ਏਐੱਸ ਕਾਲਜ ਵਿੱਚ ‘ਨਸ਼ਾ ਮੁਕਤ ਭਾਰਤ’ ਪ੍ਰੋਗਰਾਮ
ਨਿੱਜੀ ਪੱਤਰ ਪ੍ਰੇਰਕ
ਖੰਨਾ, 21 ਨਵੰਬਰ
ਇਥੋਂ ਦੇ ਏਐੱਸ ਕਾਲਜ ਆਫ਼ ਐਜੂਕੇਸ਼ਨ ਵਿੱਚ ਅੱਜ ਐੱਨਐੱਸਐੱਸ ਯੂਨਿਟ ਨੇ ਪ੍ਰਿੰਸੀਪਲ ਡਾ. ਪਵਨ ਕੁਮਾਰ ਦੀ ਅਗਵਾਈ ਹੇਠ ਨਸ਼ਾ ਮੁਕਤ ਭਾਰਤ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕਤਾ ਫੈਲਾਉਣਾ ਸੀ। ਇਸ ਮੌਕੇ ਡਾ.ਸ਼ਿਲਪੀ ਅਰੋੜਾ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਅਜਿਹਾ ਮਾਹੌਲ ਸਿਰਜਣ ਲਈ ਪ੍ਰੇਰਿਆ ਜੋ ਨਸ਼ਿਆਂ ਤੋਂ ਮੁਕਤ ਹੋਵੇ ਅਤੇ ਵਿਅਕਤੀਆਂ ਨੂੰ ਸਿਹਤਮੰਦ ਅਤੇ ਉਤਪਾਦਕ ਜੀਵਨ ਜਿਊਣ ਵਿਚ ਮਦਦ ਕਰੇ। ਇਸ ਮੌਕੇ ਵਿਦਿਆਰਥਣ ਸਾਧਿਕਾ, ਅਮਨ, ਤੀਸ਼ਾ ਅਤੇ ਊਸ਼ਾ ਨੇ ਜੀਵਨ ਦੇ ਹਰ ਵਰਗ ਦੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਪ੍ਰਮੁੱਖ ਸਮੱਸਿਆਵਾਂ ਨੂੰ ਉਜਾਗਰ ਕਰਦੇ ਭਾਸ਼ਨ ਦਿੱਤੇ। ਇਸ ਤੋਂ ਇਲਾਵਾ ਗੁਰਪ੍ਰੀਤ ਅਤੇ ਪ੍ਰੀਤੀ ਨੇ ਨਿੱਜੀ ਜ਼ਿੰਦਗੀ, ਪਰਿਵਾਰਕ ਜੀਵਨ, ਰਿਸ਼ਤਿਆਂ ਅਤੇ ਕੈਰੀਅਰ ਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਨੂੰ ਉਜਾਗਰ ਕਰਦੀਆਂ ਕਵਿਤਾਵਾਂ ਪੇਸ਼ ਕੀਤੀਆਂ। ਸਟਾਫ ਮੈਬਰਾਂ ਤੇ ਵਿਦਿਆਰਥੀਆਂ ਨੇ ਆਪਣੇ ਦੇਸ਼ ਨੂੰ ਨਸ਼ਾ ਮੁਕਤ ਬਣਾਉਣ ਲਈ ਹਰ ਸੰਭਵ ਯਤਨ ਕਰਨ ਦਾ ਪ੍ਰਣ ਲਿਆ।