For the best experience, open
https://m.punjabitribuneonline.com
on your mobile browser.
Advertisement

ਡਾ. ਗਾਂਧੀ ਨੂੰ ਟਿਕਟ ਦੇਣ ਵਿੱਚ ਅੜਿੱਕਾ ਬਣ ਸਕਦੇੇ ਨੇ ਪੁਰਾਣੇ ਕਾਂਗਰਸੀ

07:48 AM Apr 05, 2024 IST
ਡਾ  ਗਾਂਧੀ ਨੂੰ ਟਿਕਟ ਦੇਣ ਵਿੱਚ ਅੜਿੱਕਾ ਬਣ ਸਕਦੇੇ ਨੇ ਪੁਰਾਣੇ ਕਾਂਗਰਸੀ
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 4 ਅਪਰੈਲ
ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਦੇ ਰਸਮੀ ਤੌਰ ’ਤੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਸਥਾਨਕ ਕਾਂਗਰਸੀ ਆਗੂ ਅੰਦਰਖਾਤੇ ਖ਼ਫ਼ਾ ਜਾਪ ਰਹੇ ਹਨ। ਡਾ. ਗਾਂਧੀ ਵੀ ਕੋਈ ਵੀ ਬਿਆਨ ਦੇਣ ਤੋਂ ਬਚਦੇ ਨਜ਼ਰ ਆ ਰਹੇ ਹਨ। ਜੇਕਰ ਸਥਾਨਕ ਲੀਡਰਾਂ ਦੀ ਨਰਾਜ਼ਗੀ ਇਸੇ ਤਰ੍ਹਾਂ ਬਰਕਰਾਰ ਰਹਿੰਦੀ ਹੈ ਤਾਂ ਡਾ. ਗਾਂਧੀ ਨੂੰ ਟਿਕਟ ਮਿਲਣ ਵਿੱਚ ਅੜਿੱਕਾ ਬਣ ਸਕਦਾ ਹੈ। ਪਟਿਆਲਾ ਦੇ ਟਕਸਾਲੀ ਕਾਂਗਰਸੀਆਂ ਦੀ ਮੋਤੀ ਮਹਿਲ ਨਾਲ ਨੇੜਤਾ ਹੋਣ ਕਰਕੇ ਹਾਈ ਕਮਾਂਡ ਵੀ ਝਿਜਕਦੀ ਨਜ਼ਰ ਆ ਰਹੀ ਹੈ।
ਜਾਣਕਾਰੀ ਅਨੁਸਾਰ ਪਟਿਆਲਾ ਦੇ ਟਕਸਾਲੀ ਕਾਂਗਰਸੀ ਲੀਡਰਾਂ ਦੀ ਨਵਾਂ ਮੋਤੀ ਮਹਿਲ ਨਾਲ ਕਾਫ਼ੀ ਨੇੜਤਾ ਰਹੀ ਹੈ, ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਦੀ ਉਦੋਂ ਕੈਪਟਨ ਅਮਰਿੰਦਰ ਨਾਲ ਕਾਫ਼ੀ ਦੂਰੀ ਬਣ ਗਈ ਸੀ ਜਦੋਂ ਪਟਿਆਲਾ ਸ਼ਹਿਰੀ ਤੋਂ ਅਮਰਿੰਦਰ ਨੇ ਬ੍ਰਹਮ ਦੀ ‌ਟਿਕਟ ’ਤੇ ਕਬਜ਼ਾ ਜਮਾਇਆ ਸੀ, ਪਰ ਪਿਛਲੀ ਸਰਕਾਰ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਬ੍ਰਹਮ ਮਹਿੰਦਰਾ ਕਾਫ਼ੀ ਨੇੜੇ ਆ ਗਏ ਸਨ। ਇਸ ਕਰਕੇ ਮੋਤੀ ਮਹਿਲ ਨਾਲ ਉਨ੍ਹਾਂ ਦੀ ਕਾਫ਼ੀ ਨੇੜਤਾ ਬਣੀ ਹੋਈ ਸੀ, ਅੱਜ ਕੱਲ੍ਹ ਉਨ੍ਹਾਂ ਦੇ ਪੁੱਤਰ ਮੋਹਿਤ ਮਹਿੰਦਰਾ ਕਾਂਗਰਸ ਦੇ ਸੂਬਾ ਯੂਥ ਪ੍ਰਧਾਨ ਵੀ ਹੈ।
ਬ੍ਰਹਮ ਮਹਿੰਦਰਾ ਹੁਣ ਇਹ ਕਹਿੰਦੇ ਹਨ ਕਿ ਉਨ੍ਹਾਂ ਨੇ ਤਾਂ ਸਿਆਸਤ ਤੋਂ ਸੰਨਿਆਸ ਲੈ ਲਿਆ ਹੈ, ਹੁਣ ਤਾਂ ਮੋਹਿਤ ਹੀ ਸਿਆਸਤ ਦਾ ਕੰਮ ਸੰਭਾਲ ਰਹੇ ਹਨ। ਅੱਜ ਕੱਲ੍ਹ ਮੋਹਿਤ ਮਹਿੰਦਰਾ ਵੀ ਮੀਡੀਆ ਨਾਲ ਰਾਬਤਾ ਕਾਇਮ ਕਰਨ ਤੋਂ ਡਰ ਰਹੇ ਹਨ। ਇਸੇ ਤਰ੍ਹਾਂ ਟਕਸਾਲੀ ਕਾਂਗਰਸੀ ਲਾਲ ਸਿੰਘ ਜੋ ਪਟਿਆਲਾ ਤੋਂ ਟਿਕਟ ਦੇ ਦਾਅਵੇਦਾਰ ਹਨ, ਉਨ੍ਹਾਂ ਦੀ ਵੀ ਕੈਪਟਨ ਅਮਰਿੰਦਰ ਨਾਲ ਕਾਫ਼ੀ ਨੇੜਤਾ ਰਹੀ ਹੈ, ਉਨ੍ਹਾਂ ਦੇ ਪੁੱਤਰ ਕਾਕਾ ਰਾਜਿੰਦਰ ਸਿੰਘ ਵਿਧਾਇਕ ਬਣੇ ਤੇ ਉਨ੍ਹਾਂ ਨੂੰ ਤਾਂ ਅਮਰਿੰਦਰ ਨੇ ਆਪਣੀ ਸਰਕਾਰ ਵਿੱਚ ਮੰਡੀ ਬੋਰਡ ਦਾ ਚੇਅਰਮੈਨ ਬਣਾਇਆ ਸੀ, ਇਸੇ ਤਰ੍ਹਾਂ ਰਾਜਪੁਰਾ ਤੋਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਬਾਰੇ ਤਾਂ ਇਹ ਕਿਹਾ ਜਾਂਦਾ ਰਿਹਾ ਹੈ ਕਿ ਕਾਂਗਰਸ ਵਿੱਚ ਉਨ੍ਹਾਂ ਦੇ ਪੈਰ ਜਮਾਉਣ ਵਾਲੀ ਪਰਨੀਤ ਕੌਰ ਹੀ ਹੈ। ਬਿਜਲੀ ਬੋਰਡ ਦਾ ਏਐਮ ਬਣਾਉਣ ਤੋਂ ਲੈ ਕੇ ਰਾਜਪੁਰਾ ਤੋਂ ‌ਟਿਕਟ ਦਿਵਾਉਣ ਤੱਕ ਪਰਨੀਤ ਕੌਰ ਦਾ ਵੱਡਾ ਰੋਲ ਮੰਨਿਆ ਜਾਂਦਾ ਹੈ। ਨਾਭਾ ਤੋਂ ਸਾਧੂ ਸਿੰਘ ਧਰਮਸੋਤ ਭਾਵੇਂ ਕਿ ਅੱਜ ਕੱਲ੍ਹ ਜੇਲ੍ਹ ਵਿੱਚ ਹੈ, ਪਰ ਉਨ੍ਹਾਂ ਦਾ ਵੀ ਕੈਪਟਨ ਅਮਰਿੰਦਰ ਨਾਲ ਕਾਫ਼ੀ ਵਾਸਤਾ ਰਿਹਾ ਹੈ।
