ਸੋਕਾ ਲੱਗਣ ਕਾਰਨ ਕਿਸਾਨ ਨੇ ਝੋਨਾ ਵਾਹਿਆ
ਪੱਤਰ ਪ੍ਰੇਰਕ
ਲਹਿਰਾਗਾਗਾ, 31 ਜੁਲਾਈ
ਮੀਂਹ ਨਾ ਪੈਣ ਕਾਰਨ ਖੇਤਰ ਦੇ ਕਿਸਾਨ ਝੋਨੇ ਦੀ ਫ਼ਸਲ ਵਾਹੁਣ ਲਈ ਮਜਬੂਰ ਹਨ। ਪਿੰਡ ਗੋਬਿੰਦਗੜ੍ਹ ਜੇਜੀਆਂ ਦੇ ਕਿਸਾਨ ਗੁਰਪਿਆਰ ਸਿੰਘ ਨੇ ਦੱਸਿਆ ਕਿ ਉਸ ਨੇ ਇਕ ਏਕੜ ਵਿੱਚ 1847 ਕਿਸਮ ਦਾ ਝੋਨਾ ਲਾਇਆ ਸੀ, ਪਰ ਸੋਕਾ ਲੱਗਣ ਕਾਰਨ ਉਸ ਨੇ ਫ਼ਸਲ ਵਾਹ ਦਿੱਤੀ। ਉਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਖੇਤੀ ਮੋਟਰਾਂ ਲਈ ਅੱਠ ਘੰਟੇ ਬਿਜਲੀ ਨਾ ਦੇਣ ਕਾਰਨ ਫਸਲ ਵਿੱਚ ਪਾਣੀ ਪੂਰਾ ਨਹੀਂ ਹੋਇਆ ਤੇ ਪਾਣੀ ਦੀ ਘਾਟ ਕਾਰਨ ਝੋਨੇ ਦੀ ਫਸਲ ’ਤੇ ਨਦੀਨਾਂ ਨੇ ਹਮਲਾ ਕਰ ਦਿੱਤਾ। ਕਿਸਾਨ ਨੇ ਦੱਸਿਆ ਕਿ ਉਸ ਨੇ 9000 ਰੁਪਏ ਦੀ ਸਪਰੇਅ ਕਰਨ ਦੇ ਬਾਵਜੂਦ ਵੀ ਝੋਨੇ ਦੀ ਫਸਲ ਸਹੀ ਨਹੀਂ ਹੋਈ। ਉਸ ਨੇ ਦੱਸਿਆ ਕਿ ਇੱਕ ਏਕੜ ਝੋਨੇ ਦੀ ਫਸਲ ’ਤੇ ਉਹ ਹੁਣ ਤੱਕ 20 ਹਜ਼ਾਰ ਰੁਪਏ ਦੇ ਕਰੀਬ ਖਰਚਾ ਕਰ ਚੁੱਕਾ, ਪਰ ਇਸ ਦੇ ਬਾਵਜੂਦ ਫਸਲ ਨੂੰ ਝੰਡਾ ਰੋਗ ਪੈ ਗਿਆ। ਅੱਜ ਉਹ ਫਸਲ ਵਾਹੁਣ ਲਈ ਮਜਬੂਰ ਹਨ। ਇਸ ਦੌਰਾਨ ਕਿਸਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਖੇਤਾਂ ਵਾਲੀ ਬਿਜਲੀ ਨਿਰਵਿਘਨ ਦਿੱਤੀ ਜਾਵੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਲਹਿਰਾਗਾਗਾ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਦੇਣ ਦਾ ਐਲਾਨ ਕੀਤਾ ਸੀ, ਪਰ ਹੁਣ ਕਿਸਾਨਾਂ ਨੂੰ ਸਿਰਫ਼ ਦੋ ਢਾਈ ਘੰਟੇ ਬਿਜਲੀ ਸਪਲਾਈ ਹੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਬਿਜਲੀ ਨੂੰ ਲੈ ਕੇ 5 ਅਗਸਤ ਨੂੰ ਧਰਨੇ ਦਿੱਤੇ ਜਾਣਗੇ।