ਪੰਜਾਬੀ ਵਿਰਸਾ ਫਾਊਂਡੇਸ਼ਨ ਵੱਲੋਂ ਸਨਮਾਨ ਸਮਾਗਮ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 21 ਨਵੰਬਰ
ਪੰਜਾਬੀ ਵਿਰਸਾ ਫਾਊਡੇਂਸ਼ਨ ਵੱਲੋਂ ਅੱਜ ਇਥੇ ਸਨਮਾਨ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਅੰਤਰਰਾਸ਼ਟਰੀ ਚਿੱਤਰਕਲਾ ਮੁਕਾਬਲਿਆਂ ’ਚ ਆਪਣੀਆਂ ਸ਼ਾਨਾਮੱਤੀ ਪ੍ਰਾਪਤੀਆਂ ਰਾਹੀਂ ਵੱਖਰੀ ਪਛਾਣ ਬਣਾਉਣ ਵਾਲੀ ਪੰਜਾਬ ਦੀ ਕਲਾਕਾਰ ਡਾ. ਜਸਵਿੰਦਰ ਕੌਰ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਰਣਜੀਤ ਸਿੰਘ ਖਾਲਸਾ ਨੇ ਕਿਹਾ ਕਿ ਬੁਲੰਦ ਹੌਸਲੇ ਵਾਲੀ ਡਾ. ਜਸਵਿੰਦਰ ਕੌਰ ਨੇ ਪਿਛਲੇ ਦਿਨੀਂ ਪੂਣੇ (ਮਹਾਂਰਾਸ਼ਟਰ) ਵਿੱਖੇ ਹੋਈ ਵਰਲਡ ਰਿਕਾਰਡ ਮੁਕਾਬਲਾ 2024 ਵਿੱਚ ਆਪਣੀ ਚਿੱਤਰਕਲਾ ਦਾ ਪ੍ਰਦਰਸ਼ਨ ਕਰਦਿਆਂ ਛਤਰਪਤੀ ਸ਼ਿਵਾ ਜੀ ਮਹਾਰਾਜ ਦੀ 15 ਫੁੱਟ ਉੱਚੀ ਤੇ 14 ਫੁੱਟ ਚੌੜੀ ਪੇਟਿੰਗ ਬਣਾ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਬੇਟੀ ਵੱਜੋਂ ਡਾ. ਜਸਵਿੰਦਰ ਕੌਰ ਨੇ ਇਸ ਵੱਡ ਅਕਾਰੀ ਪੇਟਿੰਗ ਨੂੰ ਪੰਜ ਦਿਨਾਂ ਵਿੱਚ ਮੁਕੰਮਲ ਕਰਕੇ ਆਪਣੀ ਉੱਤਮ ਚਿੱਤਰਕਲਾ ਦਾ ਪ੍ਰਦਰਸ਼ਨ ਕਰਨ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ 2021 ਵਿੱਚ ਪੂਣੇ ਫੈਸਟੀਵਲ ਮੁਕਾਬਲੇ ਅੰਦਰ ਦੁਰਗਾ ਮਾਤਾ ਦੀ ਅਲੌਕਿਕ ਤਸਵੀਰ ਬਣਾਈ ਸੀ। 2023 ’ਚ ਅਦਾਕਾਰਾ ਹੇਮਾ ਮਾਲਨੀ ਦੀ ਡਰੀਮ ਗਰਲ ਵਾਲੀ ਤਸਵੀਰ ਵੀ ਬਣਾਈ ਸੀ।