For the best experience, open
https://m.punjabitribuneonline.com
on your mobile browser.
Advertisement

ਨਸ਼ਾ ਤਸਕਰੀ: 9.2 ਕਿੱਲੋ ਹੈਰੋਇਨ ਸਣੇ ਤਿੰਨ ਕਾਬੂ

07:37 AM Jun 29, 2024 IST
ਨਸ਼ਾ ਤਸਕਰੀ  9 2 ਕਿੱਲੋ ਹੈਰੋਇਨ ਸਣੇ ਤਿੰਨ ਕਾਬੂ
ਮੁਲਜ਼ਮਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲੀਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ। -ਫੋਟੋ: ਵਿਸ਼ਾਲ ਕੁਮਾਰ
Advertisement

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 28 ਜੂਨ
ਪੰਜਾਬ ਪੁਲੀਸ ਨੇ ਸਰਹੱਦ ਪਾਰੋਂ ਚਲਾਏ ਜਾ ਰਹੇ ਨਸ਼ਾ ਤਸਕਰੀ ਦੇ ਦੋ ਵੱਖ-ਵੱਖ ਮਾਮਲਿਆਂ ਦਾ ਪਰਦਾਫਾਸ਼ ਕਰਦਿਆਂ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਕੋਲੋਂ 9.2 ਕਿਲੋ ਹੈਰੋਇਨ ਬਰਾਮਦ ਹੋਈ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਠੋਸ ਸੂਚਨਾ ਦੇ ਆਧਾਰ ’ਤੇ ਏਡੀਸੀਪੀ ਸਿਟੀ-2 ਅਭਿਮਨਿਊ ਰਾਣਾ ਦੀ ਅਗਵਾਈ ਹੇਠ ਥਾਣਾ ਛੇਹਰਟਾ ਦੀਆਂ ਪੁਲੀਸ ਟੀਮਾਂ ਨੇ ਰਾਜਾਸਾਂਸੀ ਦੇ ਸ਼ਿਵਾ ਐਨਕਲੇਵ ’ਚੋਂ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 8.2 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ।
ਮੁਲਜ਼ਮਾਂ ਦੀ ਪਛਾਣ ਬਚਿੱਤਰ ਸਿੰਘ ਅਤੇ ਸਨੀ ਵਜੋਂ ਹੋਈ ਹੈ। ਬਚਿੱਤਰ ਸਿੰਘ ਨੂੰ 2021 ਤੋਂ ਕਤਲ ਕੇਸ ਵਿੱਚ ਭਗੌੜਾ ਐਲਾਨਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਕੋਲੋ 95,000 ਰੁਪਏ ਦੀ ਡਰੱਗ ਮਨੀ, ਇਕ ਇਲੈਕਟ੍ਰਾਨਿਕ ਕੰਡਾ ਅਤੇ ਕਾਰ ਬਰਾਮਦ ਕੀਤੀ ਹੈ। ਇਸ ਸਬੰਧੀ ਥਾਣਾ ਛੇਹਰਟਾ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇੱਕ ਹੋਰ ਮਾਮਲੇ ਵਿੱਚ ਖੁਫੀਆ ਸੂਚਨਾ ’ਤੇ ਕਾਰਵਾਈ ਕਰਦਿਆਂ ਥਾਣਾ ਰਣਜੀਤ ਐਵੇਨਿਊ ਦੀ ਪੁਲੀਸ ਨੇ ਰਣਜੀਤ ਐਵੇਨਿਊ ਬਾਈਪਾਸ ’ਤੇ ਨਾਕਾਬੰਦੀ ਕਰ ਕੇ ਅਮਨਦੀਪ ਸਿੰਘ ਵਾਸੀ ਪਿੰਡ ਰਾਣੀਆਂ, ਲੋਪੋਕੇ ਨੂੰ 1 ਕਿਲੋ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਉਸਦੀ ਕਾਰ ਨੂੰ ਵੀ ਜ਼ਬਤ ਕਰ ਲਿਆ ਹੈ। ਇਸ ਸਬੰਧੀ ਥਾਣਾ ਰਣਜੀਤ ਐਵੇਨਿਊ ’ਚ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਮੁਲਜ਼ਮ ਪਾਕਿਸਤਾਨ ਆਧਾਰਿਤ ਤਸਕਰਾਂ ਦੇ ਸਿੱਧੇ ਸੰਪਰਕ ਵਿੱਚ ਸਨ, ਜੋ ਡਰੋਨ ਰਾਹੀਂ ਪਾਕਿਸਤਾਨ ਤੋਂ ਨਸ਼ੀਲੇ ਪਦਾਰਥ ਮੰਗਵਾ ਕੇ ਸੂਬੇ ਭਰ ਵਿੱਚ ਸਪਲਾਈ ਕਰਦੇ ਸਨ।

Advertisement

ਅੰਤਰਰਾਜੀ ਅਫ਼ੀਮ ਤਸਕਰੀ ਗਰੋਹ ਦੇ ਦੋ ਮੈਂਬਰ ਕਾਬੂ

ਚੰਡੀਗੜ੍ਹ: ਪੰਜਾਬ ਪੁਲੀਸ ਨੇ ਅੱਜ ਅੰਤਰਰਾਜੀ ਅਫ਼ੀਮ ਤਸਕਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਗਰੋਹ ਦੇ ਦੋ ਤਸਕਰਾਂ ਨੂੰ 66 ਕਿਲੋਗ੍ਰਾਮ ਨਸ਼ੀਲੇ ਪਦਾਰਥ ਸਣੇ ਗ੍ਰਿਫ਼ਤਾਰ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਨੇ ਅਫੀਮ ਨੂੰ ਆਪਣੀ ਕਾਰ ਦੇ ਹੇਠਲੇ ਪਾਸੇ ਛੁਪਾ ਕੇ ਰੱਖਿਆ ਹੋਇਆ ਸੀ। ਮੁਲਜ਼ਮਾਂ ਦੀ ਪਛਾਣ ਸੁਖਯਾਦ ਸਿੰਘ ਤੇ ਜਗਰਾਜ ਸਿੰਘ ਵਜੋਂ ਹੋਈ ਹੈ। -ਪੀਟੀਆਈ

ਪਾਕਿ ਤੋਂ ਆਇਆ ਡਰੋਨ ਤੇ ਅੱਧਾ ਕਿੱਲੋ ਹੈਰੋਇਨ ਬਰਾਮਦ

ਫਿਰੋਜ਼ਪੁਰ (ਨਿੱਜੀ ਪੱਤਰ ਪ੍ਰੇਰਕ): ਬੀਐੱਸਐੱਫ਼ ਦੇ ਜਵਾਨਾਂ ਨੇ ਇਥੇ ਹੁਸੈਨੀਵਾਲਾ ਬਾਰਡਰ ਦੇ ਨਾਲ ਲੱਗਦੇ ਪਿੰਡ ਬਾਰੇ ਕੇ ਦੇ ਖੇਤਾਂ ’ਚੋਂ ਪਾਕਿਸਤਾਨ ਤੋਂ ਆਇਆ ਇੱਕ ਡਰੋਨ ਅਤੇ 510 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਹ ਖੇਪ ਕਿਸਾਨ ਸੂਰਤ ਸਿੰਘ ਦੇ ਖੇਤਾਂ ’ਚੋਂ ਬਰਾਮਦ ਹੋਈ ਹੈ। ਬੀਐੱਸਐੱਫ਼ ਦੀ 155 ਬਟਾਲੀਅਨ ਦੇ ਕੰਪਨੀ ਕਮਾਂਡਰ ਮਹੇਸ਼ ਕੁਮਾਰ ਵਰਮਾ ਨੇ ਥਾਣਾ ਸਦਰ ਨੂੰ ਦੱਸਿਆ ਕਿ ਇਸ ਬਾਰੇ ਸੂਚਨਾ ਮਿਲਣ ’ਤੇ ਬੀਐੱਸਐੱਫ਼ ਦੇ ਸਬ-ਇੰਸਪੈਕਟਰ ਗੁਰਤੇਜ ਸਿੰਘ ਨੇ ਦੋਵੇਂ ਚੀਜ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਪੁਲੀਸ ਨੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।

Advertisement
Author Image

joginder kumar

View all posts

Advertisement
Advertisement
×