For the best experience, open
https://m.punjabitribuneonline.com
on your mobile browser.
Advertisement

ਕਿਸਾਨ ਮਹਾਪੰਚਾਇਤ ਕਾਰਨ ਦਿੱਲੀ ਦੀਆਂ ਸੜਕਾਂ ਜਾਮ

10:13 AM Mar 15, 2024 IST
ਕਿਸਾਨ ਮਹਾਪੰਚਾਇਤ ਕਾਰਨ ਦਿੱਲੀ ਦੀਆਂ ਸੜਕਾਂ ਜਾਮ
ਨਵੀਂ ਦਿੱਲੀ ਵਿੱਚ ਕਿਸਾਨਾਂ ਦੀ ਮਹਾਪੰਚਾਇਤ ਕਾਰਨ ਲੱਗੇ ਜਾਮ ’ਚ ਫਸੇ ਵਾਹਨ। -ਫੋਟੋ: ਪੀਟੀਆਈ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 14 ਮਾਰਚ
ਸੰਯੁਕਤ ਕਿਸਾਨ ਮੋਰਚੇ ਵੱਲੋਂ ਇਥੇ ਰਾਮਲੀਲਾ ਮੈਦਾਨ ਵਿੱਚ ਐੱਮਐੱਸਪੀ ਸਣੇ ਹੋਰ ਕਿਸਾਨੀ ਮੰਗਾਂ ਲਈ ਅੱਜ ਕਿਸਾਨ ਮਹਾਪੰਚਾਇਤ ਕੀਤੀ ਗਈ, ਜਿਥੇ ਦੇਸ਼ ਭਰ ’ਚੋਂ ਹਜ਼ਾਰਾਂ ਕਿਸਾਨਾਂ ਨੇ ਪੂਰੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਉਥੇ ਹੀ ਇਸ ਮਹਾਪੰਚਾਇਤ ਕਾਰਨ ਅੱਜ ਦਿੱਲੀ-ਐੱਨਸੀਆਰ ਦੀਆਂ ਕਈ ਸੜਕਾਂ ’ਤੇ ਟਰੈਫਿਕ ਜਾਮ ਰਿਹਾ। ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਕਿਸਾਨ ਨੋਇਡਾ ਵੱਲ ਤੋਂ ਵੀ ਪਹੁੰਚੇ, ਜਿਸ ਕਾਰਨ ਨੋਇਡਾ, ਗ੍ਰੇਟਰ ਨੋਇਡਾ ਐਕਸਪ੍ਰੈਸਵੇਅ ਅਤੇ ਚਿੱਲਾ ਬਾਰਡਰ, ਡੀਐੱਨਡੀ ’ਤੇ ਸਵੇਰੇ 7 ਵਜੇ ਤੋਂ 11 ਵਜੇ ਤੱਕ ਆਵਾਜਾਈ ਪ੍ਰਭਾਵਿਤ ਰਹੀ। ਦਿੱਲੀ ਟਰੈਫਿਕ ਪੁਲੀਸ ਨੇ ਆਵਾਜਾਈ ਸੁਚਾਰੂ ਢੰਗ ਨਾਲ ਬਹਾਲ ਰੱਖਣ ਲਈ ਇੱਕ ਟਰੈਫਿਕ ਐਡਵਾਈਜ਼ਰੀ ਵੀ ਜਾਰੀ ਕੀਤੀ, ਜਿਸ ਵਿੱਚ ਰਾਹਗੀਰਾਂ ਨੂੰ ਬਦਲਵੇਂ ਰਾਸਤਿਆਂ ਤੋਂ ਜਾਣ ਲਈ ਸੁਚੇਤ ਕੀਤਾ ਗਿਆ।
