ਭਾਰਤ ’ਚ ਬੇਰੁਜ਼ਗਾਰਾਂ ਨੂੰ ਦੋਹਰੀ ਮਾਰ
ਗੁਰਪ੍ਰੀਤ
ਡਿਗਰੀਆਂ ਲੈ ਕੇ ਵੀ ਜਦੋਂ ਰੁਜ਼ਗਾਰ ਨਾ ਮਿਲੇ ਤਾਂ ਫਿਰ ਹੱਸਦੇ ਚਿਹਰੇ ਵੀ ਮੁਰਝਾ ਜਾਂਦੇ ਹਨ। ਪੰਜਾਬ ਸਮੇਤ ਪੂਰੇ ਭਾਰਤ ਵਿੱਚ ਇਸ ਵੇਲੇ ਬੇਰੁਜ਼ਗਾਰਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧ ਰਹੀ ਹੈ।
ਜਿਸ ਤਰ੍ਹਾਂ ਸਾਡੇ ਮੁਲਕ ਅੰਦਰ ਆਬਾਦੀ ਵਧ ਰਹੀ ਹੈ, ਉਸੇ ਤਰ੍ਹਾਂ ਬੇਰੁਜ਼ਗਾਰੀ ਦਰ ਵੀ ਲਗਾਤਾਰ ਵਧ ਰਹੀ ਹੈ। ਬੇਰੁਜ਼ਗਾਰੀ ਨੂੰ ਘਟਾਉਣ ਲਈ ਸਰਕਾਰ ਭਾਵੇਂ ਕਈ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ, ਨਿੱਜੀ ਸੈਕਟਰ ਵਿੱਚ ਵੀ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ ਪਰ ਪੱਕੇ ਰੁਜ਼ਗਾਰ ਦੀ ਵਿਵਸਥਾ ਹਾਕਮ ਧੜੇ ਵੱਲੋਂ ਨਹੀਂ ਕੀਤੀ ਜਾ ਰਹੀ।
ਬਹੁਤ ਸਾਰੀਆਂ ਸਰਕਾਰੀ ਕੰਪਨੀਆਂ ਅਤੇ ਅਦਾਰਿਆਂ ਨੂੰ ਨਿੱਜੀ ਹੱਥਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਜਿਸ ਕਾਰਨ ਬੇਰੁਜ਼ਗਾਰ ਨੌਜਵਾਨਾਂ ਦਾ ਵੱਡੇ ਪੱਧਰ ’ਤੇ ਸ਼ੋਸ਼ਣ ਹੋ ਰਿਹਾ ਹੈ। ਕੁਝ ਕੁ ਨਿੱਜੀ ਕੰਪਨੀਆਂ ਭਾਵੇਂ ਸਰਕਾਰੀ ਅਦਾਰਿਆਂ ਨਾਲੋਂ ਕਈ ਜਗ੍ਹਾ ’ਤੇ ਵੱਧ ਤਨਖ਼ਾਹਾਂ ਦਿੰਦੀਆਂ ਹਨ ਪਰ ਇਹਨਾਂ ਦਾ ਚਾਲ-ਚਲਨ ਮਾੜਾ ਅਤੇ ਲੁੱਟ ਸਰਕਾਰੀ ਤੰਤਰ ਤੋਂ ਕਿਤੇ ਜ਼ਿਆਦਾ ਵੱਧ ਹੁੰਦੀ ਹੈ।
