਜੀਤ ਸਿੰਘ, ਕਮਲ, ਮਨਜੋਤ ਸਿੰਘ, ਹਰਸਿਮਰਨ ਸਿੰਘ, ਸੁਰਿੰਦਰ ਸਿੰਘ ਆਦਿ ਨੇ ਕਿਹਾ ਕਿ ਆਏ ਦਿਨ ਬਿਜਲੀ ਦੇ ਖੰਭੇ ਟੁੱਟੇ ਰਹਿਣ ਕਰ ਕੇ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਕਾਰਨਾਂ ਕਰਕੇ ਉਨ੍ਹਾਂ ਦੀ ਕਲੋਨੀ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਬਿਜਲੀ ਬੰਦ ਹੈ ਅਤੇ ਪੀਣ ਵਾਲਾ ਪਾਣੀ ਵੀ ਨਹੀਂ ਆ ਰਿਹਾ। ਇਸ ਸਬੰਧੀ ਉਨ੍ਹਾਂ ਨੇ ਕਈ ਵਾਰ ਅਧਿਕਾਰੀਆਂ ਅਤੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਦੱਸਿਆ ਪਰ ਕਿਸੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਇਸ ਲਈ ਅੱਜ ਮਜਬੂਰ ਹੋ ਕੇ ਉਨ੍ਹਾਂ ਨੂੰ ਰੋਸ ਪ੍ਰਦਰਸ਼ਨ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਵੋਟਾਂ ਪਾ ਕੇ ਚੁਣੇ ਨੁਮਾਇੰਦੇ ਮੁਸ਼ਕਲ ਸਮੇਂ ਲੋਕਾਂ ਦਾ ਸਾਥ ਨਹੀਂ ਦਿੰਦੇ। ਇਸ ਮੌਕੇ ਉਨ੍ਹਾਂ ਨੇ ਨਗਰ ਨਿਗਮ ਅਤੇ ਆਗੂਆਂ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਆਪਣੀ ਭੜਾਸ ਕੱਢੀ। ਇਸ ਸਬੰਧੀ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਦੇੇ ਦਫ਼ਤਰ ਇੰਚਾਰਜ ਅਸ਼ਵਨੀ ਸ਼ਰਮਾ ਨਾਲ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਖਬਰ ਲਿਖੇ ਜਾਣ ਤੱਕ ਸੰਪਰਕ ਨਹੀਂ ਹੋ ਸਕਿਆ।

Advertisement

Advertisement
Author Image

Advertisement
Advertisement
×