ਸੜਕ ਹਾਦਸੇ ਵਿੱਚ ਦੋ ਹਲਾਕ, ਤਿੰਨ ਜ਼ਖ਼ਮੀ
ਸ਼ਗਨ ਕਟਾਰੀਆ/ਮਨੋਜ ਸ਼ਰਮਾ
ਬਠਿੰਡਾ, 26 ਅਗਸਤ
ਮੁਕਤਸਰ ਰੋਡ ’ਤੇ ਪਿੰਡ ਦਿਓਣ ਨਜ਼ਦੀਕ ਬਠਿੰਡਾ ਵੱਲੋਂ ਜਾ ਰਹੀ ਥਾਰ (ਜੀਪ) ਦੀ, ਖੇਤ ਦੀ ਪਹੀ ਵਿੱਚੋਂ ਸੜਕ ’ਤੇ ਚੜ੍ਹ ਰਹੀ ਐਕਟਿਵਾ ਨਾਲ ਭਿਆਨਕ ਟੱਕਰ ਹੋ ਗਈ। ਹਾਦਸੇ ਵਿੱਚ ਐਕਟਿਵਾ ਦੇ ਪਰਖ਼ੱਚੇ ਉੱਡ ਗਏ ਅਤੇ ਥਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ ਵਿੱਚ ਦਿਵਿਆਂਗ ਐਕਟਿਵਾ ਚਾਲਕ ਅਤੇ ਇੱਕ ਹੋਰ ਬਜ਼ੁਰਗ ਸਵਾਰੀ ਦੀ ਮੌਤ ਹੋ ਗਈ ਜਦ ਕਿ ਥਾਰ ਚਾਲਕ ਅਤੇ ਦੋ ਹੋਰ ਨੌਜਵਾਨ ਜ਼ਖ਼ਮੀ ਹੋ ਗਏ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਸਮਾਜ ਸੇਵੀ ਸੰਸਥਾ ਯੂਥ ਵੈੱਲਫੇਅਰ ਸੁਸਾਇਟੀ ਬਠਿੰਡਾ ਦੇ ਵਾਲੰਟੀਅਰ ਹਰਸ਼ਿਤ ਚਾਵਲਾ ਅਤੇ ਯਾਦਵਿੰਦਰ ਕੰਗ ਐਂਬੂਲੈਂਸ ਸਮੇਤ ਮੌਕੇ ’ਤੇ ਪੁੱਜੇ। ਥਾਰ ਦੇ ਡਰਾਈਵਰ ਅਤੇ ਸਵਾਰਾਂ ਨੂੰ ਮੌਕੇ ’ਤੇ ਮੌਜੂਦ ਲੋਕਾਂ ਨੇ ਹਸਪਤਾਲ ਪਹੁੰਚਾਇਆ। ਮ੍ਰਿਤਕ ਐਕਟਿਵਾ ਚਾਲਕ ਦਾ ਸਰੀਰ ਬੁਰੀ ਤਰ੍ਹਾਂ ਕੁਚਲਿਆ ਹੋਇਆ ਸੀ ਅਤੇ ਇਕ ਲੱਤ ਸਰੀਰ ਤੋਂ ਵੱਖ ਹੋ ਗਈ ਸੀ। ਜਥੇਬੰਦੀ ਦੇ ਮੈਂਬਰਾਂ ਨੇ ਪੁਲੀਸ ਕਾਰਵਾਈ ਤੋਂ ਬਾਅਦ ਲਾਸ਼ਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਮ੍ਰਿਤਕਾਂ ਦੀ ਪਛਾਣ ਗੁਰਸੇਵਕ ਸਿੰਘ (55) ਪੁੱਤਰ ਗੁਰਾ ਸਿੰਘ, ਮੰਦਰ ਸਿੰਘ (50) ਪੁੱਤਰ ਮਿੱਡਾ ਸਿੰਘ ਵਾਸੀ ਪਿੰਡ ਦਿਓਣ ਅਤੇ ਜ਼ਖਮੀਆਂ ਦੀ ਪਛਾਣ ਆਰੀਅਨ ਬਾਂਸਲ (21) ਪੁੱਤਰ ਸੁਸ਼ੀਲ ਬਾਂਸਲ, ਯਸ਼ੂ (22) ਪੁੱਤਰ ਸੰਦੀਪ ਕੁਮਾਰ ਵਾਸੀ ਸੰਗਤ ਮੰਡੀ ਵਜੋਂ ਹੋਈ ਹੈ।
ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੀ ਮੌਤ
ਜ਼ੀਰਾ (ਪੱਤਰ ਪ੍ਰੇਰਕ): ਇੱਥੋਂ ਦੇ ਜ਼ੀਰਾ ਫਿਰੋਜ਼ਪੁਰ ਰੋਡ ’ਤੇ ਅਵਾਰਾ ਪਸ਼ੂਆਂ ਦੀ ਟੱਕਰ ਲੱਗਣ ਕਾਰਨ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਦੇਵ ਸਿੰਘ (58) ਵਾਸੀ ਪਿੰਡ ਫੇਰੋਕੇ ਬੀਤੀ 24 ਅਗਸਤ ਨੂੰ ਆਪਣੇ ਮੋਟਰਸਾਈਕਲ ’ਤੇ ਜ਼ੀਰਾ ਤੋਂ ਪਿੰਡ ਪਰਤ ਰਿਹਾ ਸੀ ਤਾਂ ਜ਼ੀਰਾ - ਫਿਰੋਜ਼ਪੁਰ ਸੜਕ ’ਤੇ ਅਚਾਨਕ ਤਿੰਨ ਦੇ ਕਰੀਬ ਗਾਵਾਂ ਸੜਕ ’ਤੇ ਆ ਗਈਆਂ, ਜਿਨ੍ਹਾਂ ਨੇ ਸੁਖਦੇਵ ਸਿੰਘ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਸੁਖਦੇਵ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਇੱਥੋਂ ਦੇ ਸੁਖਮਨੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।