ਡਾ. ਮਿਗਲਾਨੀ ਦੀ ਪੁਸਤਕ ਐਪੀਜੀਨੋਮਿਕਸ ਲੋਕ ਅਰਪਣ
ਖੇਤਰੀ ਪ੍ਰਤੀਨਿਧ
ਲੁਧਿਆਣਾ, 19 ਸਤੰਬਰ
ਪੀਏਯੂ ਵਿੱਚ ਜੈਨੇਟਿਕਸ ਦੇ ਸਾਬਕਾ ਪ੍ਰੋਫੈਸਰ ਡਾ. ਗੁਰਬਚਨ ਸਿੰਘ ਮਿਗਲਾਨੀ ਦੀ ਪੁਸਤਕ ‘ਐਪੀਜੀਨੋਮਿਕਸ’ ਨੂੰ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸਤਬਿੀਰ ਸਿੰਘ ਗੋਸਲ ਵੱਲੋਂ ਰਿਲੀਜ਼ ਕੀਤਾ ਗਿਆ। ਡਾ. ਮਿਗਲਾਨੀ ਵਲੋਂ ਰਚਿਤ ਇਸ ਟੈਕਸਟ ਬੁੱਕ ਦੀ ਸ਼ਲਾਘਾ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਇਹ ਪੁਸਤਕ ਐਪੀਜੈਨੇਟਿਕਸ ਬਾਰੇ ਭਰਪੂਰ ਜਾਣਕਾਰੀ ਦਿੰਦੀ ਹੈ ਅਤੇ ਇਸ ਨਾਲ ਪਾਠਕਾਂ ਨੂੰ ਜੀਨੋਮ-ਵਾਈਡ ਐਪੀਜੈਨੇਟਿਕ ਵਿਸ਼ਲੇਸ਼ਣ, ਡੀ ਐਨ ਏ ਅਤੇ ਹਿਸਟੋਨ ਸੋਧਾਂ ਆਰ ਆਨ ਏ ਤਬਦੀਲੀਆਂ ਅਤੇ ਨਾਨ-ਕੋਡਿੰਗ ਆਰ ਐਨ ਏ’ਜ ਨੂੰ ਸਮਝਣ ਵਿਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ “ਐਪੀਜੀਨੋਮਿਕਸ” ਨਾਂ ਦੀ ਇਸ ਪੁਸਤਕ ਦਾ ਵਿਦਿਆਰਥੀਆਂ, ਅਧਿਆਪਕਾਂ ਅਤੇ ਲਾਈਫ਼ ਸਾਇੰਸਜ਼, ਖੇਤੀਬਾੜੀ, ਡਾਕਟਰੀ ਅਤੇ ਬਾਇਓਤਕਨਾਲੋਜੀ ਖੋਜਾਰਥੀਆਂ ਨੂੰ ਬਹੁਤ ਲਾਭ ਮਿਲ ਸਕੇਗਾ। ਡਾ. ਮਿਗਲਾਨੀ ਨੇ ਦੱਸਿਆ ਕਿ ਐਪੀਜੀਨੋਮਿਕਸ ਨੂੰ ਡੀਐਨਏ ਅਤੇ ਹਿਸਟੋਨਜ਼ ਉੱਤੇ ਰਸਾਇਣਕ ਸੋਧਾਂ ਹਿਤ ਵਰਤਿਆ ਜਾਂਦਾ ਹੈ। ਮਨੁੱਖੀ ਰੋਗਾਂ ਨੂੰ ਖਤਮ ਕਰਨ ਅਤੇ ਫਸਲਾਂ ਦੀ ਬਰੀਡਿੰਗ ਨੂੰ ਵਧਾਉਣ ਲਈ ਐਪੀਜੀਨੋਮਿਕਸ ਦੀ ਵੱਧ ਰਹੀ ਮਹੱਤਤਾ ਤੇ ਚਾਣਨਾ ਪਾਉਂਦਿਆ ਡਾ. ਮਿਗਲਾਨੀ ਨੇ ਐਪੀਜੈਨੇਟਿਕਸ ਅਤੇ ਐਪੀਜੀਨੋਮਿਕਸ ਨੂੰ ਵਿਸ਼ਵਮਈ ਸਿੱਖਿਆ ਦੇ ਸਿਲੇਬਸ ਵਿਚ ਸ਼ਾਮਲ ਕਰਨ ਦੀ ਸਿਫ਼ਾਰਸ਼ ਕੀਤੀ।