ਉਧਰ ਰਾਮਲੀਲਾ ਮੈਦਾਨ ਵਿੱਚ ਹਜ਼ਾਰਾਂ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਆਪਣਾ ਰੋਸ ਦਰਜ ਕਰਵਾਇਆ। ਕਿਸਾਨ ਆਪਣੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਦਰਜਾ ਯਕੀਨੀ ਬਣਾਉਣ ਲਈ ਕਾਨੂੰਨ ਬਣਾਉਣ, ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਪੈਨਸ਼ਨ ਅਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀ ਮੰਗ ਕਰ ਰਹੇ ਸਨ। ਸਰਹੱਦਾਂ ’ਤੇ ਦਿੱਲੀ ਪੁਲੀਸ ਅਤੇ ਨੋਇਡਾ ਪੁਲੀਸ ਵੱਲੋਂ ਕਾਰ ਰਾਹੀਂ ਦਿੱਲੀ ਜਾਣ ਵਾਲਿਆਂ ਨੂੰ ਹੀ ਇਜਾਜ਼ਤ ਦਿੱਤੀ ਗਈ ਸੀ, ਜਿਸ ਕਾਰਨ ਨੋਇਡਾ ਤੋਂ ਦਿੱਲੀ ਹੱਦ ਤੱਕ ਸੜਕ ’ਤੇ ਭਾਰੀ ਆਵਾਜਾਈ ਸੀ। ਨੋਇਡਾ ਤੋਂ ਦਿੱਲੀ ਜਾਣ ਵਾਲੇ ਚਾਲਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਦਿੱਲੀ ਦੇ ਤਾਜਪੁਰ ਮੋੜ ਤੋਂ ਸੋਨੀਪਤ ਦੇ ਮੋੜ ਕੁੰਡਲੀ ਤੱਕ ਵਾਹਨਾਂ ਦੀ 3 ਕਿਲੋਮੀਟਰ ਲੰਬੀ ਲਾਈਨ ਲੱਗ ਗਈ। ਐੱਨਐੱਚ 44 ਦੀ ਸਿਰਫ਼ ਇੱਕ ਲੇਨ ਖੁੱਲ੍ਹੀ ਸੀ। ਕੁੰਡਲੀ ਬਾਰਡਰ ’ਤੇ ਕਿਸਾਨਾਂ ਦੇ ਵਾਹਨਾਂ ਦੀ ਚੈਕਿੰਗ ਕਰ ਕੇ ਉਨ੍ਹਾਂ ਨੂੰ ਦਿੱਲੀ ’ਚ ਐਂਟਰੀ ਦਿੱਤੀ ਗਈ। ਇਸ ਕਾਰਨ ਕੁੰਡਲੀ ਹੱਦ ’ਤੇ ਭਾਰੀ ਟਰੈਫਿਕ ਜਾਮ ਹੋ ਗਿਆ। ਪੁਲੀਸ ਸਿੰਘੂ ਬਾਰਡਰ ’ਤੇ ਕਿਸਾਨਾਂ ਦੇ ਵਾਹਨਾਂ ਦੇ ਵੇਰਵੇ ਆਪਣੇ ਰਜਿਸਟਰ ਵਿੱਚ ਦਰਜ ਕਰ ਰਹੀ ਸੀ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਵੇਰੇ 8 ਵਜੇ ਤੋਂ ਕਿਸਾਨਾਂ ਦੇ ਕਰੀਬ 400 ਛੋਟੇ ਅਤੇ ਵੱਡੇ ਵਾਹਨਾਂ ਨੂੰ ਦਿੱਲੀ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ। ਦਿੱਲੀ ਵਿੱਚ ਮਹਾਪੰਚਾਇਤ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਇਸ ਸਬੰਧੀ ਪੁਲੀਸ ਦੇ ਡਿਪਟੀ ਕਮਿਸ਼ਨਰ ਦੇਵੇਸ਼ ਕੁਮਾਰ ਨੇ ਦੱਸਿਆ ਕਿ ਕਿਸਾਨਾਂ ਨੇ ਕੱਲ੍ਹ ਤੋਂ ਦਿੱਲੀ ਆਉਣਾ ਸ਼ੁਰੂ ਕਰ ਦਿੱਤਾ ਸੀ। ਉਥੇ ਹੀ ਪੁਲੀਸ ਵੱਲੋਂ ਹਰ ਗਤੀਵਿਧੀ ’ਤੇ ਨਜ਼ਰ ਰੱਖੀ ਜਾ ਰਹੀ ਹੈ।

