ਹੜ੍ਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮਾਛੀਵਾੜਾ-ਰਾਹੋਂ ਰੋਡ ਮੁੜ ਕੀਤਾ ਜਾਮ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 14 ਜੁਲਾਈ
ਹੜ੍ਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਅੱਜ ਫਿਰ ਦੁਬਾਰਾ ਲੋਕਾਂ ਵਲੋਂ ਪਿੰਡ ਘੁਮਾਣਾ ਚੌਕ ਵਿੱਚ ਮਾਛੀਵਾੜਾ-ਰਾਹੋਂ ਰੋਡ ’ਤੇ ਧਰਨਾ ਲਗਾ ਕੇ ਜਾਮ ਕਰ ਦਿੱਤਾ। ਇਸ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀ ਲੰਮੀਆਂ ਕਤਾਰਾਂ ਲੱਗ ਗਈਆਂ। ਪਿੰਡ ਮੰਡ ਉਧੋਵਾਲ, ਉਧੋਵਾਲ ਕਲਾਂ, ਸੈਸੋਂਵਾਲ ਅਤੇ ਘੁਮਾਣਾ ਦੇ ਲੋਕਾਂ ਵਲੋਂ ਲਗਾਏ ਗਏ ਧਰਨੇ ਦੌਰਾਨ ਮੰਗ ਕੀਤੀ ਗਈ ਕਿ ਹੜ੍ਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਖੇਤਾਂ ਵਿਚ 3 ਤੋਂ 4 ਫੁੱਟ ਤੱਕ ਪਾਣੀ ਜਮ੍ਹਾਂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਉਦੋਂ ਤੱਕ ਉਹ ਆਪਣੀਆਂ ਫਸਲਾਂ ਦੀ ਦੁਬਾਰਾ ਬਿਜਾਈ ਕਿਵੇਂ ਕਰ ਸਕਣਗੇ। ਇਸ ਮੌਕੇ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਮੌਕੇ ’ਤੇ ਪੁੱਜੇ ਜਨਿ੍ਹਾਂ ਧਰਨਾਕਾਰੀਆਂ ਨਾਲ ਗੱਲਬਾਤ ਕਰ ਸਮੱਸਿਆ ਦੇ ਹੱਲ ਲਈ ਤੁਰੰਤ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾਇਆ। ਵਿਧਾਇਕ ਦਿਆਲਪੁਰਾ ਨੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਗੰਦੇ ਪਾਣੀ ਦੀ ਨਿਕਾਸੀ ਲਈ ਨੇੜੇ ਹੀ ਵਗਦੇ ਸਤਲੁਜ ਦਰਿਆ ਦਾ ਰਿੰਗ ਬੰਨ੍ਹ ਦਾ ਕੁਝ ਹਿੱਸਾ ਤੋੜ ਕੇ ਪਾਈਪਾਂ ਪਾ ਕੇ ਇਸ ਦੀ ਨਿਕਾਸੀ ਕਰਨ ਲਈ ਆਖਿਆ। ਵਿਧਾਇਕ ਵੱਲੋਂ ਅਧਿਕਾਰੀਆਂ ਨਾਲ ਜਾ ਕੇ ਰਿੰਗ ਬੰਨ੍ਹ ਦਾ ਜਾਇਜ਼ਾ ਵੀ ਲਿਆ ਤਾਂ ਜੋ ਭਵਿੱਖ ਵਿਚ ਕੋਈ ਹੋਰ ਸਮੱਸਿਆ ਨਾ ਖੜ੍ਹੀ ਹੋ ਜਾਵੇ। ਧਰਨਾਕਾਰੀ ਦੀ ਸਮੱਸਿਆ ਦਾ ਤੁਰੰਤ ਹੱਲ ਕਰਦਿਆਂ ਵਿਧਾਇਕ ਦਿਆਲਪੁਰਾ ਵਲੋਂ ਰਿੰਗ ਬੰਨ੍ਹ ਵਿਚ ਪਾਈਪਾਂ ਪਾ ਕੇ ਪਾਣੀ ਦੀ ਨਿਕਾਸੀ ਸ਼ੁਰੂ ਕਰਵਾਈ ਗਈ ਜਿਸ ’ਤੇ ਲੋਕਾਂ ਨੇ ਰਾਹਤ ਮਹਿਸੂਸ ਕਰਦਿਆਂ ਧਰਨਾ ਖਤਮ ਕਰ ਦਿੱਤਾ। ਇਸ ਮੌਕੇ ਚੀਫ਼ ਇੰਜਨੀਅਰ ਗਗਨਦੀਪ ਸਿੰਘ, ਵਿਸ਼ਾਲ ਗੁਪਤਾ, ਹਰਿੰਦਰ ਸਿੰਘ ਢਿੱਲੋਂ (ਦੋਵੇਂ ਐੱਸਈ.), ਐਕਸੀਅਨ ਰਾਮ ਸਿੰਘ ਤੇ ਰਣਜੀਤ ਸਿੰਘ ਅਰੋੜਾ, ਪੁਨੀਤ ਕਲਿਆਣ, ਹਿਮਾਂਸ਼ੂ ਨਾਹਰ, ਮਨਪ੍ਰੀਤ ਸਿੰਘ (ਤਿੰਨੋਂ ਐੱਸਡੀਓ) ਵੀ ਮੌਜੂਦ ਸਨ।
ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਭੇਜਿਆ ਲੰਗਰ ਅਤੇ ਹੋਰ ਸਮੱਗਰੀ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਸਿੱਖ ਨੌਜਵਾਨ ਸੇਵਾ ਸੁਸਾਇਟੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਫਸੇ ਲੋਕਾਂ ਦੀ ਮਦਦ ਲਈ ਲੰਗਰ ਤੇ ਰਸਦ ਸਮੇਤ ਹੋਰ ਸਮੱਗਰੀ ਭੇਜੀ ਗਈ ਹੈ। ਸੁਸਾਇਟੀ ਦੇ ਮੁੱਖ ਸੇਵਾਦਰ ਮਨਿੰਦਰ ਸਿੰਘ ਦੀ ਅਗਵਾਈ ਵਿੱਚ ਸਲੇਮ ਟਾਬਰੀ ਤੋਂ ਸੁੱਕਾ ਦੁੱਧ, ਬਿਸਕੁਟ, ਰਸ, ਪੀਣ ਵਾਲਾ ਪਾਣੀ ਅਤੇ ਫਰੂਟ ਆਦਿ ਭੇਜਿਆ ਗਿਆ ਹੈ। ਇਸ ਮੌਕੇ ਭਾਈ ਮਨਿੰਦਰ ਸਿੰਘ ਅਹੂਜਾ ਅਤੇ ਬਾਬਾ ਅਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਪੁਰਾਣੀ ਸਬਜ਼ੀ ਮੰਡੀ ਨੇ ਕਿਹਾ ਕਿ ਸਿੱਖ ਨੌਜਵਾਨ ਸੇਵਾ ਸੁਸਾਇਟੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ’ਤੇ ਪਹਿਰਾ ਦਿੰਦਿਆਂ ਇਹ ਨਿਮਾਣਾ ਜਿਹਾ ਉਪਰਾਲਾ ਕੀਤਾ ਗਿਆ ਹੈ। ਭਾਈ ਅਹੂਜਾ ਨੇ ਸਮੂਹ ਭਾਈਚਾਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਜੌਕੇ ਹਾਲਾਤ ਵਿੱਚ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਮਨੁੱਖਤਾ ਦੀ ਸੇਵਾ ਦੇ ਉਪਰਾਲੇ ਕਰਨ ਤਾਂ ਜੋ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੇ ਦਰਦ ਅਤੇ ਪੀੜਾ ਨੂੰ ਨੇੜੇ ਹੋ ਕੇ ਵੰਡਾਇਆ ਜਾ ਸਕੇ। ਇਸ ਮੌਕੇ ਭਗਤਪ੍ਰੀਤ ਸਿੰਘ, ਮਨਦੀਪ ਸਿੰਘ ਸਾਹਬਿ, ਤਰੁਨਬੀਰ ਸਿੰਘ, ਗੁਰਮੀਤ ਸਿੰਘ ਰੋਮੀ, ਪ੍ਰਭਜੋਤ ਸਿੰਘ ਸਹਿਜ,ਜਸਪ੍ਰੀਤ ਸਿੰਘ ਚਾਵਲਾ ਅਤੇ ਮੈਨੇਜਰ ਸਵਰਨ ਸਿੰਘ ਵੀ ਹਾਜ਼ਰ ਸਨ।