ਪ੍ਰਦੂਸ਼ਣ ਕਾਰਨ ਦਿੱਲੀ ’ਚ ਨਵੀਆਂ ਪਾਬੰਦੀਆਂ ਆਇਦ
ਨਵੀਂ ਦਿੱਲੀ, 5 ਨਵੰਬਰ
ਕੇਂਦਰ ਸਰਕਾਰ ਨੇ ਖਿੱਤੇ ਵਿੱਚ ਹਵਾ ਦੀ ਗੁਣਵੱਤਾ ਨੂੰ ਲੈ ਕੇ ਜਾਰੀ ਸੰਕਟ ਦਰਮਿਆਨ ਦਿੱਲੀ ਤੇ ਕੌਮੀ ਰਾਜਧਾਨੀ ਖੇਤਰ ਵਿੱਚ ਸਾਰੇ ਸਰਕਾਰੀ ਪ੍ਰਾਜੈਕਟਾਂ ਨਾਲ ਜੁੜੇ ਨਿਰਮਾਣ ਕਾਰਜਾਂ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਟਰੱਕਾਂ ਤੇ ਵਪਾਰਕ ਚਾਰ ਪਹੀਆ ਵਾਹਨਾਂ ’ਤੇ ਰੋਕ ਲਾ ਦਿੱਤੀ ਹੈ। ਇਹ ਸਾਰੇ ਉਪਰਾਲੇ ਕੇਂਦਰ ਸਰਕਾਰ ਦੇ ਹਵਾ ਪ੍ਰਦੂਸ਼ਣ ਨੂੰ ਨੱਥ ਪਾਉਣ ਦੀ ਯੋਜਨਾ ਦੇ ਫਾਈਨਲ ਪੜਾਅ ਸਟੇਜ-4 ਵਿੱਚ ਸ਼ਾਮਲ ਉਪਰਾਲਿਆਂ ਦਾ ਹਿੱਸਾ ਹਨ। ਤਿੰਨ ਦਿਨ ਪਹਿਲਾਂ ਕੌਮੀ ਰਾਜਧਾਨੀ ਵਿੱਚ ਹਵਾ ਗੁਣਵੱਤਾ ਇੰਡੈਕਸ ਦੇ 450 ਦੇ ਅੰਕੜੇ ਨੂੰ ਟੱਪਣ ਮਗਰੋਂ ਇਹ ਯੋਜਨਾ ਅਮਲ ਵਿੱਚ ਲਿਆਂਦੀ ਗਈ ਸੀ। ਹਵਾ ਗੁਣਵੱਤਾ ਦੇ ਮਾੜੇ ਤੋਂ ਬਹੁਤ ਮਾੜੇ ਅਤੇ ਮਗਰੋਂ ਬੇਹੱਦ ਮਾੜੇ ਵਰਗ ਵਿਚ ਪੁੱਜਣ ਕਰਕੇ ਆਸਮਾਨ ਵਿੱਚ ਚੜ੍ਹੇ ਗੁਬਾਰ ਕਰਕੇ ਕੌਮੀ ਰਾਜਧਾਨੀ ਵਿੱਚ ਲੋਕਾਂ ਦਾ ਸਾਹ ਲੈਣਾ ਔਖਾ ਹੋ ਗਿਆ ਹੈ। ਕੌਮੀ ਰਾਜਧਾਨੀ ਗੈਸ ਚੈਂਬਰ ਵਿੱਚ ਤਬਦੀਲ ਹੋਣ ਲੱਗੀ ਹੈ। ਲੋਕਾਂ ਨੂੰ ਜ਼ਰੂਰੀ ਕੰਮਾਂ ਤੋਂ ਬਿਨਾਂ ਘਰਾਂ ਵਿਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ। ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ ਦੇ 50 ਫੀਸਦ ਸਟਾਫ਼ ਨੂੰ ਘਰੋਂ ਕੰਮ ਕਰਨ ਦੀ ਹਦਾਇਤ ਸਣੇ ਹੋਰ ਸਾਰੇ ਹੰਗਾਮੀ ਉਪਰਾਲਿਆਂ ਨੂੰ ਅਮਲ ਵਿੱਚ ਲਿਆਂਦਾ ਗਿਆ ਹੈ।
