ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸਿਰਸਾ ’ਚ ਨਸ਼ਾ ਵਧਿਆ: ਸੇਤੀਆ
ਪ੍ਰਭ ਦਿਆਲ
ਸਿਰਸਾ, 29 ਸਤੰਬਰ
ਸਿਰਸਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਗੋਕੁਲ ਸੇਤੀਆ ਨੇ ਕਿਹਾ ਕਿ ਜਿਹੜੇ ਲੋਕ ਸਿਰਸਾ ਦੇ ਕਥਿਤ ਸੇਵਾਦਾਰ ਬਣਨ ਦਾ ਦਾਅਵਾ ਕਰ ਰਹੇ ਹਨ, ਉਨ੍ਹਾਂ ਨੇ ਸਿਰਸਾ ਦਾ ਕੋਈ ਵਿਕਾਸ ਨਹੀਂ ਕਰਵਾਇਆ। ਪਿਛਲੇ ਦਸਾਂ ਸਾਲਾਂ ’ਚ ਸਿਰਸਾ ਵਿਕਾਸ ਪੱਖੋਂ ਬਹੁਤ ਪਛੜ ਗਿਆ ਹੈ। ਬੇਰਜ਼ਗਾਰੀ ਕਾਰਨ ਨੌਜਵਾਨ ਨਸ਼ਿਆਂ ਦੇ ਜਾਲ ’ਚ ਫਸ ਕੇ ਆਪਣੀ ਜ਼ਿੰਦਗੀ ਤਬਾਹ ਕਰ ਰਹੇ ਹਨ। ਸਿਰਸਾ ਵਿੱਚ ਨਾ ਕੋਈ ਵੱਡੀ ਸਨਅਤ ਹੈ ਤੇ ਨਾ ਹੀ ਮੈਡੀਕਲ ਕਾਲਜ ਬਣਵਾਇਆ ਗਿਆ ਹੈ। ਉਹ ਇੱਥੇ ਵੱਖ-ਵੱਖ ਥਾਵਾਂ ’ਤੇ ਚੋਣ ਜਲਸਿਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਕਾਂਗਰਸ ਦੇ ਕਈ ਸੀਨੀਅਰ ਆਗੂ ਮੌਜੂਦ ਸਨ। ਉਨ੍ਹਾਂ ਦੋਸ਼ ਲਾਇਆ ਕਿ ਚੋਣ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਭਾਜਪਾ ਨੇ ਤਾਂ ਆਪਣਾ ਉਮੀਦਵਾਰ ਮੈਦਾਨ ’ਚੋਂ ਹਟਾ ਕੇ ਆਪਣੀ ਹਾਰ ਮੰਨ ਲਈ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਇੱਥੇ ਕਥਿਤ ਸਿਰਸਾ ਦੇ ਸੇਵਾਦਾਰ ਬਣਨ ਦਾ ਦਾਅਵਾ ਕਰ ਰਹੇ ਹਨ ਤੇ ਕੁਝ ਕਿਸਾਨ ਹਿਤੈਸ਼ੀ, ਪਰ ਇਨ੍ਹਾਂ ਨੇ ਵਿਧਾਇਕ ਹੁੰਦਿਆਂ ਅਤੇ ਸੱਤਾ ’ਚ ਰਹਿੰਦਿਆਂ ਨਾ ਤਾਂ ਸਿਰਸਾ ਸ਼ਹਿਰ ਦਾ ਕੋਈ ਵਿਕਾਸ ਕਰਵਾਇਆ ਤੇ ਨਾ ਹੀ ਕਿਸਾਨਾਂ ਲਈ ਨਹਿਰੀ ਪਾਣੀ ਦਾ ਕੋਈ ਪ੍ਰਬੰਧ ਕੀਤਾ। ਸ਼ਹਿਰ ਦੀਆਂ ਕਈ ਕਲੋਨੀਆਂ ’ਚ ਲੋਕ ਅੱਜ ਵੀ ਪੀਣ ਵਾਲੀ ਸਾਫ਼ ਪਾਣੀ ਨੂੰ ਤਰਸ ਰਹੇ ਹਨ ਜਦੋਂਕਿ ਸ਼ਹਿਰ ਦੇ ਵਿਕਾਸ ’ਤੇ ਕਰੋੜਾਂ ਰੁਪਏ ਖਰਚ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ। ਮੀਂਹ ਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ਮਗਰੋਂ ਪਾਰਟੀ ਵੱਲੋਂ ਜਾਰੀ ਚੋਣ ਮਨੋਰਥ ਪੱਤਰ ’ਚ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕੀਤਾ ਜਾਵੇਗਾ। ਇਸ ਦੌਰਾਨ ਕਈ ਲੋਕ ਕਾਂਗਰਸ ਵਿੱਚ ਸ਼ਾਮਲ ਵੀ ਹੋਏ।