ਡਾ. ਦੰਦਰ ਤ੍ਰਿਖ਼ਾ ਨੂੰ ਕਰਪੂਰੀ ਠਾਕੁਰ ਸਨਮਾਨ ਨਾਲ ਨਿਵਾਜੇਗੀ ਬਿਹਾਰ ਸਰਕਾਰ
ਟ੍ਰਿਬਿੳੂਨ ਨਿੳੂਜ਼ ਸਰਵਿਸ
ਚੰਡੀਗੜ੍ਹ, 5 ਜੁਲਾਈ
ਉੱਘੇ ਸਾਹਿਤਕਾਰ ਅਤੇ ਹਰਿਆਣਾ ਸਾਹਿਤ ਅਕਾਦਮੀ ਦੇ ਸਾਬਕਾ ਨਿਰਦੇਸ਼ਕ ਡਾ. ਚੰਦਰ ਤ੍ਰਿਖਾ ਨੂੰ ਬਿਹਾਰ ਸਰਕਾਰ ਵੱਲੋਂ ਵਰ੍ਹਾ 2021-22 ਲਈ ਹਿੰਦੀ ਸਾਹਿਤ ਦੇ ਖੇਤਰ ਵਿੱਚ ਵੱਢਮੁੱਲਾ ਯੋਗਦਾਨ ਪਾਉਣ ਲਈ ‘ਕਰਪੂਰੀ ਠਾਕੁਰ’ ਸਨਮਾਨ ਲਈ ਚੁਣਿਆ ਗਿਆ ਹੈ। ਬਿਹਾਰ ਸਰਕਾਰ ਵੱਲੋਂ ਦਿੱਤੇ ਜਾਂਂਦੇ ਸਨਮਾਨਾਂ ਵਿਚੋਂ ਚੋਟੀ ਦੇ ਇਸ ਸਨਮਾਨ ਨਾਲ ਡਾ. ਤ੍ਰਿਖਾ ਨੂੰ ਨਿਵਾਜਿਆ ਜਾਵੇਗਾ। ਇਸ ਸਨਮਾਨ ਨਾਲ ਦੋ ਲੱਖ ਰੁਪਏ ਤੇ ਸ਼ਲਾਘਾ ਪੱਤਰ ਵੀ ਦਿੱਤਾ ਜਾਵੇਗਾ। ਇਹ ਪੁਰਸਕਾਰ 31 ਜੁਲਾਈ ਨੂੰ ਪਟਨਾ ਵਿੱਚ ਹੋਣ ਵਾਲੇ ਇੱਕ ਸਮਾਗਮ ਦੌਰਾਨ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਡਾ. ਤ੍ਰਿਖਾ ਨੇ ਹਿੰਦੀ ਸਾਹਿਤ ਨੂੰ ਹੁਣ ਤੱਕ 52 ਪੁਸਤਕਾਂ ਦਿੱਤੀਆਂ ਹਨ। ਦੇਸ਼ ਵੰਡ ’ਤੇ ਲਿਖੀਆਂ ਉਨ੍ਹਾਂ ਦੀਆਂ ਕਈ ਰਚਨਾਵਾਂ ਦੇਸ਼-ਵਿਦੇਸ਼ ਵਿੱਚ ਪੜ੍ਹੀਆਂ ਜਾਂਦੀਆਂ ਹਨ। ਇਸ ਤੋਂ ਪਹਿਲਾਂ ਡਾ. ਤ੍ਰਿਖਾ ਨੂੰ ਪੰਜਾਬ ਸ਼੍ਰੋਮਣੀ ਹਿੰਦੀ ਸਾਹਿਤ ਸਨਮਾਨ, ਉੱਤਰ ਪ੍ਰਦੇਸ਼ ਹਿੰਦੀ ਸੰਸਥਾਨ ਵੱਲੋਂ ਹਿੰਦੀ ਸੌਹਾਰਦ ਸਨਮਾਨ, ਹਰਿਆਣਾ ਹਿੰਦੀ ਸੇਵੀ ਸਨਮਾਨ ਵਰਗੇ ਪੁਰਸਕਾਰਾਂ ਨਾਲ ਵੀ ਨਿਵਾਜਿਆ ਜਾ ਚੁੱਕਿਆ ਹੈ।