ਗਰੇਡਿਡ ਰਿਸਪੌਂਸ ਐਕਸ਼ਨ ਪਲਾਨ ਦੀ ਫਾਈਨਲ ਸਟੇਜ (ਚੌਥੇ ਪੜਾਅ) ਤਹਤਿ ਸਿਰਫ਼ ਸੀਐੱਨਜੀ, ਬਜਿਲਈ ਤੇ ਬੀਐੱਸ 6 ਨੇਮਾਂ ਦੀ ਪਾਲਣਾ ਕਰਨ ਵਾਲੇ ਹੋਰਨਾਂ ਰਾਜਾਂ ਤੋਂ ਆਉਣ ਵਾਲੇ ਵਾਹਨਾਂ ਨੂੰ ਦਿੱਲੀ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਹੈ। ਹਾਲਾਂਕਿ ਜ਼ਰੂਰੀ ਸੇਵਾਵਾਂ ਵਿੱਚ ਲੱਗੇ ਵਾਹਨਾਂ ਨੂੰ ਇਸ ਤੋਂ ਛੋਟ ਹੈ। ਸੀਏਕਿਊਐੱਮ ਨੇ ਵੀਰਵਾਰ ਨੂੰ ਸਾਰੀਆਂ ਗੈਰਜ਼ਰੂਰੀ ਉਸਾਰੀ ਸਰਗਰਮੀਆਂ ਤੇ ਕੁਝ ਖਾਸ ਵਰਗ ਦੇ ਵਾਹਨਾਂ ’ਤੇ ਰੋਕ ਲਾ ਦਿੱਤੀ ਸੀ। ਸ਼ਨਿਚਰਵਾਰ ਨੂੰ ਦਿੱਲੀ ਵਿੱਚ ਹਵਾ ਗੁਣਵੱਤਾ ਇੰਡੈਕਸ ਸ਼ਾਮ ਚਾਰ ਵਜੇ ਦੇ ਕਰੀਬ 415 ਸੀ ਜਦੋਂਕਿ ਅੱਜ ਐਤਵਾਰ ਨੂੰ ਸ਼ਾਮ ਤਿੰਨ ਵਜੇ ਇਹ 463 ਸੀ। ਹਵਾ ਗੁਣਵੱਤਾ ਨਾਲ ਜੁੜਿਆ ਇਹ ਸੰਕਟ ਸਿਰਫ਼ ਦਿੱਲੀ ਤੱਕ ਸੀਮਤ ਨਹੀਂ ਹੈ। ਦਿੱਲੀ ਨਾਲ ਲੱਗਦੇ ਗੁਆਂਢੀ ਰਾਜਾਂ ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿੱਚ ਹਵਾ ਜ਼ਹਿਰੀਲੀ ਹੋਣ ਦੀਆਂ ਰਿਪੋਰਟਾਂ ਹਨ।