ਜਿੱਥੇ ਨਿੱਜੀ ਕੰਪਨੀਆਂ ਬੇਰੁਜ਼ਗਾਰਾਂ ਨੂੰ ਵੱਧ ਪੈਸਾ ਦਿੰਦੀਆਂ ਹਨ, ਉੱਥੇ ਕੰਮ ਦੇ ਘੰਟੇ ਵੀ ਇੰਨੇ ਜ਼ਿਆਦਾ ਹੁੰਦੇ ਹਨ ਕਿ ਕਹਿਣ ਦੀ ਕੋਈ ਹੱਦ ਨਹੀਂ। ਲਗਾਤਾਰ ਵਧ ਰਿਹਾ ਬੋਝ ਅਤੇ ਸਮਾਜਿਕ ਸਮੱਸਿਆਵਾਂ ਕਾਰਨ ਨਿੱਕੀ ਉਮਰੇ ਨੌਜਵਾਨਾਂ ਦੇ ਚਿਹਰਿਆਂ ’ਤੇ ਪ੍ਰੇਸ਼ਾਨੀ ਦੀਆਂ ਝੁਰੜੀਆਂ ਪੈ ਰਹੀਆਂ ਹਨ। ਭਾਰਤ ਦੇ ਕਰੋੜਾਂ ਪੜ੍ਹੇ ਲਿਖੇ ਨੌਜਵਾਨ ਇਸ ਵੇਲੇ ਰੁਜ਼ਗਾਰ ਲਈ ਸੜਕਾਂ ’ਤੇ ਧੱਕੇ ਖਾ ਰਹੇ ਹਨ।
ਨੌਜਵਾਨ ਜਿੱਥੇ ਆਪਣੀ ਪੜ੍ਹਾਈ ਪੂਰੀ ਕਰਨ ਲਈ ਲੱਖਾਂ ਰੁਪਇਆ ਖ਼ਰਚਦੇ ਹਨ, ਉੱਥੇ ਉਨ੍ਹਾਂ ਨੂੰ ਨੌਕਰੀ ਪ੍ਰਾਪਤ ਕਰਨ ਲਈ ਹਜ਼ਾਰਾਂ ਰੁਪਏ ਫਾਰਮ ਵਗ਼ੈਰਾ ਭਰਨ ’ਤੇ ਹੀ ਖਰਚਣੇ ਪੈਂਦੇ ਹਨ; ਥੱਕ ਹਾਰ ਕੇ ਜਦੋਂ ਰੁਜ਼ਗਾਰ ਨਹੀਂ ਮਿਲਦਾ ਤਾਂ ਉਨ੍ਹਾਂ ਦੀ ਚਿੱਟੇ ਦਿਨ ਦੋਹਰੀ ਲੁੱਟ ਹੁੰਦੀ ਹੈ। ਨੌਜਵਾਨਾਂ ਦੀ ਪੜ੍ਹਾਈ ਭਾਵੇਂ ਅਜਾਈਂ ਨਹੀਂ ਜਾਂਦੀ ਪਰ ਜਿਸ ਵੇਲੇ ਚੰਗੀਆਂ ਪੜ੍ਹਾਈਆਂ ਕਰਨ ਵਾਲੇ ਨੌਜਵਾਨ ਸੜਕਾਂ ’ਤੇ ਧੱਕੇ ਖਾਂਦੇ ਹਨ ਤਾਂ ਇੰਝ ਲੱਗਦਾ ਹੈ ਕਿ ਬੇਰੁਜ਼ਗਾਰਾਂ ਦੀਆਂ ਕੀਤੀਆਂ ਡਿਗਰੀਆਂ ਖੂਹ ਖਾਤੇ ਪੈ ਗਈਆਂ ਹਨ।
ਪੰਜਾਬ ਵਿੱਚ ਇੱਕ ਦੌਰ ਅਜਿਹਾ ਵੀ ਆਇਆ ਸੀ ਜਦੋਂ ਪੜ੍ਹੇ ਲਿਖੇ ਬੇਰੁਜ਼ਗਾਰਾਂ ਨੇ ਸੜਕਾਂ ’ਤੇ ਉੱਤਰ ਕੇ ਡਿਗਰੀਆਂ ਦੀਆਂ ਕਾਪੀਆਂ ਸਾੜ ਦਿੱਤੀਆਂ ਸਨ ਹਾਲਾਂਕਿ ਇਸ ਨਾਲ ਵੀ ਹਾਕਮ ਧਿਰ ਦੇ ਕੰਨ ’ਤੇ ਜੂੰ ਤੱਕ ਨਹੀਂ ਸੀ ਸਰਕੀ। ਪੰਜਾਬ ਹੀ ਨਹੀਂ, ਪੂਰੇ ਮੁਲਕ ਅੰਦਰ ਅਜਿਹੇ ਹੀ ਹਾਲਾਤ ਹਨ। ਪਿਛਲੇ ਦਿਨੀਂ ਯੂਪੀ ਅਤੇ ਬਿਹਾਰ ਵਿੱਚ ਵੀ ਬੇਰੁਜ਼ਗਾਰਾਂ ਉੱਤੇ ਤਸ਼ੱਦਦ ਢਾਹਿਆ ਗਿਆ। ਨੌਕਰੀ ਮੰਗਦਿਆਂ ਨੂੰ ਲਾਠੀਆਂ ਮਿਲੀਆਂ। ਕਈ ਜਗ੍ਹਾ ਤੋਂ ਤਾਂ ਅਜਿਹੀਆਂ ਖ਼ਬਰਾਂ ਵੀ ਆ ਰਹੀਆਂ ਹਨ ਕਿ ਸਰਕਾਰ ਨੇ ਨੌਜਵਾਨਾਂ ਨੂੰ ਭਰਤੀ ਤਾਂ ਕਰ ਲਿਆ ਪਰ ਉਨ੍ਹਾਂ ਨੂੰ ਨੌਕਰੀ ’ਤੇ ਜੁਆਇਨ ਨਹੀਂ ਕਰਾਇਆ ਜਿਸ ਕਾਰਨ ਸਰਕਾਰ ਦੀ ਨੀਤੀ ਅਤੇ ਨੀਅਤ ’ਤੇ ਸਵਾਲ ਉੱਠ ਰਹੇ ਹਨ ਕਿ ਸਰਕਾਰ ਆਖ਼ਿਰ ਚਾਹੁੰਦੀ ਕੀ ਹੈ, ਕਿ ਬੇਰੁਜ਼ਗਾਰ ਸੜਕਾਂ ’ਤੇ ਹੀ ਰੁਲਦੇ ਰਹਿਣ?
ਦੱਸਣਾ ਬਣਦਾ ਹੈ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਹਰ ਪਾਰਟੀ ਦਾਅਵਾ ਕਰਦੀ ਹੈ ਕਿ ਉਹ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦੇਵੇਗੀ ਪਰ ਸਰਕਾਰ ਬਣਦਿਆਂ ਸਾਰ ਸੱਤਾ ਸੰਭਾਲਣ ਵਾਲੀ ਪਾਰਟੀ ਦੇ ਸਭ ਦਾਅਵੇ ਖੋਖਲੇ ਜਾਪਣ ਲੱਗ ਜਾਂਦੇ ਹਨ; ਪਾਰਟੀ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਹੀ ਮੁੱਕਰ ਜਾਂਦੀ ਹੈ। ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਇ ਹੋਰਨਾਂ ਕੰਮਾਂ ਵਿੱਚ ਰੁਝ ਜਾਂਦੀ ਹੈ।
ਦੇਖਿਆ ਜਾਵੇ ਤਾਂ ਵੱਖ-ਵੱਖ ਸੂਬਿਆਂ ਤੋਂ ਇਸ ਵੇਲੇ ਵੱਡੇ ਪੱਧਰ ’ਤੇ ਨੌਕਰੀਆਂ ਵਿੱਚ ਘੁਟਾਲਿਆਂ ਦੀਆਂ ਖ਼ਬਰਾਂ ਆ ਰਹੀਆਂ ਹਨ। ਪ੍ਰਾਈਵੇਟ ਸੈਕਟਰ ਵੱਲੋਂ ਨੌਜਵਾਨਾਂ ਦੀ ਸ਼ਰੇਆਮ ਲੁੱਟ ਬਾਰੇ ਸਰਕਾਰ ਚੁੱਪ ਹੈ ਹਾਲਾਂਕਿ ਪ੍ਰਾਈਵੇਟ ਸੈਕਟਰ ਨੂੰ ਮਜ਼ਬੂਤ ਕਰਨ ਲਈ ਸਰਕਾਰ ਵੱਲੋਂ ਹੀ ਕਰਜ਼ੇ ਦਿੱਤੇ ਜਾ ਰਹੇ ਹਨ। ਪਿਛਲੇ ਸਮੇਂ ਵਿੱਚ ਦੇਸ਼ ਦੀ ਸੱਤਾ ਧਿਰ ਵੱਲੋਂ ਨੌਜਵਾਨਾਂ ਨੂੰ ਪਕੌੜੇ ਤਲਣ ਦੀ ਸਲਾਹ ਵੀ ਦਿੱਤੀ ਗਈ ਸੀ ਅਤੇ ਕਿਹਾ ਗਿਆ ਕਿ ਪੜ੍ਹਿਆ ਲਿਖਿਆ ਨੌਜਵਾਨ ਕੁਝ ਹੋਰ ਨਾ ਕਰੇ ਤਾਂ ਪਕੌੜੇ ਹੀ ਤਲ ਲਿਆ ਕਰੇ।
