ਸੌ ਗ੍ਰਾਮ ਨਾਲ ਟੁੱਟਦੇ ਸੁਫ਼ਨੇ
ਰੋਹਿਤ ਮਹਾਜਨ
ਵਿਨੇਸ਼ ਦਾ ਵਜ਼ਨ ਸੌ ਗ੍ਰਾਮ ਵੱਧ ਨਿਕਲਣ ’ਤੇ ਬੁੱਧਵਾਰ ਸਵੇਰੇ ਉਸ ਨੂੰ ਔਰਤਾਂ ਦੇ 50 ਕਿਲੋਗ੍ਰਾਮ ਫ੍ਰੀ-ਸਟਾਈਲ ਵਰਗ ਮੁਕਾਬਲੇ ’ਚੋਂ ਅਯੋਗ ਕਰਾਰ ਦੇ ਦਿੱਤਾ ਗਿਆ। ਸੋਨੇ ਦਾ ਤਗ਼ਮਾ ਜਿੱਤਣ ਲਈ ਫਾਈਨਲ ਵਿੱਚ ਅਮਰੀਕਾ ਦੀ ਸਾਰਾ ਹਿਲਡੇਬ੍ਰਾਂਟ ਖਿ਼ਲਾਫ਼ ਨਿੱਤਰਨ ਤੋਂ ਪਹਿਲਾਂ ਹੀ ਉਹ ਉੱਕ ਗਈ। ਵਿਨੇਸ਼ ਨੂੰ ਅਯੋਗ ਕਰਾਰ ਦੇਣ ਦੇ ਇਸ ਮਾਮਲੇ ਵਿੱਚ ਨਿਹਾਇਤ ਹੀ ਗ਼ੈਰ-ਪੇਸ਼ੇਵਰਾਨਾ ਪਹੁੰਚ ਅਖ਼ਤਿਆਰ ਕੀਤੀ ਗਈ ਅਤੇ ਉਸ ਦਾ ਕੇਸ ਕੁਸ਼ਤੀ ਜਗਤ ਅੰਦਰ ਚਰਚਾ ਦਾ ਵਿਸ਼ਾ ਬਣ ਗਿਆ; ਕਿਸੇ ਨੂੰ ਯਾਦ ਨਹੀਂ ਹੈ ਕਿ ਓਲੰਪਿਕਸ ਵਿੱਚ ਕੁਸ਼ਤੀਆਂ ਦੇ ਕਿਸੇ ਫਾਈਨਲ ਤੋਂ ਪਹਿਲਾਂ ਅਜਿਹੀ ਘਟਨਾ ਕਦੇ ਵਾਪਰੀ ਸੀ।
ਵਿਨੇਸ਼ ਨੇ ਇੱਕ ਦਿਨ ਪਹਿਲਾਂ ਭਾਵ ਮੰਗਲਵਾਰ ਨੂੰ ਮੁਕਾਬਲੇ ਤੋਂ ਐਨ ਪਹਿਲਾਂ ਆਪਣਾ ਸਹੀ ਵਜ਼ਨ ਕਾਇਮ ਰੱਖਿਆ ਸੀ ਪਰ ਬੁੱਧਵਾਰ ਸਵੇਰੇ ਉਸ ਦਾ ਭਾਰ ਵੱਧ ਨਿੱਕਲਿਆ। 2016 ਅਤੇ 2021 ਤੋਂ ਬਾਅਦ ਤੀਜੀ ਵਾਰ ਵਿਨੇਸ਼ ਦਾ ਓਲੰਪਿਕਸ ਦਾ ਸੁਫ਼ਨਾ ਟੁੱਟਿਆ ਹੈ। ਜਦੋਂ ਵਿਨੇਸ਼ ਦਾ ਵਜ਼ਨ ਸੌ ਗ੍ਰਾਮ ਵੱਧ ਹੋਣ ਦੀ ਖ਼ਬਰ ਆਈ ਤਾਂ ਇਹ ਬਹੁਤ ਭਾਰੀ ਸਾਬਿਤ ਹੋਈ ਪਰ ਇਸ ਮਾਮਲੇ ਵਿੱਚ ਨੇਮਾਂ ਤੋਂ ਕੋਈ ਛੋਟ ਨਹੀਂ ਦਿੱਤੀ ਜਾ ਸਕਦੀ ਸੀ। ਖ਼ਾਸਕਰ ਕੁਸ਼ਤੀਆਂ, ਮੁੱਕੇਬਾਜ਼ੀ ਅਤੇ ਤਾਇਕਵਾਂਡੋ ਜਿਹੀਆਂ ਖੇਡਾਂ ਵਿੱਚ ਇਹ ਹੋਰ ਵੀ ਅਹਿਮ ਹੁੰਦਾ ਹੈ ਜਿੱਥੇ ਖਿਡਾਰੀਆਂ ਦਾ ਇੱਕ ਦੂਜੇ ਦੇ ਬਰਾਬਰ ਵਜ਼ਨ ਹੋਣਾ ਜ਼ਰੂਰੀ ਹੁੰਦਾ ਹੈ ਤਾਂ ਕਿ ਉਹ ਬਰਾਬਰੀ ਨਾਲ ਇੱਕ ਦੂਜੇ ਦਾ ਮੁਕਾਬਲਾ ਕਰ ਸਕਣ।
ਮੈਦਾਨ ਹਰਗਿਜ਼ ਨਾ-ਬਰਾਬਰ ਨਹੀਂ ਹੋਣਾ ਚਾਹੀਦਾ ਤਾਂ ਕਿ ਕੋਈ ਵੱਡਾ ਅਥਲੀਟ ਛੋਟੇ ਅਥਲੀਟ ਖਿ਼ਲਾਫ਼ ਨਾ ਨਿੱਤਰ ਸਕੇ। ਮਿਸਾਲ ਦੇ ਤੌਰ ’ਤੇ 53 ਕਿਲੋਗ੍ਰਾਮ ਵਜ਼ਨ ਵਾਲਾ ਕੋਈ ਪਹਿਲਵਾਨ 50 ਕਿਲੋਗ੍ਰਾਮ ਵਰਗ ਵਿੱਚ ਨਹੀਂ ਖੇਡਣਾ ਚਾਹੀਦਾ ਜਿਸ ਨਾਲ ਉਸ ਪਹਿਲਵਾਨ ਨੂੰ ਸ਼ਕਤੀ ਅਤੇ ਪਹੁੰਚ ਦੇ ਲਿਹਾਜ਼ ਤੋਂ ਬਹੁਤ ਜਿ਼ਆਦਾ ਲਾਹਾ ਮਿਲ ਸਕਦਾ ਹੈ। ਖੇਡਾਂ ਵਿੱਚ ਗ਼ੈਰ-ਯਕੀਨੀ ਬਣੀ ਰਹਿੰਦੀ ਹੈ ਅਤੇ ਕਦੇ ਕਦਾਈਂ ਘੱਟ ਵਜ਼ਨ ਵਾਲਾ ਅਥਲੀਟ ਆਪਣੇ ਤੋਂ ਜਿ਼ਆਦਾ ਵਜ਼ਨ ਵਾਲੇ ਖਿਡਾਰੀ ਨੂੰ ਚਿੱਤ ਕਰ ਦਿੰਦਾ ਹੈ; ਉਂਝ ਕੁਝ ਖੇਡਾਂ ਵਿਚ ਨਿਸਬਤਨ ਜਿ਼ਆਦਾ ਵਜ਼ਨ ਵਾਲੇ ਲੜਾਕੇ ਦਾ ਪੱਲੜਾ ਭਾਰੂ ਰਹਿੰਦਾ ਹੈ। ਓਲੰਪਿਕਸ ਅਤੇ ਵਿਸ਼ਵ ਚੈਂਪੀਅਨਸ਼ਿਪਸ ਜਿਹੇ ਮੁਕਾਬਲਿਆਂ ਵਿੱਚ ਨੇਮ ਬਹੁਤ ਸਖ਼ਤ ਹੁੰਦੇ ਹਨ ਅਤੇ ਇਨ੍ਹਾਂ ’ਤੇ ਬਹੁਤ ਸਖ਼ਤੀ ਨਾਲ ਪਹਿਰਾ ਵੀ ਦਿੱਤਾ ਜਾਂਦਾ ਹੈ ਜਦੋਂਕਿ ਕੁਝ ਕੁ ਗ੍ਰਾਮ ਵੱਧ ਵਜ਼ਨ ਨਿੱਕਲਣ ’ਤੇ ਹੀ ਕਿਸੇ ਪਹਿਲਵਾਨ ਜਾਂ ਮੁੱਕੇਬਾਜ਼ ਨੂੰ ਬਾਹਰ ਕਰ ਦਿੱਤਾ ਜਾਂਦਾ ਹੈ।
ਕੁਸ਼ਤੀ ਦੀ ਆਲਮੀ ਨਿਗਰਾਨ ਇਕਾਈ ‘ਯੂਨਾਈਟਿਡ ਵਰਲਡ ਰੈਸਲਿੰਗ’ (ਯੂਡਬਲਿਊਡਬਲਿਊ) ਦੇ ਨਿਯਮਾਂ ਮੁਤਾਬਿਕ, ਮੁਕਾਬਲੇ ਵਾਲੇ ਦਿਨ ਸਵੇਰੇ ਪਹਿਲਵਾਨਾਂ ਦਾ ਭਾਰ ਤੋਲਿਆ ਜਾਂਦਾ ਹੈ। ਓਲੰਪਿਕ ਜਾਂ ਵਿਸ਼ਵ ਚੈਂਪੀਅਨਸ਼ਿਪ ਜਿਹੇ ਵੱਡੇ ਮੁਕਾਬਲਿਆਂ ’ਚ ਪਹਿਲਵਾਨ ਦੋ ਦਿਨਾਂ ਤੱਕ ਘੁਲਦੇ ਹਨ। ਪਹਿਲੀ ਸਵੇਰ, ਪਹਿਲਵਾਨਾਂ ਕੋਲ ਆਪਣੇ ਭਾਰ ਵਰਗ ’ਚ ਥਾਂ ਬਣਾਉਣ ਲਈ 30 ਮਿੰਟ ਹੁੰਦੇ ਹਨ- ਉਹ ਦੌੜ ਸਕਦੇ ਹਨ, ਸਾਈਕਲਿੰਗ ਕਰ ਸਕਦੇ ਹਨ, ਰੱਸੀ ਟੱਪ ਸਕਦੇ ਹਨ ਤੇ ਮੁੜ ਭਾਰ ਵਾਲੀ ਮਸ਼ੀਨ ’ਤੇ ਆ ਸਕਦੇ ਹਨ। ਇਹ ਚੀਜ਼ ਉਦੋਂ ਕੰਮ ਆਉਂਦੀ ਹੈ ਜਦ ਕੁਝ ਕੁ ਗ੍ਰਾਮ ਵੱਧ ਹੋਣ। ਦੂਜੇ ਦਿਨ ਤਗ਼ਮੇ ਦੇ ਮੁਕਾਬਲੇ ਵਾਲੇ ਦਿਨ, ਪਹਿਲਵਾਨਾਂ ਕੋਲ ਇਸ ਤਰ੍ਹਾਂ ਕਰਨ ਲਈ 15 ਮਿੰਟ ਹੁੰਦੇ ਹਨ। ਭਾਰ ਤੋਲਣ ਦੀ ਪ੍ਰਕਿਰਿਆ ਦੌਰਾਨ ਪਹਿਲਵਾਨ ਆਪਣਾ ਭਾਰ ਜਾਂਚਣ ਲਈ ਜਿੰਨੀ ਵਾਰ ਮਰਜ਼ੀ ਚਾਹੇ ਮਸ਼ੀਨ ’ਤੇ ਚੜ੍ਹ ਸਕਦੇ ਹਨ।
ਸਰੀਰਕ ਭੇੜ ਵਾਲੀਆਂ ਖੇਡਾਂ ’ਚ ਮੁਕਾਬਲੇਬਾਜ਼ ਆਮ ਤੌਰ ’ਤੇ ਪਹਿਲੇ ਦਿਨ ਲਈ ਤਿਆਰ ਹੁੰਦੇ ਹਨ, ਉਨ੍ਹਾਂ ਖੁਰਾਕ ਤੇ ਪਾਣੀ ਘਟਾਇਆ ਹੁੰਦਾ ਹੈ ਅਤੇ ਮੁਕਾਬਲੇ ਤੋਂ ਕਈ ਦਿਨ ਪਹਿਲਾਂ ਤੱਕ ਉਹ ਵਿੱਚ-ਵਿਚਾਲੇ ਖਾਣਾ ਛੱਡੀ ਰੱਖਦੇ ਹਨ। ਇਸ ਨਾਲ ਉਨ੍ਹਾਂ ’ਚ ਊਰਜਾ ਤੇ ਤਾਕਤ ਘੱਟ ਜਾਂਦੀ ਹੈ ਤੇ ਪਹਿਲੇ ਦਿਨ ਭਾਰ ਕਰਾਉਣ ਤੋਂ ਬਾਅਦ, ਉਹ ਇਸ ਦੀ ਪੂਰਤੀ ਕਰਦੇ ਹਨ: ਉਹ ਤਾਕਤ ਹਾਸਿਲ ਕਰਨ ਲਈ ਵੱਧ ਊਰਜਾ ਤੇ ਪ੍ਰੋਟੀਨ ਵਾਲੀ ਖ਼ੁਰਾਕ ਅਤੇ ਤਰਲ ਪਦਾਰਥ ਲੈਂਦੇ ਹਨ; ਮਿਸਾਲ ਦੇ ਤੌਰ ’ਤੇ ਵਿਨੇਸ਼ ਨੇ ਪਹਿਲੇ ਦਿਨ ਦਾ ਭਾਰ ਹੋਣ ਤੋਂ ਬਾਅਦ ਆਪਣੇ ਨਿਊਟ੍ਰਿਸ਼ਨਿਸਟ ਦੀ ਗਿਣਤੀ-ਮਿਣਤੀ ਅਤੇ ਸਲਾਹ ਉੱਤੇ ਲਗਭਗ 1.5 ਕਿਲੋਗ੍ਰਾਮ ਖ਼ੁਰਾਕ ਲਈ ਸੀ।
ਤਿੰਨ ਮੁਕਾਬਲਿਆਂ ਦੌਰਾਨ ਤੇ ਬਾਅਦ ਵਿੱਚ ਵਿਨੇਸ਼ ਨੂੰ ਡੀਹਾਈਡ੍ਰੇਸ਼ਨ (ਪਾਣੀ ਦੀ ਕਮੀ) ਤੋਂ ਬਚਾਉਣ ਲਈ ਥੋੜ੍ਹਾ-ਥੋੜ੍ਹਾ ਕਰ ਕੇ ਪਾਣੀ ਦਿੱਤਾ ਗਿਆ। ਦਿਨ ਭਰ ਦੇ ਮੁਕਾਬਲੇ ਖੇਡਣ ਤੋਂ ਬਾਅਦ, ਅਖ਼ੀਰ ’ਚ ਜਦ ਉਸ ਦਾ ਭਾਰ ਕੀਤਾ ਗਿਆ ਤਾਂ ਇਹ 2 ਕਿਲੋ ਵੱਧ ਸੀ।
ਕੁਦਰਤੀ ਤੌਰ ’ਤੇ ਵਿਨੇਸ਼ ਦਾ ਭਾਰ ਕਰੀਬ 55 ਕਿਲੋ ਹੈ ਪਰ ਉਹ ਘੱਟ ਭਾਰ ਵਰਗ ਵਿੱਚ ਘੁਲਦੀ ਹੈ। ਉਸ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਦੋ ਕਾਂਸੀ ਦੇ ਤਗ਼ਮੇ 53 ਕਿਲੋ ਭਾਰ ਵਰਗ ਵਿੱਚ ਹੀ ਜਿੱਤੇ ਹਨ; ਉਸ ਦੇ ਦੋ ਏਸ਼ਿਆਈ ਖੇਡਾਂ ਦੇ ਤਗ਼ਮੇ- 