ਐੱਚਐੱਸਜੀਐੱਮਸੀ ਚੋਣ ਲਈ ਤਿੰਨ ਵਾਰਡਾਂ ’ਚ ਦਰਜਨ ਉਮੀਦਵਾਰ ਮੈਦਾਨ ’ਚ
ਪੱਤਰ ਪ੍ਰੇਰਕ
ਗੂਹਲਾ ਚੀਕਾ, 2 ਜਨਵਰੀ
ਡੀਸੀ ਪ੍ਰੀਤੀ ਨੇ ਦੱਸਿਆ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚਐੱਸਜੀਐੱਮਸੀ) ਦੀ ਚੋਣ ਲਈ ਨਾਮ ਵਾਪਸ ਲੈਣ ਦੇ ਅੰਤਿਮ ਦਿਨ ਅੱਜ ਅੱਠ ਉਮੀਦਵਾਰਾਂ ਨੇ ਆਪਣਾ ਨਾਮਜ਼ਦਗੀ ਪੱਤਰੀ ਵਾਪਸ ਲੈ ਲਏ। ਜਿਲ੍ਹੇ ਦੇ ਤਿੰਨਾਂ ਵਾਰਡਾਂ ਵਿੱਚ ਹੁਣ 12 ਉਮੀਦਵਾਰ ਮੈਦਾਨ ਵਿੱਚ ਰਹਿ ਗਏ ਹਨ। 19 ਜਨਵਰੀ ਨੂੰ ਵੋਟਾਂ ਪੈਣਗੀਆਂ। ਇਸ ਦੌਰਾਨ ਵਾਰਡ ਨੰਬਰ 20 ਗੂਹਲਾ ਵਿੱਚ ਪੰਜ, ਵਾਰਡ ਨੰਬਰ 21 ਕਾਂਗਥਲੀ ਵਿੱਚ ਤਿੰਨ ਅਤੇ ਵਾਰਡ ਨੰਬਰ 22 ਕੈਥਲ ਵਿੱਚ ਚਾਰ ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ। ਇਸ ਦੌਰਾਨ ਅੱਜ ਵਾਰਡ ਨੰਬਰ 20 ਗੂਹਲਾ ਤੋਂ ਸਤਨਾਮ ਸਿੰਘ ਅਤੇ ਬਲੀ ਸਿੰਘ ਨੇ ਕਾਗਜ਼ ਵਾਪਸ ਲਏ। ਹੁਣ ਵਾਰਡ ਨੰਬਰ 20 ਗੂਹਲਾ ਵਿੱਚ 5 ਉਮੀਦਵਾਰ ਰਹਿ ਗਏ ਹਨ, ਜਿਨ੍ਹਾਂ ਵਿੱਚ ਖਜਾਨ ਸਿੰਘ , ਸੁਖਚੈਨ ਸਿੰਘ , ਗੁਰਮੀਤ ਸਿੰਘ , ਮੇਜਰ ਸਿੰਘ ਅਤੇ ਬਲਵਿੰਦਰ ਸਿੰਘ ਹਨ। ਉਮੀਦਵਾਰ ਖਜਾਨ ਸਿੰਘ ਨੂੰ ਜੀਪ, ਸੁਖਚੈਨ ਨੂੰ ਚੜ੍ਹਦਾ ਸੂਰਜ , ਗੁਰਮੀਤ ਸਿੰਘ ਨੂੰ ਢੋਲ, ਮੇਜਰ ਸਿੰਘ ਨੂੰ ਸਾਈਕਲ ਅਤੇ ਬਲਵਿੰਦਰ ਨੂੰ ਸਕੂਟਰ ਦਾ ਚੋਣ ਨਿਸ਼ਾਨ ਮਿਲਿਆ ਹੈ।
ਇਸ ਪ੍ਰਕਾਰ ਵਾਰਡ ਨੰਬਰ 21 ਕਾਂਗਥਲੀ ਵਿੱਚ ਕੁੱਲ 7 ਨਾਮਜ਼ਦਗੀ ਪੱਤਰ ਦਾਖਲ ਹੋਏ ਸਨ, ਜਿਨ੍ਹਾਂ ਵਿੱਚੋਂ 4 ਉਮੀਦਵਾਰ ਹਰਭਜਨ ਸਿੰਘ, ਗੱਜਣ ਸਿੰਘ, ਬਲਵਿੰਦਰ ਸਿੰਘ ਅਤੇ ਜਰਨੈਲ ਸਿੰਘ ਨੇ ਕਾਗਜ਼ ਵਾਪਸ ਲੈ ਲਏ। ਹੁਣ ਚੋਣ ਮੈਦਾਨ ਵਿੱਚ ਬਲਵਿੰਦਰ ਸਿੰਘ , ਗੁਰਮੀਤ ਸਿੰਘ, ਬੂਟਾ ਸਿੰਘ ਰਹਿ ਗਏ ਹਨ। ਉਮੀਦਵਾਰ ਗੁਰਮੀਤ ਸਿੰਘ ਨੂੰ ਚੜ੍ਹਦਾ ਸੂਰਜ, ਬਲਵਿੰਦਰ ਸਿੰਘ ਨੂੰ ਜੀਪ ਅਤੇ ਬੂਟਾ ਸਿੰਘ ਨੂੰ ਜਹਾਜ਼ ਚੋਣ ਨਿਸ਼ਾਨ ਮਿਲੇ।
ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 22 ਕੈਥਲ ਵਿੱਚ ਕੁਲ 6 ਨਾਮਜ਼ਦਗੀ ਦਾਖਲ ਹੋਏ , ਜਿਨ੍ਹਾਂ ਵਿੱਚੋਂ 2 ਉਮੀਦਵਾਰ ਕੁਲਜਿੰਦਰ ਕੌਰ ਅਤੇ ਸਤਵਿੰਦਰ ਸਿੰਘ ਭਾਟੀਆ ਨੇ ਕਾਗਜ਼ ਵਾਪਸ ਲੈ ਲਏ। ਹੁਣ ਚੋਣ ਮੈਦਾਨ ਵਿੱਚ 4 ਉਮੀਦਵਾਰ ਰਹਿ ਗਏ ਹਨ, ਜਿਨ੍ਹਾਂ ਵਿੱਚ ਗੁਰਚਰਨ ਸਿੰਘ, ਸਤਿੰਦਰ ਸਿੰਘ, ਉੱਤਮ ਸਿੰਘ, ਬਲਰਾਮ ਸਿੰਘ ਸ਼ਾਮਿਲ ਹਨ। ਉਮੀਦਵਾਰ ਬਲਰਾਮ ਸਿੰਘ ਨੂੰ ਸਾਈਕਲ, ਗੁਰਚਰਨ ਸਿੰਘ ਨੂੰ ਚੜ੍ਹਦਾ ਸੂਰਜ, ਸਤਿੰਦਰ ਸਿੰਘ ਨੂੰ ਜਹਾਜ਼, ਉੱਤਮ ਸਿੰਘ ਨੂੰ ਜੀਪ ਚੋਣ ਨਿਸ਼ਾਨ ਮਿਲਿਆ।
ਦਸ ਤੱਕ ਭਰੇ ਜਾ ਸਕਦੇ ਨੇ ਵੋਟਾਂ ਬਣਾਉਣ ਲਈ ਫਾਰਮ
ਡਿਪਟੀ ਕਮਿਸ਼ਨਰ ਪ੍ਰੀਤੀ ਨੇ ਦੱਸਿਆ ਕਿ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲਈ ਨਵੇਂ ਵੋਟਰਾਂ ਦੇ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਨ ਲਈ ਫਾਰਮ 10 ਜਨਵਰੀ ਤੱਕ ਪ੍ਰਾਪਤ ਕੀਤੇ ਜਾਣਗੇ। ਅਰਜ਼ੀਆਂ ਪ੍ਰਾਪਤ ਕਰਨ ਲਈ ਵਾਰਡ ਨੰਬਰ 20 ਗੂਹਲਾ ਲਈ ਟਟਿਆਣਾ ਹਲਕਾ ਪਟਵਾਰੀ ਸ਼ਮਸ਼ੇਰ ਸਿੰਘ, ਵਾਰਡ ਨੰਬਰ 21 ਕਾਂਗਥਲੀ ਲਈ ਲੈਂਡਰ ਪੀਰਜਾਦਾ ਹਲਕਾ ਪਟਵਾਰੀ ਕਾਮਦੇਵ ਕੁਮਾਰ ਅਤੇ ਉਪ ਤਹਿਸੀਲ ਸੀਵਨ ਅਤੇ ਵਾਰਡ ਨੰਬਰ 22 ਕੈਥਲ ਲਈ ਹਰਸੌਲਾ ਹਲਕਾ ਪਟਵਾਰੀ ਸੋਹਣ ਸਿੰਘ ਦੀ ਡਿਊਟੀ ਸਦਰ ਕਾਨੂੰਨਗੋ ਸ਼ਾਖਾ ਡਿਪਟੀ ਕਮਿਸ਼ਨਰ ਦਫ਼ਤਰ ਕੈਥਲ ਵਿੱਚ ਲਾਈ ਗਈ ਹੈ।