ਕਾਂਗਰਸ ਵਿੱਚ ਦਲਿਤ ਵਰਗ ਲਈ ਦਰਵਾਜ਼ੇ ਬੰਦ: ਇਰਾਨੀ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 30 ਸਤੰਬਰ
ਭਾਜਪਾ ਦੀ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਲਾਡਵਾ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਭਾਜਪਾ ਦੀ ਡਬਲ ਇੰਜਣ ਵਾਲੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਤੇ ਕਾਂਗਰਸ ’ਤੇ ਨਿਸ਼ਾਨਾ ਸੇਧਿਆ। ਇਰਾਨੀ ਨੇ ਕਿਹਾ ਕਿ ਉਹ ਹਰ ਉਸ ਨਾਗਰਿਕ ਨੂੰ ਸਲਾਮ ਕਰਦੀ ਹੈ, ਜਿਸ ਨੇ ਹਰਿਆਣਾ ਦੇ ਵਿਕਾਸ ਵਿਚ ਯੋਗਦਾਨ ਦਿੱਤਾ ਹੈ। ਹਰਿਆਣਾ ਦੇ ਲੋਕਾਂ ਨੇ ਤੀਜੀ ਵਾਰ ਭਾਜਪਾ ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਨੇ ਕਾਂਗਰਸ ਨੂੰ ਦੇਸ਼ ਦੀ ਸਭ ਤੋਂ ਬੇਇਮਾਨ ਪਾਰਟੀ ਦੱਸਿਆ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਦਲਿਤ ਵਰਗ ਲਈ ਦਰਵਾਜ਼ੇ ਬੰਦ ਹਨ। ਕਾਂਗਰਸ ਨੇ ਦਲਿਤਾਂ ’ਤੇ ਜੋ ਅਤਿਆਚਾਰ ਕੀਤੇ ਹਨ, ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।
ਮੁੱਖ ਮੰਤਰੀ ਨਾਇਬ ਸੈਣੀ ਦੀ ਪਤਨੀ ਸੁਮਨ ਸੈਣੀ ਨੇ ਕਿਹਾ ਕਿ ਭਾਜਪਾ ਸੱਤਾ ਵਿਚ ਸਾਰੇ ਵਰਗਾਂ ਦੀ ਸ਼ਮੂਲੀਅਤ ਯਕੀਨੀ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਹਰਿਆਣਾ ਦੇ ਲੱਖਾਂ ਲੋਕਾਂ ਨੂੰ ਮੁਦਰਾ ਯੋਜਨਾ ਤਹਿਤ ਬਿਨਾ ਗਾਰੰਟੀ ਕਰਜ਼ੇ ਮਿਲੇ ਹਨ। ਭਾਜਪਾ ਹਰ ਸਾਲ ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ ਤਹਿਤ 10 ਕਰੋੜ ਤੋਂ ਵੱਧ ਕਿਸਾਨਾਂ ਨੂੰ ਬਿਨਾ ਪੁੱਛੇ 6000 ਰੁਪਏ ਦਿੰਦੀ ਹੈ। ਉਨ੍ਹਾਂ ਨੇ 5 ਅਕਤੂਬਰ ਨੂੰ ਹਰਿਆਣਾ ਵਿਚ ਭਾਜਪਾ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ। ਸੁਮਨ ਸੈਣੀ ਨੇ ਕਿਹਾ ਕਿ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹੁਣ ਤੱਕ ਸੂਬੇ ਦੇ ਲੋਕਾਂ ਨੇ ਸਿਰਫ ਟਰੇਲਰ ਹੀ ਦੇਖਿਆ ਹੈ, ਮੁੜ ਭਾਜਪਾ ਸਰਕਾਰ ਬਣਨ ’ਤੇ ਵਿਕਾਸ ਦੀ ਪੂਰੀ ਫਿਲਮ ਦਿਖਾਈ ਜਾਵੇਗੀ।