ਹਰਿਆਣਾ ਚੋਣਾਂ ਕਾਰਨ ਸੋਨਮ ਵਾਂਗਚੁੱਕ ਦੀ ਪੈਦਲ ਯਾਤਰਾ ਨੂੰ ਨਹੀਂ ਮਿਲੀ ਮਨਜ਼ੂਰੀ
ਹਰਜੀਤ ਸਿੰਘ
ਜ਼ੀਰਕਪੁਰ, 29 ਸਤੰਬਰ
ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਦੀ ਅਗਵਾਈ ਹੇਠ ਲੇਹ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਤੱਕ ਸ਼ੁਰੂ ਕੀਤੀ ਪੈਦਲ ਯਾਤਰਾ ਅੱਜ ਚੰਡੀਗੜ੍ਹ, ਜ਼ੀਰਕਪੁਰ ਹੁੰਦੀ ਹੋਈ ਡੇਰਾਬੱਸੀ ਪਹੁੰਚ ਗਈ। ਇਹ ਯਾਤਰਾ ਵਿੱਚ ਉਨ੍ਹਾਂ ਨਾਲ 100 ਤੋਂ ਵਧ ਵਾਲੰਟੀਅਰ ਸ਼ਾਮਲ ਹਨ। ਜਿਸਦਾ ਮੁੱਖ ਮਕਸਦ ਕੇਂਦਰ ਸਰਕਾਰ ਨਾਲ ਉਨ੍ਹਾਂ ਦੀ ਮੰਗਾਂ ਦੇ ਚਾਰ ਨੁਕਾਤੀ ਏਜੰਡੇ ਦੇ ਲੱਦਾਖ ਦੀ ਲੀਡਰਸ਼ਿੱਪ ਨਾਲ ਰੁਕੀ ਹੋਈ ਗੱਲਬਾਤ ਮੁੜ ਸ਼ੁਰੂ ਕਰਨ ਦਾ ਸੱਦਾ ਦੇਣਾ ਹੈ। ਇਸ ਯਾਤਰਾ ਦਾ ਇਲਾਕੇ ਦੇ ਲੋਕਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਹੈ। ਯਾਤਰਾ ਵਿੱਚ ਸ਼ਾਮਲ ਲੋਕ ਡੇਰਾਬੱਸੀ ਅਨਾਜ ਮੰਡੀ ਵਿਖੇ ਸਥਿਤ ਸ੍ਰੀ ਗੁਰੂ ਅੰਗਦ ਦੇਵ ਜੀ ਗੁਰਦੁਆਰਾ ਸਾਹਿਬ ਵਿਖੇ ਰਾਤ ਕੱਟਣਗੇ ਜਿਸ ਮਗਰੋਂ ਸਵੇਰ ਮੁੜ ਤੋਂ ਦਿੱਲੀ ਵੱਲ ਚਾਲੇ ਪਾਏ ਜਾਣਗੇ। ਉਨ੍ਹਾਂ ਨੂੰ ਹਰਿਆਣਾ ਵਿਖੇ ਵਿਧਾਨ ਸਭਾ ਚੋਣਾਂ ਹੋਣ ਕਾਰਨ ਪੈਦਲ ਯਾਤਰਾ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਜਿਸ ਕਾਰਨ ਉਹ ਹੁਣ ਹਰਿਆਣਾ ਹੱਦ ਤੋਂ ਦਿੱਲੀ ਤੱਕ ਬੱਸ ਵਿੱਚ ਸਫ਼ਰ ਕਰਨਗੇ। ਦਿੱਲੀ ਚਲੋ ਯਾਤਰਾ ਲੇਹ ਏਪੈਕਸ ਬਾਡੀ (ਐਲਏਬੀ) ਵੱਲੋਂ ਕੀਤੀ ਜਾ ਰਹੀ ਇਹ ਯਾਤਰਾ ਕਾਰਗਿਲ ਡੈਮੋਕਰੈਟਿਕ ਅਲਾਇੰਸ (ਕੇਡੀਏ) ਨਾਲ ਰਲ ਕੇ ਲੰਘੇ ਚਾਰ ਸਾਲਾ ਤੋਂ ਸੂਬੇ ਦਾ ਦਰਜਾ, ਸੰਵਿਧਾਨ ਦੀ ਛੇਵੀਂ ਅਨੁਸੂਚੀ ਵਿੱਚ ਵਿਸਤਾਾਰ, ਲੱਦਾਖ ਲਈ ਲੋਕ ਸੇਵਾ ਕਮਿਸ਼ਨ ਦੇ ਨਾਲ ਛੇਤੀ ਭਰਤੀ ਪ੍ਰਕ੍ਰਿਆ ਅਤੇ ਲੇਹ ਤੇ ਕਾਰਗਿਲ ਜ਼ਿਲ੍ਹਿਆ ਲਈ ਵੱਖ ਵੱਖ ਲੋਕ ਸਭਾ ਸੀਟਾਂ ਦੀ ਹਮਾਇਤ ਵਿੱਚ ਸਾਂਝੇ ਤੌਰ ’ਤੇ ਅੰਦੋਲਨ ਦੀ ਅਗਵਾਈ ਕਰ ਰਹੇ ਹਨ। ਯਾਤਰਾ ਐਲਏਬੀ ਦੇ ਪ੍ਰਧਾਨ ਥੁਪਸਤਾਨ ਛੇਵਾਂਗ ਨੇ ਐੱਨਡੀਐੱਸ ਮੈਮੋਰੀਅਲ ਪਾਰਕ ਤੋਂ ਮਾਰਚ ਨੂੰ ਹਰੀ ਝੰਡੀ ਦਿਖਾ ਕੇ ਇਕ ਸਤੰਬਰ ਨੂੰ ਰਵਾਨਾ ਕੀਤਾ ਸੀ।