ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫੰਡਾਂ ਦੀ ਘਾਟ ਕਾਰਨ ਪੰਜਾਬ ’ਚ ਯੂਥ ਕਲੱਬ ਸਰਗਰਮੀਆਂ ਨੂੰ ਖੋਰਾ

07:51 AM Aug 27, 2024 IST

ਜੋਗਿੰਦਰ ਸਿੰਘ ਮਾਨ
ਮਾਨਸਾ, 26 ਅਗਸਤ
ਫੰਡਾਂ ਦੀ ਤੋਟ ਅਤੇ ਯੁਵਕ ਸੇਵਾਵਾਂ ਵਿਭਾਗ ’ਚ ਅਸਾਮੀਆਂ ਦੀ ਵੱਡੀ ਘਾਟ ਕਾਰਨ ਪੰਜਾਬ ਭਰ ’ਚ ਪੇਂਡੂ ਯੂਥ ਕਲੱਬਾਂ ਦੀਆਂ ਸਰਗਰਮੀਆਂ ਨੂੰ ਹੁਣ ਖੋਰਾ ਲੱਗਣ ਲੱਗਿਆ ਹੈ। ਪੇਂਡੂ ਨੌਜਵਾਨ ਯੂਥ ਕਲੱਬਾਂ ਤੋਂ ਦੂਰ ਹੋਣ ਲੱਗੇ ਹਨ। ਪਹਿਲਾ ਵਾਂਗ ਹੁਣ ਪਿੰਡਾਂ ਦੇ ਅੰਦਰ ਕਲੱਬਾਂ ਦੀ ਅਗਵਾਈ ਵਿੱਚ ਲੱਗਣ ਵਾਲੇ ਪੇਂਡੂ ਵਿਕਾਸ ਕੈਂਪ, ਖੇਡ ਮੇਲੇ, ਸਭਿਆਚਾਰਕ ਮੇਲੇ ਕਿਧਰੇ ਵੀ ਦਿਖਾਈ ਨਹੀਂ ਦੇ ਰਹੇ। ਪੇਂਡੂ ਯੂਥ ਕਲੱਬਾਂ ਦੀਆਂ ਸਰਗਰਮੀਆਂ ’ਚ ਕਲਾਕਾਰ ਦੇ ਤੌਰ ’ਤੇ ਸ਼ਾਮਲ ਹੁੰਦੇ ਰਹੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੇ ਦੋ ਸਾਲਾਂ ਦੇ ਕਾਰਜਕਾਲ ਦੌਰਾਨ ਨੌਜਵਾਨਾਂ ਲਈ ਕੋਈ ਆਸ ਦੀ ਕਿਰਨ ਨਹੀਂ ਬਣ ਸਕੇ, ਜਿਸ ਕਾਰਨ ਪਿੰਡਾਂ ਦੇ ਨੌਜਵਾਨ ਖੇਡ, ਸਭਿਆਚਾਰ ਸਰਗਰਮੀਆਂ ਦੀ ਥਾਂ ਹੁਣ ਨਸ਼ਿਆਂ ਦੇ ਰਾਹ ਪੈਣ ਲੱਗੇ ਹਨ। ਯੂਥ ਕਲੱਬਾਂ ਦੀਆਂ ਸਰਗਰਮੀਆਂ ਨੂੰ ਅਗਵਾਈ ਦੇਣ ਵਾਲੇ ਯੁਵਕ ਸੇਵਾਵਾਂ ਵਿਭਾਗ ਵਿੱਚ ਅਸਾਮੀਆਂ ਦੀ ਵੱਡੀ ਘਾਟ ਕਾਰਨ ਵੀ ਪੇਂਡੂ ਯੂਥ ਕਲੱਬਾਂ ਨੂੰ ਸਹੀ ਅਗਵਾਈ ਨਾ ਮਿਲਣ ਕਾਰਨ ਵੀ ਨੌਜਵਾਨ ਯੁਵਕ ਸਰਗਰਮੀਆਂ ਤੋਂ ਟਾਲਾ ਵੱਟਣ ਲੱਗੇ ਹਨ। ਅਧਿਕਾਰੀ ਵੀ ਹੁਣ ਫੰਡਾਂ ਦੀ ਘਾਟ ਕਾਰਨ ਨੌਜਵਾਨਾਂ ਨੂੰ ਕੋਈ ਉਸਾਰੂ ਸੇਧ ਦੇਣ ਦੀ ਥਾਂ ਏਸੀ ਕਮਰਿਆਂ ਵਿੱਚ ਆਪਣਾ ਸਮਾਂ ਬਿਤਾਉਣ ਲੱਗੇ ਹਨ। ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਤੋਂ ਇਸ ਵਿਭਾਗ ’ਚ ਕੋਈ ਨਵੀਂ ਭਰਤੀ ਵੀ ਨਾ ਹੋਣ ਕਾਰਨ ਵਿਭਾਗ ਦਾ ਪ੍ਰਬੰਧ ਡਾਵਾਂਡੋਲ ਹੋ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ 10 ਸਹਾਇਕ ਡਾਇਰੈਕਟਰ ਹੀ ਸਾਰੇ ਪੰਜਾਬ ਨੂੰ ਚਲਾ ਰਹੇ ਹਨ, ਹਰ ਸਹਾਇਕ ਡਾਇਰੈਕਟਰ ਕੋਲ ਦੋ-ਦੋ, ਤਿੰਨ-ਤਿੰਨ ਜ਼ਿਲ੍ਹਿਆਂ ਦਾ ਚਾਰਜ ਹੈ, ਹੋਰ ਵੀ ਹੈਰਾਨੀਜਨਕ ਗੱਲ ਕਿ ਪਿਛਲੇ 8-9 ਮਹੀਨਿਆਂ ਤੋਂ ਯੁਵਕ ਸੇਵਾਵਾਂ ਵਿਭਾਗ ਪੰਜਾਬ ਦਾ ਕੋਈ ਪੱਕਾ ਡਾਇਰੈਕਟਰ ਵੀ ਨਹੀਂ, ਸਗੋਂ ਹੋਰ ਕਿਸੇ ਅਧਿਕਾਰੀ ਕੋਈ ਚਾਰਜ ਹੈ। ਪਿੰਡਾਂ ਦੇ ਵਿਕਾਸ, ਭਲਾਈ ਕਾਰਜਾਂ,ਖੇਡਾਂ, ਸਭਿਆਚਾਰਕ ਸਰਗਰਮੀਆਂ ਨੂੰ ਪ੍ਰਫੁੱਲਤ ਕਰਨ ਵਿੱਚ ਆਪਣਾ ਵੱਡਾ ਯੋਗਦਾਨ ਪਾਉਣ ਵਾਲੇ ਯੂਥ ਕਲੱਬਾਂ ਨੂੰ ਫੰਡਾਂ ਦੀ ਘਾਟ ਅਤੇ ਸਹੀ ਅਗਵਾਈ ਨਾ ਮਿਲਣ ਕਾਰਨ ਨੌਜਵਾਨ ਕਲੱਬਾਂ ਤੋਂ ਦੂਰ ਹੋ ਰਹੇ ਹਨ। ਪਿੰਡਾਂ ਦੇ ਅੰਦਰ ਨਵੇਂ ਕਲੱਬ ਬਣਨ ਅਤੇ ਪਹਿਲਾਂ ਤੋਂ ਬਣੇ ਕਲੱਬਾਂ ਨੂੰ ਸਰਗਰਮ ਕਰਨ ਲਈ ਕਿਧਰੇ ਵੀ ਕੋਈ ਉਪਰਾਲੇ ਨਹੀਂ ਹੋ ਰਹੇ। ਦੂਜੇ ਪਾਸੇ ਕੇਂਦਰ ਸਰਕਾਰ ਦੇ ਅਧੀਨ ਚੱਲ ਰਹੇ ਨਹਿਰੂ ਯੁਵਾ ਕੇਂਦਰਾਂ ਵਿੱਚ ਵੀ ਗ੍ਰਾਂਟਾਂ ਦੀ ਥੁੜ ਕਾਰਨ ਪਿਛਲੇ ਸਮੇਂ ਤੋਂ ਵੱਖ-ਵੱਖ ਜ਼ਿਲ੍ਹਿਆਂ ’ਚ ਸਰਗਰਮੀਆਂ ਠੱਪ ਪਈਆਂ ਹਨ। ਪੇਂਡੂ ਯੂਥ ਕਲੱਬਾਂ ਨਾਲ ਜੁੜੀਆਂ ਯੂਥ ਐਸੋਸੀਏਸ਼ਨਾਂ ਦੇ ਪ੍ਰਧਾਨ ਰਹੇ ਹਰਿੰਦਰ ਸਿੰਘ ਮਾਨਸ਼ਾਹੀਆ, ਹਰਦੀਪ ਸਿੰਘ ਸਿੱਧੂ, ਚੇਤ ਸਿੰਘ ਅਕਲੀਆ ਦਾ ਕਹਿਣਾ ਸੀ ਕਿ ਪਿੰਡਾਂ ਦੇ ਵਿੱਚ ਕੰਮ ਕਰਦੀਆਂ ਯੂਥ ਕਲੱਬਾਂ ਜਿਥੇ ਪਿੰਡਾਂ ’ਚ ਖੇਡਾਂ, ਸਭਿਆਚਾਰਕ ਸਰਗਰਮੀਆਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਉਪਰਾਲੇ ਕਰ ਰਹੀਆਂ ਸਨ, ਉਥੇ ਪਿੰਡਾਂ ਚ ਸਾਂਝੇ ਕੰਮਾਂ ਦੀ ਅਗਵਾਈ ਕਰਦਿਆਂ ਯੂਥ ਕਲੱਬਾਂ ਪਿੰਡਾਂ ’ਚ ਆਪਸੀ ਭਾਈਚਾਰਕ ਸਾਂਝ ਨੂੰ ਵੀ ਮਜ਼ਬੂਤ ਕਰਨ ਦਾ ਸਾਰਥਿਕ ਸੁਨੇਹਾ ਦਿੰਦੀਆਂ ਸਨ, ਪਰ ਹੁਣ ਨੌਜਵਾਨ ਵੱਖ-ਵੱਖ ਤਰ੍ਹਾਂ ਦੀਆਂ ਯੂਥ ਸਰਗਰਮੀਆਂ ਤੋਂ ਦੂਰ ਹੋ ਕੇ ਤਰ੍ਹਾਂ ਤਰ੍ਹਾਂ ਦੀਆਂ ਅਲਾਮਤਾਂ ਦਾ ਸ਼ਿਕਾਰ ਹੋ ਰਹੇ ਹਨ, ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਰਾਜ ਭਰ ਚ ਖਾਲੀ ਪਈਆਂ ਸਹਾਇਕ ਡਾਇਰੈਕਟਰ, ਡਾਇਰੈਕਟਰ ਅਤੇ ਹੋਰ ਅਮਲੇ ਦੀਆਂ ਅਸਾਮੀਆਂ ਪੂਰੀਆਂ ਕੀਤੀਆਂ ਜਾਣ ਅਤੇ ਹੋਰਨਾਂ ਕਾਰਜਾਂ ਲਈ ਲੋੜੀਂਦੀਆਂ ਗਰਾਂਟਾ ਦਿੱਤੀਆਂ ਜਾਣ।

