ਬ੍ਰਿਕਸ ਮੀਟਿੰਗ ’ਚ ਹਿੱਸਾ ਲੈਣ ਲਈ ਰੂਸ ਜਾਣਗੇ ਡੋਵਾਲ
ਨਵੀਂ ਦਿੱਲੀ, 8 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਮਾਸਕੋ ਅਤੇ ਕੀਵ ਫੇਰੀਆਂ ਮਗਰੋਂ ਯੂਕਰੇਨ ਜੰਗ ਦਾ ਹੱਲ ਲੱਭਣ ’ਚ ਭਾਰਤ ਦੀ ਸੰਭਾਵਿਤ ਭੂਮਿਕਾ ਦੀ ਮੰਗ ਦਰਮਿਆਨ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ ਅਗਲੇ ਹਫ਼ਤੇ ਰੂਸ ਦੇ ਦੌਰੇ ’ਤੇ ਜਾ ਰਹੇ ਹਨ। ਉਹ ਮਾਸਕੋ ’ਚ ਬ੍ਰਿਕਸ ਗਰੁੱਪ ਦੇ ਐੱਨਐੱਸਏਜ਼ ਦੀ ਮੀਟਿੰਗ ’ਚ ਹਾਜ਼ਰੀ ਭਰਨਗੇ। ਇਹ ਮੀਟਿੰਗ ਰੂਸ ਅਤੇ ਯੂਕਰੇਨ ਵਿਚਕਾਰ ਜਾਰੀ ਜੰਗ ਖ਼ਤਮ ਕਰਨ ਲਈ ਦੋਵੇਂ ਮੁਲਕਾਂ ਵਿਚਕਾਰ ਸ਼ਾਂਤੀ ਵਾਰਤਾ ਨੂੰ ਲੈ ਕੇ ਨਵੇਂ ਸਿਰੇ ਤੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਰਮਿਆਨ ਹੋ ਰਹੀ ਹੈ। ਸੂਤਰਾਂ ਮੁਤਾਬਕ ਬ੍ਰਿਕਸ ਅਤੇ ਬ੍ਰਿਕਸ ਪਲੱਸ ਉੱਚ ਪੱਧਰੀ ਸੁਰੱਖਿਆ ਅਧਿਕਾਰੀਆਂ ਦੀ ਮੀਟਿੰਗ 10 ਤੋਂ 12 ਸਤੰਬਰ ਤੱਕ ਸੇਂਟ ਪੀਟਰਜ਼ਬਰਗ ’ਚ ਹੋਵੇਗੀ। ਬ੍ਰਿਕਸ ’ਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ ਸ਼ਾਮਲ ਹਨ ਅਤੇ ਪਿਛਲੇ ਵਰ੍ਹੇ ਮਿਸਰ, ਇਰਾਨ, ਯੂਏਈ, ਸਾਊਦੀ ਅਰਬ ਅਤੇ ਇਥੋਪੀਆ ਨੂੰ ਗਰੁੱਪ ਦੇ ਨਵੇਂ ਮੈਂਬਰ ਬਣਾਇਆ ਗਿਆ ਸੀ। ਅਜਿਹੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਡੋਵਾਲ ਆਪਣੇ ਰੂਸੀ ਹਮਰੁਤਬਾ ਨਾਲ ਗੱਲਬਾਤ ਵੀ ਕਰਨਗੇ ਅਤੇ ਖ਼ਿੱਤੇ ’ਚ ਸ਼ਾਂਤੀ ਬਹਾਲੀ ਬਾਰੇ ਵੀ ਚਰਚਾ ਹੋ ਸਕਦੀ ਹੈ। ਅਜੀਤ ਡੋਵਾਲ ਨੇ ਪਿਛਲੇ ਸਾਲ ਜੁਲਾਈ ’ਚ ਜੌਹੈੱਨਸਬਰਗ ’ਚ ਹੋਈ 13ਵੀਂ ਬ੍ਰਿਕਸ ਐੱਨਐੱਸਏ ਮੀਟਿੰਗ ’ਚ ਹਿੱਸਾ ਲਿਆ ਸੀ। ਉਧਰ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੈਲੋਨੀ ਨੇ ਸ਼ਨਿਚਰਵਾਰ ਨੂੰ ਯੂਕਰੇਨੀ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨਾਲ ਮੀਟਿੰਗ ਮਗਰੋਂ ਕਿਹਾ ਕਿ ਭਾਰਤ ਅਤੇ ਚੀਨ ਜੰਗ ਦਾ ਹੱਲ ਲੱਭਣ ’ਚ ਅਹਿਮ ਭੂਮਿਕਾ ਨਿਭਾ ਸਕਦੇ ਹਨ।
-ਪੀਟੀਆਈ/ਏਐੱਨਆਈ