ਟਰੈਫਿਕ ਪੁਲੀਸ ਮੁਲਾਜ਼ਮ ’ਤੇ ਗੱਡੀ ਚਾੜ੍ਹੀ
ਲੁਧਿਆਣਾ: ਥਾਣਾ ਸਦਰ ਦੇ ਪਿੰਡ ਸੰਗੋਵਾਲ ਸਥਿਤ ਡੀ-ਮਾਰਟ ਬਾਹਰ ਡਿਊਟੀ ’ਤੇ ਤਾਇਨਾਤ ਇੱਕ ਮੁਲਾਜ਼ਮ ਉੱਪਰ ਗੱਡੀ ਚਾੜ੍ਹ ਕੇ ਜ਼ਖ਼ਮੀ ਕਰਨ ਦੇ ਦੋਸ਼ ਤਹਿਤ ਪੁਲੀਸ ਵੱਲੋਂ ਕੇਸ ਦਰਜ ਕਰਕੇ ਗੱਡੀ ਕਬਜ਼ੇ ਵਿੱਚ ਲੈ ਲਈ ਗਈ ਹੈ। ਇਸ ਸਬੰਧੀ ਐੱਸਬੀਐੱਸ ਨਗਰ ਧਾਂਦਰਾ ਰੋਡ ਵਾਸੀ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਪੁਲੀਸ ਵਿੱਚ ਟਰੈਫਿਕ ਪੁਲੀਸ ਮੁਲਾਜ਼ਮ ਵਜੋਂ ਡਿਊਟੀ ਕਰਦਾ ਹੈ ਅਤੇ ਉਹ ਡੀ-ਮਾਰਟ ਪਿੰਡ ਸੰਗੋਵਾਲ ਡਿਊਟੀ ’ਤੇ ਹਾਜ਼ਰ ਸੀ। ਉਸਨੇ ਤੇਜ਼ ਰਫ਼ਤਾਰ ਇੱਕ ਗੱਡੀ ਨੂੰ ਰੋਕਣ ਲਈ ਇਸ਼ਾਰਾ ਕੀਤਾ ਪਰ ਗੱਡੀ ਚਾਲਕ ਨੇ ਗੱਡੀ ਰੋਕਣ ਦੀ ਥਾਂ ਆਪਣੀ ਗੱਡੀ ਤੇਜ਼ ਰਫ਼ਤਾਰੀ ਤੇ ਲਾਪ੍ਰਵਾਹੀ ਨਾਲ ਚਲਾ ਕੇ ਉਸ ਉਪਰ ਚਾੜ੍ਹ ਦਿੱਤੀ ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਥਾਣੇਦਾਰ ਤਰਸੇਮ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਡਰਾਈਵਰ ਹਰਪ੍ਰੀਤ ਸਿੰਘ ਵਾਸੀ ਹਾਊਸਿੰਗ ਬੋਰਡ ਕਲੋਨੀ ਭਾਈ ਰਣਧੀਰ ਸਿੰਘ ਨਗਰ ਅਤੇ ਜਗਦੀਪ ਸਿੰਘ ਵਾਸੀ ਵਿਸ਼ਨੂ ਗਾਰਡਨ ਨਵੀਂ ਦਿੱਲੀ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