2018 ਵਿੱਚ ਸੋਨਾ, 2014 ਵਿੱਚ ਕਾਂਸੀ, 51 ਤੇ 48 ਕਿਲੋ ਭਾਰ ਵਰਗ ਵਿੱਚ ਆਏ ਸਨ। ਜਿਵੇਂ-ਜਿਵੇਂ ਪਹਿਲਵਾਨਾਂ ਦੀ ਉਮਰ ਵਧਦੀ ਹੈ, ਉਹ ਵੱਖ-ਵੱਖ ਉੱਪਰਲੇ ਭਾਰ ਵਰਗ ਅਪਨਾਉਣੇ ਸ਼ੁਰੂ ਕਰ ਦਿੰਦੇ ਹਨ ਜਦੋਂਕਿ ਵਿਨੇਸ਼ ਭਾਰ ਘਟਾ ਰਹੀ ਹੈ।
ਫਰਵਰੀ ਵਿੱਚ ਮੁਕਾਬਲੇ ਦੀ ਕੁਸ਼ਤੀ ਵੱਲ ਪਰਤਦਿਆਂ ਉਸ ਨੇ 55 ਕਿਲੋ ਭਾਰ ਵਰਗ ਵਿੱਚ ਕੌਮੀ ਚੈਂਪੀਅਨਸ਼ਿਪ ਜਿੱਤੀ। ਅਗਲੇ ਮਹੀਨੇ ਉਹ ਏਸ਼ੀਅਨ ਚੈਂਪੀਅਨਸ਼ਿਪ ਤੇ ਏਸ਼ੀਅਨ ਓਲੰਪਿਕ ਕੁਆਲੀਫਾਇਰ ਵਿਚ ਦੋ ਵਰਗਾਂ ’ਚ ਘੁਲੀ- 50 ਤੇ 53 ਕਿਲੋ। 53 ਕਿਲੋ ’ਚ ਉਹ ਅੰਜੂ ਤੋਂ ਹਾਰ ਗਈ ਪਰ 50 ਕਿਲੋ ਵਰਗ ਵਿੱਚ ਜਿੱਤ ਗਈ। ਅਪਰੈਲ ਵਿੱਚ ਵਿਨੇਸ਼ ਨੇ ਏਸ਼ਿਆਈ ਓਲੰਪਿਕ ਕੁਆਲੀਫਾਇਰ ਦੇ ਫਾਈਨਲ ਵਿੱਚ ਪਹੁੰਚ ਕੇ 50 ਕਿਲੋ ਵਿੱਚ ਓਲੰਪਿਕ ਲਈ ਕੁਆਲੀਫਾਈ ਕਰ ਲਿਆ। ਪਹਿਲਵਾਨ ਅੰਤਿਮ ਪੰਘਾਲ ਨੇ 53 ਕਿਲੋ ਵਿੱਚ ਓਲੰਪਿਕ ਲਈ ਕੁਆਲੀਫਾਈ ਕੀਤਾ। ਪੈਰਿਸ ਓਲੰਪਿਕ ਤੋਂ ਕੁਝ ਮਹੀਨੇ ਪਹਿਲਾਂ ਤੱਕ ਵਿਨੇਸ਼ ਸਾਫ਼ ਤੌਰ ’ਤੇ, ਕਈ ਭਾਰ ਵਰਗਾਂ ’ਚ ਇੱਧਰ-ਉੱਧਰ ਹੋ ਰਹੀ ਸੀ ਤਾਂ ਕਿ ਭਾਰਤ ਵੱਲੋਂ ਤਗ਼ਮੇ ਦੀਆਂ ਉਮੀਦਾਂ ’ਚ ਉਹ ਪ੍ਰਮੁੱਖ ਹੋਵੇ। ਯੂਈ ਸੁਸਾਕੀ ’ਤੇ ਉਸ ਦੀ ਜਿੱਤ ਨੇ ਤਗ਼ਮੇ ਦੀਆਂ ਉਮੀਦਾਂ ਜਗਾ ਦਿੱਤੀਆਂ।
