ਨਸ਼ਾ ਤਸਕਰੀ: ਬਸਪਾ ਵਰਕਰਾਂ ਵੱਲੋਂ ਆਦਮਪੁਰ ਥਾਣੇ ਦਾ ਘਿਰਾਓ
ਪੱਤਰ ਪ੍ਰੇਰਕ
ਜਲੰਧਰ, 19 ਅਕਤੂਬਰ
ਥਾਣਾ ਆਦਮਪੁਰ ਵਿੱਚ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ ਜਦੋਂ ਬਸਪਾ ਵਰਕਰਾਂ ਨੇ ਥਾਣਾ ਆਦਮਪੁਰ ਦਾ ਘਿਰਾਓ ਕਰ ਕੇ ਧਰਨਾ ਦੇ ਦਿੱਤਾ ਅਤੇ ਥਾਣਾ ਇੰਚਾਰਜ ਮਨਜੀਤ ਸਿੰਘ ਅਤੇ ਮੁੱਖ ਮੁਨਸ਼ੀ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਬਸਪਾ ਦੇ ਪੰਜਾਬ ਸਕੱਤਰ ਇੰਜਨੀਅਰ ਜਸਵੰਤ ਰਾਏ, ਹਲਕਾ ਇੰਚਾਰਜ ਮਦਨ ਲਾਲ ਮੱਦੀ, ਪ੍ਰੇਮ ਪਾਲ, ਪ੍ਰਧਾਨ ਜਲੰਧਰ ਦਿਹਾਤੀ ਬਲਵਿੰਦਰ ਆਰਐਲ, ਪ੍ਰਧਾਨ ਜਲੰਧਰ ਦਿਹਾਤੀ ਜਗਦੀਸ਼ ਸ਼ੇਰਪੁਰੀ ਨੇ ਕਿਹਾ ਕਿ ਜਦੋਂ ਤੋਂ ਥਾਣਾ ਆਦਮਪੁਰ ਦੇ ਇੰਚਾਰਜ ਸਬ-ਇੰਸਪੈਕਟਰ ਮਨਜੀਤ ਸਿੰਘ ਅਤੇ ਮੁੱਖ ਮੁਨਸ਼ੀ ਸਰਬਜੀਤ ਸਿੰਘ ਨੇ ਚਾਰਜ ਸੰਭਾਲਿਆ ਹੈ, ਆਦਮਪੁਰ ਵਿੱਚ ਨਸ਼ਾ ਤਸਕਰੀ ਵਧ ਗਈ ਹੈ। ਉਨ੍ਹਾਂ ਦੀ ਪਾਰਟੀ ਦੇ ਵਰਕਰ ਅਤੇ ਹੋਰ ਲੋਕ ਜਦੋਂ ਵੀ ਕੋਈ ਸ਼ਿਕਾਇਤ ਲੈ ਕੇ ਥਾਣੇ ਜਾਂਦੇ ਹਨ ਤਾਂ ਥਾਣਾ ਇੰਚਾਰਜ ਅਤੇ ਕਲਰਕ ਗੱਲ ਨਹੀਂ ਸੁਣਦੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਥਾਣਾ ਇੰਚਾਰਜ ਮਨਜੀਤ ਸਿੰਘ ਅਤੇ ਮੁੱਖ ਮੁਨਸ਼ੀ ਸਰਬਜੀਤ ਸਿੰਘ ਨੂੰ ਬਦਲਿਆ ਨਹੀਂ ਜਾਂਦਾ, ਲੋਕਾਂ ਵਿਰੁੱਧ ਨਾਜਾਇਜ਼ ਪਰਚੇ ਰੱਦ ਨਹੀਂ ਕੀਤੇ ਜਾਂਦੇ, ਪ੍ਰਦਰਸ਼ਨ ਜਾਰੀ ਰਹੇਗਾ। ਇਸ ਮੌਕੇ ਜਸਵੀਰ ਕੌਰ, ਜਗਜੀਵਨ ਰਾਮ, ਹਰਜਿੰਦਰ ਬਿੱਲਾ ਮਹਿਮਦਪੁਰ, ਫਕੀਰ ਚੰਦ ਜੱਸੀ, ਮਾਸਟਰ ਸਤਿੰਦਰ ਕੁਮਾਰ ਖੁਰਦਪੁਰ, ਹਰਦਿਆਲ ਸਿੰਘ ਰਾਮ ਨਗਰ, ਜੱਗਾ ਸੋਹਲ ਕਿੰਗਰਾ, ਸੋਨੂੰ ਕਿੰਗਰਾ, ਚਮਨ ਲਾਲ ਅਲਾਵਲਪੁਰ, ਭਜਨ ਸਿੰਘ ਹਰੀਪੁਰ ਆਦਿ ਹਾਜ਼ਰ ਸਨ।
ਤਿੰਨ ਦਿਨ ’ਚ ਹੋਵੇਗਾ ਮਸਲਾ ਹੱਲ: ਡੀਐੱਸਪੀ
ਡੀਐੱਸਪੀ ਸਬ-ਡਵੀਜ਼ਨ ਆਦਮਪੁਰ ਵਿਜੇ ਕੁੰਵਰ ਪਾਲ ਨੇ ਬਸਪਾ ਵਰਕਰਾਂ ਨਾਲ ਗੱਲਬਾਤ ਕਰਦਿਆਂ ਭਰੋਸਾ ਦਿੱਤਾ ਕਿ ਇਹ ਗੱਲਾਂ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਸਨ। ਉਨ੍ਹਾਂ ਭਰੋਸਾ ਦਿਵਾਇਆ ਕਿ ਇਸ ਮਾਮਲੇ ਦਾ ਹੱਲ ਤਿੰਨ-ਚਾਰ ਦਿਨਾਂ ਵਿੱਚ ਹੋ ਜਾਵੇਗਾ।