ਨਸ਼ਿਆਂ ਦੀ ਤਸਕਰੀ
ਨਸ਼ਿਆਂ ਦੀ ਅਲਾਮਤ ਖ਼ਿਲਾਫ਼ ਕੇਂਦਰ ਦੀ ਸਖ਼ਤ ਨੀਤੀ ਦੇ ਹਵਾਲੇ ਨਾਲ ਕੇਂਦਰੀ ਗ੍ਰਹਿ ਮੰਤਰੀ ਨੇ ਐਲਾਨ ਕੀਤਾ ਹੈ ਕਿ ਨਸ਼ਿਆਂ ਦੀ ਤਸਕਰੀ ਨਾਲ ਜੁੜੇ ਵੱਡੇ ਅਪਰਾਧੀਆਂ ਨੂੰ ਅਗਲੇ ਦੋ ਸਾਲਾਂ ਦੌਰਾਨ ਸਲਾਖ਼ਾਂ ਪਿੱਛੇ ਬੰਦ ਕਰ ਦਿੱਤਾ ਜਾਵੇਗਾ। ਗ੍ਰਹਿ ਮੰਤਰੀ ਨੇ ਇਹ ਵੀ ਦੱਸਿਆ ਕਿ ਨਸ਼ਿਆਂ ਦੇ ਵਪਾਰ ਤੋਂ ਹੁੰਦੀ ‘ਕਾਲੀ ਕਮਾਈ’ ਦੀ ਵਰਤੋਂ ਅਤਿਵਾਦ ਲਈ ਫੰਡਿੰਗ ਵਾਸਤੇ ਕੀਤੀ ਜਾਂਦੀ ਹੈ। ਇਸ ਗੱਲ ‘ਤੇ ਚਿੰਤਾ ਜ਼ਾਹਿਰ ਕੀਤੀ ਗਈ ਕਿ ਇਹ ‘ਕਾਲੀ ਕਮਾਈ’ ਦੇਸ਼ ਦੀ ਆਰਥਿਕਤਾ ਨੂੰ ਵੀ ਢਾਹ ਲਗਾ ਰਹੀ ਹੈ। ਗ੍ਰਹਿ ਮੰਤਰੀ ਅਨੁਸਾਰ ਦੇਸ਼ ਦੇ 472 ਜ਼ਿਲ੍ਹਿਆਂ ਵਿਚ ਨਸ਼ੇ ਦਾਖ਼ਲ ਹੋਣ ਦੇ ਰਸਤਿਆਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ। ਦੇਸ਼ ‘ਚ ਨਸ਼ੇ ਸਰਹੱਦਾਂ ਤੋਂ ਡਰੋਨਾਂ, ਸੁਰੰਗਾਂ, ਬੰਦਰਗਾਹਾਂ ਤੇ ਹਵਾਈ ਅੱਡਿਆਂ ਰਾਹੀਂ ਦਾਖ਼ਲ ਹੁੰਦੇ ਹਨ। ਗ੍ਰਹਿ ਮੰਤਰੀ ਨੇ ਲੋਕ ਸਭਾ ‘ਚ ਇਹ ਬਿਆਨ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਵੱਲੋਂ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਦੇ ਖੇਤਾਂ ਵਿਚੋਂ 26 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੇ ਜਾਣ ਤੋਂ ਕੁਝ ਘੰਟੇ ਬਾਅਦ ਦਿੱਤਾ। ਬੀਐੱਸਐੱਫ ਦੇ ਜਵਾਨਾਂ ਵੱਲੋਂ ਫਾਇਰਿੰਗ ਕੀਤੇ ਜਾਣ ਕਾਰਨ ਮਸ਼ਕੂਕ ਪਾਕਿਸਤਾਨੀ ਤਸਕਰ ਹੈਰੋਇਨ ਦੇ ਪੈਕੇਟ ਸੁੱਟ ਕੇ ਬਚ ਨਿਕਲੇ। ਬੀਐੱਸਐੱਫ ਦੇ ਜਵਾਨਾਂ ਨੇ 20 ਤੇ 21 ਦਸੰਬਰ ਵਿਚਕਾਰਲੀ ਰਾਤ ਨੂੰ ਅੰਮ੍ਰਿਤਸਰ ਨੇੜੇ ਇਕ ਡਰੋਨ ਗੋਲੀਆਂ ਮਾਰ ਕੇ ਡੇਗਿਆ ਅਤੇ ਚਾਰ ਕਿਲੋਗ੍ਰਾਮ ਨਸ਼ੀਲੇ ਪਦਾਰਥ ਬਰਾਮਦ ਕੀਤੇ।