ਇਸ ਦੌਰਾਨ ਦਿੱਲੀ ਵਿਚਲੇ ਡਾਕਟਰਾਂ ਨੇ ਲੋਕਾਂ ਨੂੰ ਚਤਿਾਵਨੀ ਦਿੱਤੀ ਹੈ ਕਿ ਹਵਾ ਪ੍ਰਦੂਸ਼ਣ ਨਾ ਸਿਰਫ਼ ਉਨ੍ਹਾਂ ਦੇ ਫੇਫੜਿਆਂ ਬਲਕਿ ਸਰੀਰ ਦੇ ਕਈ ਪ੍ਰਮੁੱਖ ਅੰਗਾਂ ਜਿਵੇਂ ਦਿਲ ਤੇ ਦਿਮਾਗ ਨੂੰ ਵੀ ਅਸਰ ਅੰਦਾਜ਼ ਕਰ ਸਕਦਾ ਹੈ। ਸਫ਼ਦਰਜੰਗ ਹਸਪਤਾਲ ਦੇ ਪਲਮੋਨਰੀ ਮੈਡੀਸਨ ਵਿਭਾਗ ਦੇ ਮੁਖੀ ਨੀਰਜ ਗੁਪਤਾ ਨੇ ਕਿਹਾ ਕਿ ਸਿਰ ਦਰਦ, ਬੇਚੈਨੀ, ਜਲਣ, ਦੁਚਿੱਤੀ ਤੇ ਬੌਧਿਕ ਯੋਗਤਾਵਾਂ ਵਿੱਚ ਕਮੀ ਜਿਹੇ ਮਾਮਲਿਆਂ ਵਿਚ ਯੱਕਦਮ ਇਜ਼ਾਫ਼ਾ ਹੋਇਆ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ, ਸਕੂਲ ਜਾਂਦੇ ਬੱਚਿਆਂ ਤੇ ਗਰਭਵਤੀ ਔਰਤਾਂ ਵਿਚ ਇਹ ਲੱਛਣ ਦੇਖਣ ਨੂੰ ਮਿਲੇ ਹਨ। ਗੁਪਤਾ ਨੇ ਕਿਹਾ ਕਿ ਦਿੱਲੀ ਲਈ ਗੈਸ ਚੈਂਬਰ ਸ਼ਬਦ ਵਰਤਣਾ ਤਕਨੀਕੀ ਤੌਰ ’ਤੇ ਸਹੀ ਸ਼ਬਦ ਹੈ। ਸ਼ਹਿਰ ਦੇ ਹਸਪਤਾਲਾਂ ਵਿੱਚ ਸਾਹ ਲੈਣ ਵਿੱਚ ਤਕਲੀਫ਼ ਨਾਲ ਸਬੰਧਤ ਮਰੀਜ਼ਾਂ ਦੀ ਗਿਣਤੀ ਵਧੀ ਹੈ। -ਪੀਟੀਆਈ
ਦਿੱਲੀ ਦੇ ਪ੍ਰਾਇਮਰੀ ਸਕੂਲ 10 ਤੱਕ ਰਹਿਣਗੇ ਬੰਦ
ਨਵੀਂ ਦਿੱਲੀ: ਦਿੱਲੀ ਵਿੱਚ ਪ੍ਰਦੂਸ਼ਣ ਦੇ ਵਧਦੇ ਪੱਧਰ ਕਰਕੇ ਕੌਮੀ ਰਾਜਧਾਨੀ ਵਿਚਲੇ ਸਾਰੇ ਪ੍ਰਾਇਮਰੀ ਸਕੂਲ 10 ਨਵੰਬਰ ਤੱਕ ਬੰਦ ਰਹਿਣਗੇ। ਦਿੱਲੀ ਦੀ ਸਿੱਖਿਆ ਮੰਤਰੀ ਆਤਿਸ਼ੀ ਨੇ ਐਕਸ ’ਤੇ ਇਕ ਪੋਸਟ ਵਿੱਚ ਕਿਹਾ, ‘‘ਪ੍ਰਦੂਸ਼ਣ ਦਾ ਪੱਧਰ ਲਗਾਤਾਰ ਉਪਰਲੇ ਪੱਧਰ ’ਤੇ ਬਣੇ ਰਹਿਣ ਕਰਕੇ ਦਿੱਲੀ ਦੇ ਪ੍ਰਾਇਮਰੀ ਸਕੂਲ 10 ਨਵੰਬਰ ਤੱਕ ਬੰਦ ਰਹਿਣਗੇ। 6ਵੀਂ ਤੋਂ 12ਵੀਂ ਜਮਾਤਾਂ ਲਈ ਸਕੂਲਾਂ ਨੂੰ ਆਨਲਾਈਨ ਜਮਾਤਾਂ ਦਾ ਬਦਲ ਦਿੱਤਾ ਗਿਆ ਹੈ।’’