ਸੰਜੋਗ ਵਸ, ਜੇ ਵਿਨੇਸ਼ ਆਪਣੇ ਸੈਮੀਫਾਈਨਲ ਮੁਕਾਬਲੇ ਦੌਰਾਨ ਫੱਟੜ ਹੋ ਗਈ ਹੁੰਦੀ ਤੇ ਫਾਈਨਲ ਵਿੱਚ ਘੁਲਣ ਦੇ ਯੋਗ ਨਾ ਰਹਿੰਦੀ ਤਾਂ ਉਸ ਨੂੰ ਬੁੱਧਵਾਰ ਭਾਰ ਨਾ ਕਰਾਉਣਾ ਪੈਂਦਾ- ਤੇ ਉਸ ਨੂੰ ਚਾਂਦੀ ਦਾ ਤਗਮਾ ਮਿਲ ਗਿਆ ਹੁੰਦਾ।
ਵਿਨੇਸ਼ ਨੂੰ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਪੀਟੀ ਊਸ਼ਾ ਨੇ ਕਿਹਾ ਕਿ ਭਾਰਤ ਦੀ ਕੁਸ਼ਤੀ ਫੈਡਰੇਸ਼ਨ ਨੇ ਯੂਡਬਲਿਊਡਬਲਿਊ ਕੋਲ ਅਪੀਲ ਦਾਇਰ ਕਰ ਕੇ ਫ਼ੈਸਲੇ ’ਤੇ ਮੁੜ ਵਿਚਾਰ ਮੰਗਿਆ ਹੈ।
ਅਪੀਲ ਨਾਲ ਕੋਈ ਫ਼ਰਕ ਨਹੀਂ ਪੈਣਾ, ਯੂਡਬਲਿਊਡਬਲਿਊ ਦੇ ਨਿਯਮ ਕਿਸੇ ਮੁਕਾਬਲੇਬਾਜ਼ ਜਾਂ ਕਿਸੇ ਮੁਲਕ ਲਈ ਨਰਮ ਨਹੀਂ ਕੀਤੇ ਜਾ ਸਕਦੇ, ਇਨ੍ਹਾਂ ’ਚ 10 ਗ੍ਰਾਮ ਦੀ ਛੋਟ ਦੇਣ ਦੀ ਵੀ ਗੁੰਜਾਇਸ਼ ਨਹੀਂ, 100 ਗ੍ਰਾਮ ਤਾਂ ਬਹੁਤ ਦੂਰ ਦੀ ਗੱਲ ਹੈ। ਯੂਡਬਲਿਊਡਬਲਿਊ ਦਰਅਸਲ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਅਥਲੀਟ ਆਪਣੇ ਕੁਦਰਤੀ ਭਾਰ ਵਰਗ ਵਿੱਚ ਹੀ ਘੁਲਣ ਤੇ ਹੇਠਲੇ ਵਰਗਾਂ ’ਚ ਮੁਕਾਬਲਾ ਕਰਨ ਲਈ ਗ਼ੈਰ-ਕੁਦਰਤੀ ਢੰਗਾਂ ਨਾਲ ਭਾਰ ਨਾ ਘਟਾਉਣ- ਜਿਸ ਤਰ੍ਹਾਂ ਇਸ ਸਾਲ ਵਿਨੇਸ਼ ਨੇ ਕੀਤਾ ਹੈ, 55 ਕਿਲੋ ਤੋਂ 53 ਕਿਲੋ ਤੇ ਅਖ਼ੀਰ ਵਿੱਚ ਪੈਰਿਸ ਓਲੰਪਿਕ ਲਈ 50 ਕਿਲੋ।