Advertisement

ਕਾਰਪੋਰੇਟਾਂ ਖ਼ਿਲਾਫ਼ ਇਕਜੁੱਟ ਹੋਣ ਦਾ ਸੱਦਾ

ਸੰਯੁਕਤ ਕਿਸਾਨ ਮੋਰਚੇ ਵੱਲੋਂ ਰਾਮਲੀਲਾ ਮੈਦਾਨ ਵਿਚ ਕੀਤੀ ਗਈ ਮਹਾਪੰਚਾਇਤ ਦੌਰਾਨ ਔਰਤਾਂ ਨੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਸਾਨ ਮੰਗਾਂ ਦੇ ਹੱਕ ਵਿਚ ਆਪਣੀ ਆਵਾਜ਼ ਬੁਲੰਗ ਕੀਤੀ ਹੈ। ਏਆਈਐੱਮਐੱਸਐੱਸ ਦੀ ਦਿੱਲੀ ਪ੍ਰਦੇਸ਼ ਦੀ ਸੰਗਠਨ ਸਕੱਤਰ ਰਿਤੂ ਕੌਸ਼ਿਕ ਨੇ ਕਿਹਾ ਕਿ ਮੋਦੀ ਸਰਕਾਰ ਦਾ ਸਫਾਇਆ ਕੀਤੇ ਬਿਨਾਂ ਕਾਰਪੋਰੇਟਾਂ ਵੱਲੋਂ ਕੀਤੀ ਜਾਂਦੀ ਦੇਸ਼ ਦੀ ਲੁੱਟ ਨਹੀਂ ਰੋਕੀ ਜਾ ਸਕਦੀ। ਉਨ੍ਹਾਂ ਕਿਹਾ ਕਿ 10 ਸਾਲਾਂ ਤੋਂ ਜੋ ਲੁੱਟ ਕਾਰਪੋਰੇਟ ਵੱਲੋਂ ਕੀਤੀ ਜਾ ਰਹੀ ਹੈ, ਉਸ ਤੋਂ ਬਚਾਉਣ ਲਈ ਹਰੇਕ ਨੂੰ ਉਠਣਾ ਪਵੇਗਾ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨਾਲ 12 ਸਾਲਾਂ ਤੋਂ ਜੁੜੀ ਹਰਪ੍ਰੀਤ ਕੌਰ (ਜੇਠੂਕੇ ਪਿੰਡ) ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਦਰੜ ਰਹੀ ਹੈ ਤੇ ਜਮਹੂਰੀਅਤ ਦਾ ਘਾਣ ਕੀਤਾ ਜਾ ਰਿਹਾ ਹੈ। ਕਰਤਾਰ ਕੌਰ ਤੇ ਬਲਬੀਰ ਕੌਰ (ਬਖਸ਼ੀਆਲਾ) ਨੇ ਕਿਹਾ ਕਿ ਨੌਕਰੀਆਂ ਖਤਮ ਕਰ ਦਿੱਤੀਆਂ ਗਈਆਂ ਹਨ। ਪ੍ਰਯਾਗਰਾਜ (ਯੂਪੀ) ਤੋਂ ਆਈ ਕਲਾਵਤੀ (ਸਰਭ ਭਾਰਤੀ ਕਿਸਾਨ ਯੂਨੀਅਨ) ਨੇ ਕਿਹਾ ਕਿ ਕਿਸਾਨਾਂ ਨੂੰ ਵਾਜਬ ਮੁੱਲ ਮਿਲੇ ਤੇ ਮਹਿੰਗਾਈ ਰੋਕੀ ਜਾਵੇ। ਉਸ ਨੇ ਦੱਸਿਆ ਕਿ ਉਸ ਦੇ ਘਰ ’ਤੇ ਦਬੰਗਾਂ ਨੇ ਕਬਜ਼ਾ ਕਰ ਲਿਆ ਹੈ ਤੇ ਉਹ ਕਿਸਾਨ ਸੰਘਰਸ਼ ਨਾਲ ਮਿਲ ਕੇ ਮਜ਼ਦੂਰਾਂ ਲਈ ਲੜ ਰਹੀ ਹੈ।

Advertisement
Author Image

sukhwinder singh

View all posts

Advertisement
Advertisement
×