ਸਰਦੀ ਦੀ ਰੁੱਤ ‘ਚ ਜਦੋਂ ਸੰਘਣੀ ਧੁੰਦ ਪੈਣ ਲੱਗੀ ਹੈ, ਤਸਕਰਾਂ ਨੇ ਡਰੋਨਾਂ ਤੇ ਹੋਰ ਤਰੀਕਿਆਂ ਨਾਲ ਭਾਰਤ ‘ਚ ਨਸ਼ੀਲੇ ਪਦਾਰਥ ਤੇ ਹਥਿਆਰ ਭੇਜਣ ਦੇ ਯਤਨ ਵਧਾ ਦਿੱਤੇ ਹਨ। ਬੀਐੱਸਐੱਫ ਦਾ ਕਹਿਣਾ ਹੈ ਕਿ ਉਸ ਨੇ ਪੰਜਾਬ ਵਿਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਚੌਕਸੀ ਵਧਾਈ ਹੋਈ ਹੈ ਪਰ ਵਾਰ ਵਾਰ ਨਸ਼ੇ ਫੜੇ ਜਾਣ ਦੇ ਬਾਵਜੂਦ ਤਸਕਰੀ ਨੂੰ ਠੱਲ੍ਹ ਪੈਂਦੀ ਨਜ਼ਰ ਨਹੀਂ ਆ ਰਹੀ। ਭਾਰਤ ‘ਚ ਜਿਨ੍ਹਾਂ ਨਸ਼ਿਆਂ ਦੀ ਤਸਕਰੀ ਕੀਤੀ ਜਾਂਦੀ ਹੈ; ਮੁੱਖ ਤੌਰ ‘ਤੇ ਅਫ਼ਗਾਨਿਸਤਾਨ, ਪਾਕਿਸਤਾਨ, ਮਿਆਂਮਾਰ, ਲਾਓਸ, ਵੀਅਤਨਾਮ ਅਤੇ ਥਾਈਲੈਂਡ ‘ਚ ਤਿਆਰ ਕੀਤੇ ਜਾਂਦੇ ਹਨ। ਇਹ ਰਿਪੋਰਟਾਂ ਵੀ ਹਨ ਕਿ ਤਾਲਬਿਾਨ ਦੇ ਸ਼ਾਸਨ ਦੇ ਬਾਵਜੂਦ ਅਫ਼ਗਾਨਿਸਤਾਨ ‘ਚ ਨਸ਼ਿਆਂ ਦਾ ਕਾਰੋਬਾਰ ਵਧ-ਫੁੱਲ ਰਿਹਾ ਹੈ ਜਦੋਂਕਿ ਉਨ੍ਹਾਂ ਪਿਛਲੇ ਸਾਲ ਅਗਸਤ ‘ਚ ਸੱਤਾ ਹਥਿਆਉਣ ਵੇਲੇ ਨਸ਼ਿਆਂ ਨੂੰ ਠੱਲ੍ਹ ਪਾਉਣ ਦਾ ਵਾਅਦਾ ਕੀਤਾ ਸੀ। ਭਾਰਤ ਇਸ ਸਾਲ ਕਈ ਮੰਚਾਂ ‘ਤੇ ਇਹ ਗੱਲ ਨਿਰੰਤਰ ਉਭਾਰਦਾ ਰਿਹਾ ਹੈ ਕਿ ਅਤਿਵਾਦ ਨੂੰ ਫੰਡਿੰਗ ਰੋਕਣ ਲਈ ਸਾਂਝੀ ਲੜਾਈ ਲੜਨ ਦੀ ਲੋੜ ਹੈ। ਇਸ ਦੇ ਨਾਲ ਉਨ੍ਹਾਂ ਦੇਸ਼ਾਂ ‘ਤੇ ਦਬਾਅ ਪਾਉਣ ਦੀ ਜ਼ਰੂਰਤ ਹੈ ਜੋ ਨਸ਼ਿਆਂ ਦੇ ਕਾਰੋਬਾਰ ਦੀ ਹਮਾਇਤ ਕਰਦੇ ਤੇ ਤਸਕਰਾਂ ਨੂੰ ਸ਼ਹਿ ਦਿੰਦੇ ਹਨ। ਸਰਕਾਰ ਨੂੰ ਨਸ਼ਿਆਂ ਦੀ ਤਸਕਰੀ ਰੋਕਣ ਲਈ ਸੁਰੱਖਿਆ ਦਸਤਿਆਂ ਨੂੰ ਅਜਿਹੀ ਤਕਨਾਲੋਜੀ ਮੁਹੱਈਆ ਕਰਵਾਉਣੀ ਚਾਹੀਦੀ ਹੈ ਜਿਹੜੀ ਡਰੋਨਾਂ ਦਾ ਸਮੇਂ ਸਿਰ ਪਤਾ ਲਗਾ ਸਕੇ। ਸਰਕਾਰ ਅਤੇ ਸੁਰੱਖਿਆ ਏਜੰਸੀਆਂ ਦੇ ਸਾਂਝੇ ਯਤਨਾਂ ਨਾਲ ਹੀ ਨਸ਼ਾ ਤਸਕਰਾਂ ਦੀ ਪਿੱਠ ਤੋੜੀ ਜਾ ਸਕਦੀ ਹੈ।
ਪੰਜਾਬ ਵਿਚ ਨਸ਼ਿਆਂ ਦਾ ਫੈਲਾਅ ਗੰਭੀਰ ਸਮੱਸਿਆ ਹੈ। ਕਈ ਤਸਕਰਾਂ ਦੇ ਫੜੇ ਜਾਣ ਦੇ ਬਾਵਜੂਦ ਨਸ਼ਾ, ਖ਼ਾਸਕਰ ਹੈਰੋਇਨ ਜਾਂ ਚਿੱਟੇ ਦੀ ਸਪਲਾਈ ਜਾਰੀ ਹੈ। ਨਸ਼ੇ ਜ਼ਿਆਦਾ ਮਾਤਰਾ ‘ਚ (ਓਵਰਡੋਜ਼) ਲੈਣ ਨਾਲ ਮੌਤਾਂ ਦੀਆਂ ਖ਼ਬਰਾਂ ਆਮ ਹਨ। ਪੰਜਾਬ ਸਰਕਾਰ, ਪੁਲੀਸ ਅਤੇ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਨੂੰ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਵਿਚਾਰਨ ਅਤੇ ਇਸ ਫੈਲਾਅ ਨੂੰ ਰੋਕਣ ਲਈ ਲੰਮੇ ਸਮੇਂ ਵਾਲੀ ਰਣਨੀਤੀ ਬਣਾਉਣ ਦੀ ਲੋੜ ਹੈ।