ਅਪਰੈਲ ਵਿੱਚ 2024 ਦੀਆਂ ਖੇਡਾਂ ਲਈ 50 ਕਿਲੋ ਭਾਰ ਵਰਗ ਵਿੱਚ ਕੁਆਲੀਫਾਈ ਕਰਨ ਤੋਂ ਬਾਅਦ ਵਿਨੇਸ਼ ਨੇ ਕਿਹਾ ਸੀ ਕਿ ਉਸ ਨੂੰ ਆਪਣੇ ਭਾਰ ’ਤੇ ਖ਼ਾਸ ਧਿਆਨ ਦੇਣਾ ਪਏਗਾ, “ਕਿਉਂਕਿ ਮਾਸਪੇਸ਼ੀਆਂ ਭਾਰੀਆਂ ਹੋਣ ਕਾਰਨ ਉਸ ਨੂੰ ਆਪਣਾ ਭਾਰ ਵਧਣ ਦਾ ਡਰ ਸੀ।” ਮੁਕਾਬਲੇ ਲਈ, ਵਿਨੇਸ਼ ਦਾ ਸਭ ਤੋਂ ਵੱਡਾ ਡਰ ਆਖਰ ਪੈਰਿਸ ’ਚ ਸੱਚ ਸਾਬਿਤ ਹੋਇਆ।
ਓਲੰਪਿਕ ’ਚ ਦਿਲ ਤੋੜਨ ਵਾਲੇ ਇਸ ਘਟਨਾਕ੍ਰਮ ਤੋਂ ਬਾਅਦ ਵਿਨੇਸ਼ ਨੇ ਕੁਸ਼ਤੀ ਨੂੰ ਅਲਵਿਦਾ ਆਖ ਦਿੱਤੀ ਤੇ ਕਿਹਾ ਕਿ ਅੱਗੇ ਵਧਣ ਲਈ ਉਸ ਕੋਲ ਹੁਣ ਹਿੰਮਤ ਨਹੀਂ ਬਚੀ ਹਾਲਾਂਕਿ ਉਸ ਨੇ ਅਯੋਗ ਠਹਿਰਾਏ ਜਾਣ ਵਿਰੁੱਧ ਖੇਡ ਅਦਾਲਤ (ਸੀਏਐੱਸ) ਵਿੱਚ ਅਪੀਲ ਵੀ ਪਾਈ ਜਿਸ ’ਚ ਸਾਂਝੇ ਤੌਰ ’ਤੇ ਚਾਂਦੀ ਦਾ ਤਗ਼ਮਾ ਦੇਣ ਦੀ ਮੰਗ ਰੱਖੀ। ਆਪਣੀ ਮਾਂ ਪ੍ਰੇਮਲਤਾ ਨੂੰ ਸੰਬੋਧਨ ਕਰਦਿਆਂ ਵਿਨੇਸ਼ ਨੇ ਲਿਖਿਆ, “ਮਾਂ ਕੁਸ਼ਤੀ ਮੇਰੇ ਤੋਂ ਜਿੱਤ ਗਈ, ਮੈਂ ਹਾਰ ਗਈ, ਮੁਆਫ਼ ਕਰਨਾ ਤੁਹਾਡਾ ਸੁਫ਼ਨਾ, ਮੇਰੀ ਹਿੰਮਤ ਸਭ ਟੁੱਟ ਚੁੱਕੇ ਹਨ, ਇਸ ਤੋਂ ਜਿ਼ਆਦਾ ਤਾਕਤ ਨਹੀਂ ਰਹੀ ਹੁਣ। ਅਲਵਿਦਾ ਕੁਸ਼ਤੀ 2001-2024... ਤੁਹਾਡੀ ਸਭ ਦੀ ਸਦਾ ਕਰਜ਼ਦਾਰ ਰਹਾਂਗੀ, ਮੁਆਫ਼ੀ।”
*ਲੇਖਕ ‘ਦਿ ਟ੍ਰਿਬਿਊਨ’ ਦੇ ਕਾਰਜਕਾਰੀ ਸੰਪਾਦਕ ਹਨ।