ਘਨੌਰ ਤੋਂ ਵਿਧਾਇਕ ਰਹੇ ਮਦਨ ਲਾਲ ਜਲਾਲਪੁਰ ਭਾਵੇਂ ਕਈ ਵਾਰੀ ਮਹਿਲਾਂ ਵਾਲਿਆਂ ਨਾਲ ਗ਼ੁੱਸੇ ਲੱਗਦੇ ਸਨ ਪਰ ਉਨ੍ਹਾਂ ਦੇ ਪੁੱਤਰ ਨੂੰ ਬਿਜਲੀ ਬੋਰਡ ਵਿੱਚ ਅਹਿਮ ਅਹੁਦੇ ’ਤੇ ਬਿਠਾਉਣ ਤੋਂ ਬਾਅਦ ਉਹ ਵੀ ਮਹਿਲਾਂ ਬਾਰੇ ਕਸੈਲੇ ਸ਼ਬਦ ਬੋਲਣੇ ਬੰਦ ਕਰ ਗਏ ਸਨ। ਭਾਵੇਂ ਮਦਨ ਲਾਲ ਜਲਾਲਪੁਰ ਦੇ ਖ਼ਿਲਾਫ਼ ਕਈ ਦੋਸ਼ ਲੱਗੇ ਪਰ ਅਮਰਿੰਦਰ ਨੇ ਉਸ ਦੇ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ। ਸਨੌਰ ਤੋਂ ਹੈਰੀ ਮਾਨ ਭਾਵੇਂ ਡਾ. ਧਰਮਵੀਰ ਗਾਂਧੀ ਦੇ ਪੱਖ ਵਿੱਚ ਭੁਗਤ ਗਏ ਹਨ ਪਰ ਇਹ ਵੀ ਪਰਨੀਤ ਕੌਰ ਦੀ ਸਰਪ੍ਰਸਤੀ ਵਿੱਚ ਰਹੇ ਹਨ। ਪਟਿਆਲਾ ਸ਼ਹਿਰੀ ਦੇ ਵਿਸ਼ਣੂ ਸ਼ਰਮਾ ਪਹਿਲਾਂ ਮੋਦੀ ਮਹਿਲ ਦੇ ਨੇੜੇ ਰਹੇ ਹਨ ਪਰ ਕੁਝ ਕਾਰਨਾਂ ਕਰ ਕੇ ਉਹ ਖ਼ਫ਼ਾ ਹੋ ਗਏ ਸਨ। ਦਰਬਾਰਾ ਸਿੰਘ ਸ਼ੁਤਰਾਣਾ ਅਜੇ ਨਵੇਂ ਹਨ ਉਨ੍ਹਾਂ ਬਾਰੇ ਕੁਝ ਵਾਧੂ ਕਿਆਸ ਨਹੀਂ ਲਗਾਏ ਜਾ ਸਕਦੇ। ਜੇਕਰ ਡਾਕਟਰ ਗਾਂਧੀ ਨੂੰ ਕਾਂਗਰਸ ਟਿਕਟ ਦਿੰਦੀ ਹੈ ਤਾਂ ਕਾਂਗਰਸ ਦੇ ਟਕਸਾਲੀ ਦੇ ਘਾਗ ਲੀਡਰਾਂ ਦੀ ਨਮੋਸ਼ੀ ਉਸ ਲਈ ਦੁਸ਼ਵਾਰੀਆਂ ਸਹੇੜ ਸਕਦੀ ਹੈ। ਉਂਜ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਰੇਸ਼ ਦੁੱਗਲ ਤੇ ਦਿਹਾਤੀ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਕਹਿ ਚੁੱਕੇ ਹਨ ਕਿ ਜੋ ਵੀ ਹਾਈਕਮਾਂਡ ਹੁਕਮ ਕਰੇਗੀ ਉਹ ਉਸੇ ਤੇ ਫੁੱਲ ਚੜ੍ਹਾਉਣਗੇ।

Advertisement

Advertisement
Author Image

Advertisement
Advertisement
×