ਪਕੌੜੇ ਤਲਣਾ ਭਾਵੇਂ ਕੋਈ ਮਾੜਾ ਕੰਮ ਨਹੀਂ ਪਰ ਪੜ੍ਹੀ ਲਿਖੀ ਨੌਜਵਾਨੀ ਨੂੰ ਪੱਕਾ ਰੁਜ਼ਗਾਰ ਦੇਣ ਦੀ ਬਜਾਇ ਉਨ੍ਹਾਂ ਨੂੰ ਪਕੌੜੇ ਤਲਣ ਦੀ ਸਲਾਹ ਦੇਣਾ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣਾ ਹੈ। ਸੜਕ ਤੋਂ ਲੈ ਕੇ ਸੰਸਦ ਤਕ ਹਰ ਸੱਤਾਧਾਰੀ ਲੀਡਰ ਇਹੀ ਦਾਅਵੇ ਕਰਦਾ ਹੈ ਕਿ ਉਸ ਦੀ ਸਰਕਾਰ ਵੱਡੇ ਪੱਧਰ ’ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਰਹੀ ਹੈ; ਕਿੰਨੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ, ਇਸ ਬਾਰੇ ਤਾਂ ਲੀਡਰ ਨੂੰ ਪਤਾ ਤੱਕ ਨਹੀਂ ਹੁੰਦਾ।
ਜੇ ਬੇਰੁਜ਼ਗਾਰਾਂ ਦੀ ਵਧ ਰਹੀ ਗਿਣਤੀ ਦੀ ਦਰ ’ਤੇ ਨਿਗਾਹ ਮਾਰੀਏ ਤਾਂ ਕੌਮਾਂਤਰੀ ਕਿਰਤ ਸੰਸਥਾ ਵੱਲੋਂ ਤੈਅ ਕੀਤੀ ਜਾਂਦੀ ਬੇਰੁਜ਼ਗਾਰ ਨੌਜਵਾਨਾਂ ਦੀ ਗਿਣਤੀ ’ਤੇ ਦੁਨੀਆ ਭਰ ਦੀਆਂ ਜ਼ਿਆਦਾਤਰ ਸਰਕਾਰਾਂ ਵਿਸ਼ਵਾਸ ਕਰਦੀਆਂ ਹਨ ਅਤੇ ਉਹ ਆਪਣੇ ਅੰਦਰ ਤਬਦੀਲੀ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਤਾਂ ਜੋ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦਿੱਤਾ ਜਾ ਸਕੇ। ਸਾਡੇ ਮੁਲਕ ਅੰਦਰ ਇਸ ਤੋਂ ਉਲਟ ਹੋ ਰਿਹਾ ਹੈ। ਸਰਕਾਰਾਂ ਕਿਸੇ ਦੀ ਨਹੀਂ ਸੁਣ ਰਹੀਆਂ ਬਲਕਿ ਅਜਿਹੇ ਫ਼ੈਸਲੇ ਲਾਗੂ ਕਰਨ ਵਿੱਚ ਰੁੱਝੀਆਂ ਹੋਈਆਂ ਹਨ ਜਿਸ ਨਾਲ ਪੜ੍ਹੀ ਲਿਖੀ ਜਮਾਤ ਨਾਲ ਚਿੱਟੇ ਦਿਨ ਖਿਲਵਾੜ ਹੋ ਰਿਹਾ ਹੈ। ਇਸੇ ਕਾਰਨ ਬੇਰੁਜ਼ਗਾਰ ਨੌਜਵਾਨ ਸੜਕਾਂ ’ਤੇ ਹਨ ਅਤੇ ਕਈ ਨੌਜਵਾਨ ਇੰਨੇ ਜ਼ਿਆਦਾ ਪ੍ਰੇਸ਼ਾਨ ਹੋ ਚੁੱਕੇ ਹਨ ਕਿ ਉਹ ਖੁਦਕੁਸ਼ੀਆਂ ਵਰਗੇ ਰਸਤੇ ਅਪਣਾ ਰਹੇ ਹਨ।
ਕੌਮਾਂਤਰੀ ਕਿਰਤ ਸੰਸਥਾ ਵੱਲੋਂ ਰੁਜ਼ਗਾਰ ਦੀ ਪਰਿਭਾਸ਼ਾ ਦੇ ਆਧਾਰ ’ਤੇ ਬੇਰੁਜ਼ਗਾਰੀ ਦੇ ਅੰਕੜੇ ਕੱਢੇ ਜਾਂਦੇ ਹਨ ਅਤੇ ਪਤਾ ਲਗਾਇਆ ਜਾਂਦਾ ਹੈ ਕਿ ਕਿੰਨੀ ਆਬਾਦੀ ਕੋਲ ਰੁਜ਼ਗਾਰ ਹੈ। ਭਾਰਤ ਵਰਗੇ ਦੇਸ਼ ਵਿੱਚ ਬੇਰੁਜ਼ਗਾਰੀ ਹਮੇਸ਼ਾ ਚੁਣਾਵੀ ਨਹੀਂ ਸਗੋਂ ਸਮਾਜਿਕ-ਆਰਥਿਕ ਮੁੱਦਾ ਰਹੀ ਹੈ। ਜਦੋਂ ਵਿਰੋਧੀ ਧਿਰ ਨੌਕਰੀਆਂ ਨਾ ਦੇਣ ਲਈ ਸਰਕਾਰ ’ਤੇ ਹਮਲਾ ਕਰਦੀ ਹੈ ਤਾਂ ਸਰਕਾਰ ਦਾ ਦਾਅਵਾ ਹੁੰਦਾ ਹੈ ਕਿ ਇਸ ਨੇ ਰੁਜ਼ਗਾਰ ਦੇ ਬਹੁਤ ਮੌਕੇ ਪੈਦਾ ਕੀਤੇ ਹਨ।
ਉਂਝ, ਅੰਕੜੇ ਕੀ ਕਹਿੰਦੇ ਹਨ? ਸਰਕਾਰ ਹਰ ਸਾਲ ਬੇਰੁਜ਼ਗਾਰੀ ਦਰ ਦੇ ਅੰਕੜੇ ਜਾਰੀ ਕਰਦੀ ਹੈ। ਸਾਡੇ ਦੇਸ਼ ਵਿੱਚ ਪੜ੍ਹੇ ਲਿਖੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਸਭ ਤੋਂ ਵੱਧ ਹੈ। ਕੌਮਾਂਤਰੀ ਕਿਰਤ ਸੰਸਥਾ ਦੀ ਹਾਲੀਆ ਰਿਪੋਰਟ ਸਾਹਮਣੇ ਆਈ ਸੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ 2023 ਵਿੱਚ ਭਾਰਤ ’ਚ ਬੇਰੁਜ਼ਗਾਰਾਂ ਵਿੱਚੋਂ 83 ਫ਼ੀਸਦੀ ਨੌਜਵਾਨ ਸਨ; ਸਾਲ 2000 ਵਿੱਚ ਬੇਰੁਜ਼ਗਾਰਾਂ ਵਿੱਚ ਪੜ੍ਹੇ ਲਿਖੇ ਲੋਕ 35.2% ਸਨ ਜੋ 2022 ਤੱਕ ਵਧ ਕੇ 65.7% ਹੋ ਗਏ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੇਰੁਜ਼ਗਾਰੀ ਭਾਰਤੀ ਨੌਜਵਾਨਾਂ ਵਿੱਚ ਸਭ ਤੋਂ ਵੱਡੀ ਸਮੱਸਿਆ ਹੈ, ਖ਼ਾਸ ਤੌਰ ’ਤੇ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੈ ਅਤੇ ਇਹ ਸਮੇਂ ਨਾਲ ਲਗਾਤਾਰ ਵਧ ਰਹੀ ਹੈ। ਹਾਲ ਹੀ ਵਿੱਚ ਰੁਜ਼ਗਾਰ ਦੇ ਅੰਕੜਿਆਂ ’ਤੇ ਪੀਰੀਓਡਿਕ ਲੇਬਰ ਫੋਰਸ ਸਰਵੇ ਦੀ ਨਵੀਂ ਰਿਪੋਰਟ ਆਈ ਹੈ। ਇਸ ਰਿਪੋਰਟ ਵਿੱਚ ਜੁਲਾਈ 2023 ਤੋਂ ਜੂਨ 2024 ਤੱਕ ਦਾ ਡੇਟਾ ਹੈ। ਰਿਪੋਰਟ ਦੱਸਦੀ ਹੈ ਕਿ ਭਾਰਤ ਵਿੱਚ ਵਧੇਰੇ ਪੜ੍ਹੇ ਲਿਖੇ ਬੇਰੁਜ਼ਗਾਰ ਹਨ। ਇਸ ਅਨੁਸਾਰ, ਜਿਹੜੇ ਲੋਕ ਪੜ੍ਹ ਲਿਖ ਨਹੀਂ ਸਕਦੇ, ਉਨ੍ਹਾਂ ਵਿੱਚ ਬੇਰੁਜ਼ਗਾਰੀ ਦੀ ਦਰ 0.2% ਹੈ; 12ਵੀਂ ਤੱਕ ਪੜ੍ਹਨ ਵਾਲਿਆਂ ਵਿੱਚ ਬੇਰੁਜ਼ਗਾਰੀ ਦੀ ਦਰ 5% ਤੋਂ ਵੀ ਘੱਟ ਹੈ; ਡਿਪਲੋਮਾ, ਗ੍ਰੈਜੂਏਸ਼ਨ, ਪੀਜੀ ਜਾਂ ਇਸ ਤੋਂ ਵੱਧ ਦੀ ਪੜ੍ਹਾਈ ਕਰਨ ਵਾਲਿਆਂ ਵਿੱਚ ਬੇਰੁਜ਼ਗਾਰੀ ਦੀ ਦਰ 12% ਤੋਂ ਵੱਧ ਹੈ।
ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਪੜ੍ਹੇ ਲਿਖੇ ਨੌਜਵਾਨ ਆਪਣੀ ਯੋਗਤਾ ਦੇ ਆਧਾਰ ’ਤੇ ਕੰਮ ਲੱਭਦੇ ਹਨ ਜਿਸ ਕਾਰਨ ਉਨ੍ਹਾਂ ਵਿਚ ਬੇਰੁਜ਼ਗਾਰੀ ਦੀ ਦਰ ਜ਼ਿਆਦਾ ਹੈ। ਕੌਮਾਂਤਰੀ ਕਿਰਤ ਸੰਸਥਾ ਦੀ ਰਿਪੋਰਟ ਦੱਸਦੀ ਹੈ ਕਿ ਜਿਨ੍ਹਾਂ ਲੋਕਾਂ ਕੋਲ ਕੰਮ ਹੈ, ਉਨ੍ਹਾਂ ਵਿੱਚੋਂ 46% ਲੋਕ ਖੇਤੀ ਨਾਲ ਜੁੜੇ ਹੋਏ ਹਨ। ਇਸ ਤੋਂ ਬਾਅਦ 12.2% ਲੋਕ ਵਪਾਰ, ਹੋਟਲ ਜਾਂ ਰੈਸਟੋਰੈਂਟ ਨਾਲ ਜੁੜੇ ਹੋਏ ਸਨ। 