ਡੋਵਾਲ ਵੱਲੋਂ ਅਤਿਵਾਦ ਦੇ ਟਾਕਰੇ ਲਈ ਮਿਲ ਕੇ ਕੰਮ ਕਰਨ ਦਾ ਸੱਦਾ
ਬ੍ਰਿਕਸ ਕੌਮੀ ਸੁਰੱਖਿਆ ਸਲਾਹਕਾਰਾਂ ਦੀ ਬੈਠਕ
ਨਵੀਂ ਦਿੱਲੀ, 11 ਸਤੰਬਰ
ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ‘ਬ੍ਰਿਕਸ’ ਦੇ ਮੈਂਬਰ ਮੁਲਕਾਂ ਨੂੰ ਅਤਿਵਾਦ ਦੇ ਟਾਕਰੇ ਤੇ ਡਿਜੀਟਲ ਖੇਤਰ ਵਿਚ ਦਰਪੇਸ਼ ਚੁਣੌਤੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਸਿੱਝਣ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ। ਸੇਂਟ ਪੀਟਰਜ਼ਬਰਗ ਵਿਚ ਬ੍ਰਿਕਸ (ਬ੍ਰਾਜ਼ੀਲ-ਰੂਸ-ਭਾਰਤ-ਚੀਨ-ਦੱਖਣੀ ਅਫ਼ਰੀਕਾ) ਦੇ ਕੌਮੀ ਸੁਰੱਖਿਆ ਸਲਾਹਕਾਰਾਂ ਦੀ ਕਾਨਕਲੇਵ ਨੂੰ ਸੰਬੋਧਨ ਕਰਦਿਆਂ ਡੋਵਾਲ ਨੇ ਬਹੁ-ਸੰਮਤੀਵਾਦ ਵਿਚ ਸੁਧਾਰਾਂ ਦਾ ਵੀ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਮੌਜੂਦਾ (ਸੁਰੱਖਿਆ) ਢਾਂਚੇ ਆਧੁਨਿਕ ਵੰਗਾਰਾਂ ਤੇ ਸਾਧਾਰਨ ਫ਼ਿਕਰਾਂ ਵਾਲੇ ਸੰਵੇਦਨਸ਼ੀਲ ਮੁੱਦਿਆਂ ਨਾਲ ਸਿੱਝਣ ਦੇ ਸਮਰੱਥ ਨਹੀਂ ਰਹੇ। ਡੋਵਾਲ ਨੇ ਕਾਨਕਲੇਵ ਤੋਂ ਇਕਪਾਸੇ ਚੀਨ ਦੇ ਆਪਣੇ ਹਮਰੁਤਬਾ ਵੈਂਗ ਯੀ ਨਾਲ ਸੰਖੇਪ ਰਸਮੀ ਦੁਆ-ਸਲਾਮ ਕੀਤੀ ਜਦੋਂਕਿ ਦੋਵਾਂ ਐੱਨਐੱਸਏ’ਜ਼ ਵਿਚਾਲੇ ਰਸਮੀ ਦੁਵੱਲੀ ਬੈਠਕ ਵੀਰਵਾਰ ਨੂੰ ਹੋਵੇਗੀ।
ਡੋਵਾਲ ਨੇ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ, ‘ਅੱਜ ਦੀ ਬੈਠਕ ਵਿਚ ਚੋਖੀ ਸ਼ਮੂਲੀਅਤ ਇਸ ਗੱਲ ਦੀ ਸ਼ਾਹਦੀ ਭਰਦੀ ਹੈ ਕਿ ਜੇ ਅਸੀਂ ਸਾਖ਼ ਬਹਾਲ ਕਰਨੀ ਹੈ ਤਾਂ ਬਹੁ-ਸੰਮਤੀਵਾਦ ਵਿਚ ਸੁਧਾਰਾਂ ਦੀ ਫੌਰੀ ਲੋੜ ਹੈ।’
ਕਾਨਕਲੇਵ ਦੇ ਪਹਿਲੇ ਦਿਨ ਵੱਖ ਵੱਖ ਸੈਸ਼ਨਾਂ ਦੌਰਾਨ ਡੋਵਾਲ ਨੇ ਆਧੁਨਿਕ ਸੁਰੱਖਿਆ ਚੁੁਣੌਤੀਆਂ ਸਣੇ ਆਈਸੀਟੀ (ਸੂਚਨਾ ਤੇ ਸੰਚਾਰ ਤਕਨਾਲੋਜੀ) ਨਾਲ ਸਬੰਧਤ ਮਸਲਿਆਂ ਤੇ ਅਤਿਵਾਦ ਅਤੇ ਬ੍ਰਿਕਸ ਦੇ ਖਰੜੇ ਤਹਿਤ ਸਾਂਝੇ ਯਤਨਾਂ ਨਾਲ ਇਨ੍ਹਾਂ ਨੂੰ ਮੁਖਾਤਬ ਹੋਣ ਦੀ ਲੋੜ ’ਤੇ ਜ਼ੋਰ ਦਿੱਤਾ। ਬ੍ਰਿਕਸ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਨੇ ਕੁੱਲ ਆਲਮੀ ਨੂੰ ਦਰਪੇਸ਼ ਸੁਰੱਖਿਆ ਚੁਣੌਤੀਆਂ ’ਤੇ ਨਜ਼ਰਸਾਨੀ ਲਈ ਵੀ ਜ਼ੋਰ ਪਾਇਆ। ਇਹ ਤਿੰਨ ਰੋਜ਼ਾ ਕਾਨਕਲੇਵ ਪੰਜ ਮੁਲਕੀ ਸਮੂਹ ਦੀ ਸਾਲਾਨਾ ਸਿਖਰ ਵਾਰਤਾ ਤੋਂ ਪਹਿਲਾਂ ਹੋ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਬ੍ਰਿਕਸ ਦੇ ਹੋਰ ਆਗੂ ਅਗਲੇ ਮਹੀਨੇ ਮਾਸਕੋ ਵਿਚ ਹੋਣ ਵਾਲੀ ਬੈਠਕ ਵਿਚ ਸ਼ਿਰਕਤ ਕਰਨਗੇ। ਰੂਸ 22 ਤੋਂ 24 ਅਕਤੂੁਬਰ ਤੱਕ ਕਜ਼ਾਨ ਵਿਚ ਬੈਠਕ ਦੀ ਮੇਜ਼ਬਾਨੀ ਕਰੇਗਾ। -ਪੀਟੀਆਈ