Advertisement

ਇਸ ਸਾਲ ਪੇਂਡੂ ਯੂਥ ਕਲੱਬਾਂ ਲਈ ਕੋਈ ਫੰਡ ਪ੍ਰਾਪਤ ਨਹੀਂ ਹੋਇਆ: ਸਹਾਇਕ ਡਾਇਰੈਕਟਰ

ਯੁਵਕ ਸੇਵਾਵਾਂ ਵਿਭਾਗ ਮਾਨਸਾ ਦੇ ਸਹਾਇਕ ਡਾਇਰੈਕਟਰ ਦਿਲਵਰ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਸਰਕਾਰ ਵੱਲੋਂ ਇਸ ਸਾਲ ਕੋਈ ਫੰਡ ਪੇਂਡੂ ਯੂਥ ਕਲੱਬਾਂ ਲਈ ਪ੍ਰਾਪਤ ਨਹੀਂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਹੀ ਇਹ ਫੰਡ ਵਿਭਾਗ ਕੋਲ ਆ ਜਾਵੇਗਾ ਤਾਂ ਉਸ ਨੂੰ ਪਿੰਡਾਂ ਵਿਚਲੇ ਸਰਗਰਮ ਯੂਥ ਕਲੱਬਾਂ ਨੂੰ ਵੰਡ ਦਿੱਤਾ ਜਾਵੇਗਾ।

Advertisement
Advertisement
Advertisement