ਡਾ. ਕੁਲਦੀਪ ਸਿੰਘ ਦੀਪ ਦਾ ਸਨਮਾਨ
ਕੈਲਗਰੀ:
ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਮਾਸਿਕ ਇਕੱਤਰਤਾ ਕੋਸੋ ਹਾਲ ਵਿੱਚ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ, ਡਾ. ਕੁਲਦੀਪ ਸਿੰਘ ਦੀਪ ਅਤੇ ਡਾ. ਸ਼ੇਰ ਗਿੱਲ ਦੀ ਪ੍ਰਧਾਨਗੀ ਵਿੱਚ ਹੋਈ। ਆਰੰਭ ਵਿੱਚ ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਮੁੱਖ ਮਹਿਮਾਨ ਅਤੇ ਬੁਲਾਰੇ ਡਾ. ਕੁਲਦੀਪ ਸਿੰਘ ਦੀਪ ਦੀ ਮੁੱਢਲੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਸ ਨੇ ਆਪਣੀ ਉਮਰ ਦੇ ਵਰ੍ਹਿਆਂ ਤੋਂ ਜ਼ਿਆਦਾ ਕਿਤਾਬਾਂ ਲਿਖਿਆਂ ਹਨ। ਇੰਨੇ ਥੋੜ੍ਹੇ ਸਮੇਂ ’ਚ ਉੱਚ ਕੋਟੀ ਦਾ ਕੰਮ ਕਰਨਾ ਕਿਸੇ ਕਿਸੇ ਦੇ ਹਿੱਸੇ ਆਉਂਦਾ ਹੈ। 2024 ਵਿੱਚ ਉਸ ਦੀ ਬਾਲ ਨਾਟਕ ਲੜੀ ‘ਮੈਂ ਜਲ੍ਹਿਆਂਵਾਲਾ ਬਾਗ ਬੋਲਦਾ ਹਾਂ’ ਨੂੰ ਭਾਰਤ ਸਾਹਿਤ ਅਕਾਦਮੀ ਦਾ ਬਾਲ ਸਾਹਿਤ ਪੁਰਸਕਾਰ ਮਿਲਿਆ।
ਡਾ. ਕੁਲਦੀਪ ਸਿੰਘ ਨੇ ‘ਪੰਜਾਬੀ ਭਾਸ਼ਾ ਦੇ ਵਰਤਮਾਨ ਸਰੋਕਾਰ’ ਵਿਸ਼ੇ ’ਤੇ ਬੋਲਦਿਆਂ ਕਿਹਾ ਕਿ ਸਾਨੂੰ ਆਪਣੀ ਭਾਸ਼ਾ ਉੱਪਰ ਪੈ ਰਹੇ ਗਲੋਬਲੀ, ਫਿਰਕੂ, ਤਕਨੀਕੀ ਅਤੇ ਸਿਆਸੀ ਦਬਾਵਾਂ ਨੂੰ ਸਮਝਦੇ ਹੋਏ ਨਿੱਜੀ ਅਤੇ ਸਮੂਹਿਕ ਯਤਨ ਕਰਨੇ ਹੋਣਗੇ। ਪੂਰੀ ਦੁਨੀਆ ਵਿੱਚ ਵਸਦੇ 14 ਕਰੋੜ ਪੰਜਾਬੀਆਂ ਦੀ ਭਾਸ਼ਾ ਦੀਆਂ ਗਲੋਬਲੀ ਦੌਰ ਵਿੱਚ ਅਪਾਰ ਸੰਭਾਵਨਾਵਾਂ ਹਨ। ਵਿਸ਼ੇਸ਼ ਤੌਰ ’ਤੇ ਵਰਚੁਅਲ ਸੰਸਾਰ ਦੀ ਆਮਦ ਨੇ ਕੁਲੀਨ ਵਰਗ ਦੀ ਸੱਤਾ ਨੂੰ ਤੋੜ ਕੇ ਭਾਸ਼ਾ ਅਤੇ ਸਾਹਿਤ ਦੇ ਦਰਵਾਜ਼ੇ ਆਮ ਲੋਕਾਂ ਲਈ ਖੋਲ੍ਹੇ ਹਨ। ਇਸ ਵੇਲੇ ਜਿੱਥੇ ਇੱਕ ਪਾਸੇ ਸਰਕਾਰਾਂ ’ਤੇ ਦਬਾਅ ਬਣਾਉਣਾ ਚਾਹੀਦਾ ਹੈ ਕਿ ਉਹ ਪੰਜਾਬੀ ਭਾਸ਼ਾ ਨੂੰ ਸੰਚਾਰ, ਵਪਾਰ ਅਤੇ ਰੁਜ਼ਗਾਰ ਦੀ ਭਾਸ਼ਾ ਬਣਾਵੇ ਅਤੇ ਦੂਜੇ ਪਾਸੇ ਆਪਣੇ ਆਪ ਨੂੰ ਤਕਨੀਕ ਦੇ ਹਾਣ ਦਾ ਬਣਾ ਕੇ ਭਾਸ਼ਾ ਦੀਆਂ ਨਵੀਆਂ ਸੰਭਾਵਨਾਵਾਂ ਦੀ ਤਲਾਸ਼ ਕਰਨੀ ਜ਼ਰੂਰੀ ਹੈ। ਉਹ ਜਿਹੜੀ ਮਰਜ਼ੀ ਭਾਸ਼ਾ ਸਿੱਖੇ, ਪਰ ਆਪਣੀ ਮਾਂ ਬੋਲੀ ਨੂੰ ਨਾ ਦੁਰਕਾਰੇ।
ਸਭਾ ਦੀ ਪ੍ਰਧਾਨ ਸੁਰਿੰਦਰ ਗੀਤ ਨੇ ਕਿਹਾ ਕਿ ਡਾ. ਕੁਲਦੀਪ ਅਜਿਹਾ ਚੇਤੰਨ ਬੁਲਾਰਾ, ਨਾਟਕਕਾਰ, ਚਿੰਤਕ ਅਤੇ ਬੁੱਧੀਜੀਵੀ ਹੈ ਜਿਸ ਨੇ ਆਪਣੀ ਬੁੱਧੀ ਨਾਲ ਭੂਤਕਾਲ ਦੀਆਂ ਕਬਰਾਂ ਕੁਰੇਦ ਕੇ ਹੱਡੀਆਂ ਨੂੰ ਖੰਘਾਲਿਆ ਹੈ, ਸਵਾਹ ਨੂੰ ਛਾਣ ਕੇ ਤੱਤ ਕੱਢੇ ਹਨ ਅਤੇ ਉਨ੍ਹਾਂ ਤੱਤਾਂ ਦੇ ਆਧਾਰ ’ਤੇ ਉਹ ਵਰਤਮਾਨ ਦੇ ਰਾਜਨੀਤਕ ਅਤੇ ਸਮਾਜਿਕ ਢਾਂਚੇ ਨੂੰ ਗਹਿਰ ਗੰਭੀਰ ਨਜ਼ਰ ਨਾਲ ਵੇਖਦਾ ਭਵਿੱਖ ਲਈ ਚਿੰਤਾਤੁਰ ਹੋ ਜਾਂਦਾ ਹੈ। ਪੰਜਾਬੀ ਸਾਹਿਤ ਸਭਾ ਕੈਲਗਰੀ ਵੱਲੋਂ ਡਾ. ਕੁਲਦੀਪ ਸਿੰਘ ਦੀਪ ਦਾ ਸਨਮਾਨ ਚਿੰਨ੍ਹ ਨਾਲ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ 13-14 ਸਾਲ ਦੇ ਮੋਹਕਮ ਸਿੰਘ ਨੇ ਰਚਨਾ ਤਰੰਨੁਮ ’ਚ ਪੇਸ਼ ਕੀਤੀ। ਸੁਖਮੰਦਰ ਸਿੰਘ ਤੂਰ, ਭੋਲਾ ਸਿੰਘ ਚੌਹਾਨ, ਬਚਿੱਤਰ ਸਿੰਘ ਗਿੱਲ, ਅਨਵਰ ਅਹਿਮਦ, ਮਨਜੀਤ ਬਰਾੜ, ਸੁਖਮੰਦਰ ਸਿੰਘ ਗਿੱਲ, ਬਚਨ ਸਿੰਘ ਗੁਰਮ, ਜਸਵੀਰ ਸਿੰਘ ਸਿਹੋਤਾ, ਡਾ. ਰਾਜਵੰਤ ਕੌਰ ਮਾਨ ਤੇ ਤਰਲੋਕ ਸਿੰਘ ਚੁੱਘ ਨੇ ਆਪੋ ਆਪਣੀਆਂ ਰਚਨਾਵਾਂ ਅਤੇ ਵਿਚਾਰਾਂ ਨਾਲ ਹਾਜ਼ਰੀ ਲਗਵਾਈ। ਹਰਬੰਸ ਬੁੱਟਰ ਦਾ ਸਭਾ ਵੱਲੋਂ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ।
*ਖ਼ਬਰ ਸਰੋਤ: ਪੰਜਾਬੀ ਸਾਹਿਤ ਸਭਾ ਕੈਲਗਰੀ