ਤਹਿਸੀਲ ਦਫ਼ਤਰ ਵਿੱਚ ਬਿਜਲੀ ਨਾ ਹੋਣ ਕਾਰਨ ਰਜਿਸਟਰੀਆਂ ਦਾ ਕੰਮ ਠੱਪ
ਕੇ.ਕੇ ਬਾਂਸਲ
ਰਤੀਆ, 4 ਜੂਨ
ਰਤੀਆ ਦੇ ਤਹਿਸੀਲ ਕੰਪਲੈਕਸ ਅਤੇ ਐੱਸਡੀਐੱਮ ਕੰਪਲੈਕਸ ਵਿੱਚ ਬਿਜਲੀ ਨਾ ਆਉਣ ਕਾਰਨ ਈ-ਦਿਸ਼ਾ ਕੇਂਦਰ ਵਿੱਚ ਰਜਿਸਟਰੇਸ਼ਨ ਕਰਵਾਉਣ ਆਏ ਸੈਂਕੜੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਘੰਟੇ ਬਿਜਲੀ ਨਾ ਆਉਣ ‘ਤੇ ਪ੍ਰੇਸ਼ਾਨ ਲੋਕਾਂ ਨੇ ਇਸ ਦੀ ਸ਼ਿਕਾਇਤ ਵਿਧਾਇਕ ਲਛਮਣ ਨਾਪਾ ਅਤੇ ਐੱਸਡੀਐੱਮ ਜਗਦੀਸ਼ ਚੰਦਰ ਨੂੰ ਕੀਤੀ ਪਰ ਵਿਧਾਇਕ ਦੀਆਂ ਹਦਾਇਤਾਂ ਤੋਂ ਬਾਅਦ ਵੀ ਦੁਪਹਿਰ ਤੱਕ ਤਹਿਸੀਲ ਦਫ਼ਤਰ ‘ਚ ਬਿਜਲੀ ਨਹੀਂ ਆਈ, ਜਿਸ ਕਾਰਨ ਲੋਕਾਂ ਦੇ ਨਾਲ ਬਿਜਲੀ ਮਹਿਕਮੇ ਦੇ ਨਾਲ ਹੀ ਤਹਿਸੀਲ ਵਿਭਾਗ ਦੇ ਖ਼ਿਲਾਫ਼ ਵੀ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਤਹਿਸੀਲ ਦਫ਼ਤਰ ਵਿੱਚ ਰਜਿਸਟਰੀ ਕਰਵਾਉਣ ਆਏ ਲੋਕਾਂ ਨੇ ਦੋਸ਼ ਲਾਇਆ ਕਿ ਪਿਛਲੇ ਕਈ ਦਿਨਾਂ ਤੋਂ ਤਹਿਸੀਲ ਦਫ਼ਤਰ ਅਤੇ ਐੱਸਡੀਐੱਮ ਦਫ਼ਤਰ ਵਿੱਚ ਬਿਜਲੀ ਦੀ ਸਮੱਸਿਆ ਹੈ ਅਤੇ ਦੋ ਦਿਨਾਂ ਤੋਂ ਬਿਜਲੀ ਨਹੀਂ ਹੈ, ਜਿਸ ਕਾਰਨ ਆਉਣ ਵਾਲੇ ਲੋਕਾਂ ਨੂੰ ਰਜਿਸਟਰੀ ਅਤੇ ਹੋਰ ਕੰਮ ਕਰਵਾਉਣ ਲਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਦੋਸ਼ ਲਾਇਆ ਕਿ ਅੱਜ ਸਵੇਰ ਤੋਂ ਹੀ ਤਹਿਸੀਲ ਦਫਤਰ ‘ਚ ਬਿਜਲੀ ਨਹੀਂ ਹੈ, ਜਿਸ ਕਾਰਨ ਬਜ਼ੁਰਗਾਂ ਦੇ ਨਾਲ-ਨਾਲ ਔਰਤਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਰਜਿਸਟਰੀ ਨਹੀਂ ਹੋ ਸਕੀ। ਪ੍ਰੇਸ਼ਾਨ ਲੋਕਾਂ ਨੇ ਵਿਧਾਇਕ ਲਛਮਣ ਨਾਪਾ ਅਤੇ ਐੱਸਡੀਐੱਮ ਜਗਦੀਸ਼ ਚੰਦਰ ਨਾਲ ਮੁਲਾਕਾਤ ਕੀਤੀ। ਪਰ ਤਹਿਸੀਲ ਦਫ਼ਤਰ ਵਿੱਚ ਦੁਪਹਿਰ ਤੱਕ ਵੀ ਬਿਜਲੀ ਨਹੀਂ ਆ ਸਕੀ, ਜਿਸ ਕਾਰਨ ਲੋਕਾਂ ਨੇ ਬਿਜਲੀ ਵਿਭਾਗ ਅਤੇ ਤਹਿਸੀਲ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਰੋਸ ਜਤਾਇਆ। ਵਿਧਾਇਕ ਲਛਮਣ ਨਾਪਾ ਨੇ ਕਿਹਾ ਕਿ ਜੋ ਵੀ ਅਧਿਕਾਰੀ ਸਮੇਂ ਸਿਰ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰਦਾ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਬਿਜਲੀ ਨਿਗਮ ਦੇ ਅਧਿਕਾਰੀਆਂ ਨੂੰ ਦੋ ਦਿਨਾਂ ਵਿੱਚ ਇਸ ਸਮੱਸਿਆ ਦਾ ਸਥਾਈ ਹੱਲ ਕਰਨ ਦੇ ਨਿਰਦੇਸ਼ ਦਿੱਤੇ ਹਨ।