‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ 581 ਪਿੰਡਾਂ ਦਾ ਡਰੋਨ ਸਰਵੇ ਮੁਕੰਮਲ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 15 ਅਕਤੂਬਰ
ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਪਿੰਡਾਂ ’ਚ ਸਰਵੇ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੰਦਿਆਂ ਜ਼ਿਲ੍ਹੇ ਸਾਰੇ ਐਸਡੀਐਮਜ਼ ਨੂੰ ਕਿਹਾ ਕਿ ਉਹ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਪਿੰਡਾਂ ਵਿੱਚੋਂ ਹਰ ਹਫ਼ਤੇ ਘੱਟੋ-ਘੱਟ 10 ਪਿੰਡਾਂ ਨੂੰ ਸਰਵੇ ਤਹਿਤ ਕਵਰ ਕਰਨਾ ਯਕੀਨੀ ਬਣਾਉਣ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਜ਼ਿਲ੍ਹੇ ਵਿੱਚ 581 ਪਿੰਡਾਂ ਵਿੱਚ ਡਰੋਨ ਸਰਵੇਖਣ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ, ਜਿਸ ਉਪਰੰਤ ਤਿਆਰ ਨਕਸ਼ਾ-1 ਦੇ ਆਧਾਰ ’ਤੇ ਡੋਰ-ਟੂ-ਡੋਰ ਸਰਵੇ ਕੀਤਾ ਜਾਣਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਤੇ ਜ਼ਿਲ੍ਹਾ ਮਾਲ ਅਫ਼ਸਰ ਨਾਲ ਢੁੱਕਵਾਂ ਤਾਲਮੇਲ ਸਥਾਪਤ ਕਰਦਿਆਂ ਇਸ ਕਾਰਜ ਨੂੰ ਨਿਰਧਾਰਿਤ ਸਮੇਂ ਦੇ ਅੰਦਰ ਨੇਪਰੇ ਚਾੜ੍ਹਨ ਦੀਆਂ ਹਦਾਇਤਾਂ ਦਿੱਤੀਆਂ।
ਇਸੇ ਦੌਰਾਨ ਲੰਬਿਤ ਇੰਤਕਾਲਾਂ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਸਰਕਲ ਮਾਲ ਅਧਿਕਾਰੀਆਂ ਰਾਹੀਂ ਅਗਲੇ 15 ਦਿਨਾਂ ਵਿੱਚ ਪੈਂਡਿੰਗ ਇੰਤਕਾਲਾਂ ਦਾ ਨਿਪਟਾਰਾ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਮੇਜਰ ਅਮਿਤ ਮਹਾਜਨ, ਐਸਡੀਐਮਜ਼ ਵਿਕਾਸ ਹੀਰਾ, ਬਲਬੀਰ ਰਾਜ ਸਿੰਘ, ਅਮਨਪਾਲ ਸਿੰਘ, ਕੰਵਲਜੀਤ ਸਿੰਘ ਤੇ ਰਿਸ਼ਭ ਬਾਂਸਲ ਅਤੇ ਜ਼ਿਲ੍ਹਾ ਮਾਲ ਅਫ਼ਸਰ ਅਰਵਿੰਦ ਪ੍ਰਕਾਸ਼ ਆਦਿ ਵੀ ਮੌਜੂਦ ਸਨ।