15 ਤੋਂ 29 ਸਾਲ ਦੀ ਉਮਰ ਦੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦੀ ਦਰ ਥੋੜ੍ਹੀ ਵਧੀ ਹੈ। ਇਸ ਉਮਰ ਦੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦਰ 2022-23 ਵਿੱਚ 10% ਸੀ ਜੋ 2023-24 ਵਿੱਚ ਵਧ ਕੇ 10.2% ਹੋ ਗਈ। ਇਹ ਸ਼ਹਿਰੀ ਖੇਤਰਾਂ ਵਿੱਚ 14.7% ਅਤੇ ਪੇਂਡੂ ਖੇਤਰਾਂ ਵਿੱਚ 8.5% ਹੈ।
ਜਿਸ ਤਰੀਕੇ ਨਾਲ ਬੇਰੁਜ਼ਗਾਰਾਂ ਦੀ ਗਿਣਤੀ ਵਧ ਰਹੀ ਹੈ ਅਤੇ ਪਿਛਲੇ ਕਰੀਬ ਦੋ ਦਹਾਕਿਆਂ ਵਿੱਚ ਜਿਵੇਂ ਬੇਰੁਜ਼ਗਾਰੀ ਨੇ ਰਫ਼ਤਾਰ ਫੜੀ ਹੈ, ਉਸ ਤੋਂ ਸਰਕਾਰ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਜੇ ਬੇਰੁਜ਼ਗਾਰੀ ਦੀ ਦਰ ’ਤੇ ਹੁਣੇ ਕੰਟਰੋਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਵੱਡਾ ਬੰਬ ਬਣ ਸਕਦੀ ਹੈ ਕਿਉਂਕਿ ਮੁਲਕ ਅੰਦਰ ਵਧ ਰਹੀ ਆਬਾਦੀ ਕਾਰਨ ਰੁਜ਼ਗਾਰ ਦਾ ਘਟਣਾ, ਬੇਰੁਜ਼ਗਾਰਾਂ ਦੀ ਗਿਣਤੀ ਦਾ ਵਧਣਾ ਮੁਲਕ ਲਈ ਖ਼ਤਰਾ ਹੈ। ਇਸ ਲਈ ਸਰਕਾਰ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦੇਵੇ ਤਾਂ ਜੋ ਪੜ੍ਹੀ ਲਿਖੀ ਨੌਜਵਾਨ ਪੀੜ੍ਹੀ ਆਪਣੇ ਪੈਰਾਂ ਸਿਰ ਖੜ੍ਹੀ ਹੋ ਕੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕੇ।
ਸੰਪਰਕ: 95698-20314