ਡਾ. ਸਾਹਿਬ ਸਿੰਘ ਅਤੇ ਤਰਲੋਚਨ ਤਰਨ ਤਾਰਨ ਨਾਲ ਸਾਹਿਤਕ ਮਿਲਣੀ
ਸਰੀ (ਹਰਦਮ ਮਾਨ):
ਗ਼ਜ਼ਲ ਮੰਚ ਸਰੀ ਵੱਲੋਂ ਰੰਗਮੰਚ ਦੇ ਪ੍ਰਸਿੱਧ ਹਸਤਾਖ਼ਰ ਡਾ. ਸਾਹਿਬ ਸਿੰਘ ਅਤੇ ਸਾਹਿਤ ਦਾ ਡੂੰਘਾ ਅਧਿਐਨ ਕਰਨ ਵਾਲੇ ਤਰਲੋਚਨ ਤਰਨ ਤਾਰਨ ਨਾਲ ਵਿਸ਼ੇਸ਼ ਮਿਲਣੀ ਕੀਤੀ ਗਈ। ਇਸ ਵਿੱਚ ਪੰਜਾਬੀ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਅਤੇ ਖ਼ਾਸ ਕਰ ਕੇ ਗ਼ਜ਼ਲ ਤੇ ਨਾਟਕ ਬਾਰੇ ਬਹੁਤ ਉਸਾਰੂ ਵਿਚਾਰ ਚਰਚਾ ਹੋਈ।
ਡਾ. ਸਾਹਿਬ ਸਿੰਘ ਨੇ ਅਦਾਕਾਰ ਤੋਂ ਨਾਟਕਕਾਰ ਬਣਨ ਦੇ ਆਪਣੇ ਸਫ਼ਰ ਬਾਰੇ ਸੰਖੇਪ ਵਿੱਚ ਦੱਸਿਆ ਅਤੇ ਇਸ ਸਫ਼ਰ ਦੌਰਾਨ ਹੋਏ ਵੱਖ ਵੱਖ ਅਨੁਭਵ ਸਾਂਝੇ ਕੀਤੇ। ਉਸ ਨੇ ਕਿਹਾ ਕਿ ਕਲਾਕਾਰ ਨੂੰ ਆਪਣੇ ਕਰੈਕਟਰ ਵਿੱਚ ਲੀਨ ਹੋ ਜਾਣਾ ਚਾਹੀਦਾ ਹੈ ਅਤੇ ਸਟੇਜ ’ਤੇ ਉਸ ਦੀ ਐਕਟਿੰਗ ਨਜ਼ਰ ਨਹੀਂ ਆਉਣੀ ਚਾਹੀਦੀ। ਤਰਲੋਚਨ ਤਰਨ ਤਾਰਨ ਨੇ ਸਾਹਿਤ ਅਤੇ ਕਲਾ ਨਾਲ ਸਬੰਧਤ ਵੱਡਮੁੱਲੀਆਂ ਗੱਲਾਂ ਕੀਤੀਆਂ। ਇਸ ਦੌਰਾਨ ਗ਼ਜ਼ਲ ਮੰਚ ਦੇ ਸ਼ਾਇਰਾਂ ਜਸਵਿੰਦਰ, ਕ੍ਰਿਸ਼ਨ ਭਨੋਟ, ਦਸਮੇਸ਼ ਗਿੱਲ ਫਿਰੋਜ਼, ਰਾਜਵੰਤ ਰਾਜ, ਪ੍ਰੀਤ ਮਨਪ੍ਰੀਤ ਅਤੇੇ ਦਵਿੰਦਰ ਗੌਤਮ ਨੇ ਆਪਣੀਆਂ ਗ਼ਜ਼ਲਾਂ ਰਾਹੀਂ ਕਾਵਿਕ ਮਾਹੌਲ ਸਿਰਜਿਆ। ਗ਼ਜ਼ਲ ਮੰਚ ਵੱਲੋਂ ਦੋਵਾਂ ਮਹਿਮਾਨ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸ਼ਾਇਰ ਜੱਗੀ ਜੌਹਲ ਦੀ ਪੁਸਤਕ ‘ਪੰਛੀ ਤੇ ਦਰਵੇਸ਼’ ਵੀ ਰਿਲੀਜ਼ ਕੀਤੀ ਗਈ।
ਸੰਪਰਕ: +1 604 308 6663