ਹਰਿਆਣਾ ’ਚ ਕਾਂਗਰਸ ਸਰਕਾਰ ਬਣਨ ’ਤੇ ਹਰ ਵਾਅਦਾ ਪੂਰਾ ਕਰਾਂਗੇ: ਵੜਿੰਗ
ਪ੍ਰਭੂ ਦਿਆਲ
ਸਿਰਸਾ, 30 ਸਤੰਬਰ
ਕਾਂਗਰਸ ਦੇ ਪੰਜਾਬ ਪ੍ਰਧਾਨ ਅਤੇ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਥੇ ਵੱਖ-ਵੱਖ ਥਾਵਾਂ ’ਤੇ ਕਾਂਗਰਸ ਉਮੀਦਵਾਰ ਗੋਕੁਲ ਸੇਤੀਆ ਦੇ ਹੱਕ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ, ਇਨੈਲੋ ਅਤੇ ਹਰਿਆਣਾ ਲੋਕਹਿਤ ਪਾਰਟੀ ਲੋਕ ਵਿਰੋਧੀ ਨੀਤੀਆਂ ਅਪਣਾ ਰਹੀਆਂ ਹਨ ਅਤੇ ਸਾਰੇ ਰਲ ਕੇ ਕਾਂਗਰਸ ਨੂੰ ਹਰਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਐਤਕੀਂ ਕਾਂਗਰਸ ਹਾਰਨ ਵਾਲੀ ਨਹੀਂ। ਕਾਂਗਰਸ ਵੱਡੇ ਫਰਕ ਨਾਲ ਜਿੱਤ ਕੇ ਹਰਿਆਣਾ ’ਚ ਸਰਕਾਰ ਬਣਾ ਰਹੀ ਹੈ। ਕਾਂਗਰਸ ਦੀ ਸਰਕਾਰ ਬਣਨ ਮਗਰੋਂ ਲੋਕਾਂ ਨਾਲ ਮੈਨੀਫੈਸਟੋ ’ਚ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ।
ਰਾਜਾ ਵੜਿੰਗ ਨੇ ਕਿਹਾ ਕਿ ਹਰਿਆਣਾ ਲੋਕਹਿਤ ਪਾਰਟੀ ਦਾ ਉਮੀਦਵਾਰ ਗੋਪਾਲ ਕਾਂਡਾ ਪਹਿਲਾਂ ਵੀ ਭਾਜਪਾ ਨਾਲ ਰਲਿਆ ਹੋਇਆ ਸੀ ਤੇ ਹੁਣ ਵੀ ਰਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਨੈਲੋ ਆਗੂ ਅਭੈ ਸਿੰਘ ਦਾਅਵਾ ਕਰ ਰਿਹਾ ਸੀ ਕਿ ਉਹ ਕਦੇ ਕਿਸਾਨ ਵਿਰੋਧੀ ਪਾਰਟੀ ਨਾਲ ਨਹੀਂ ਜਾਵੇਗਾ ਪਰ ਆਪਣੇ ਸਵਾਰਥ ਲਈ ਉਹ ਹੁਣ ਗੋਪਾਲ ਕਾਂਡਾ ਨਾਲ ਰਲ ਕੇ ਚੋਣਾਂ ਲੜ ਰਿਹਾ ਹੈ ਜਦਕਿ ਭਾਜਪਾ ਨੇ ਕਾਂਡਾ ਦੀ ਹਮਾਇਤ ’ਚ ਸਿਰਸਾ ਤੋਂ ਆਪਣਾ ਉਮੀਦਵਾਰ ਹੀ ਹਟਾ ਲਿਆ ਹੈ। ਦੁਨੀਆ ਦੀ ਸੱਭ ਤੋਂ ਵੱਡੀ ਪਾਰਟੀ ਹੋਣ ਦਾ ਦਾਅਵਾ ਕਰਨ ਵਾਲੀ ਭਾਜਪਾ ਨੇ ਸਿਰਸਾ ਹਲਕੇ ਤੋਂ ਆਪਣੇ ਉਮੀਦਵਾਰ ਨੂੰ ਹਟਾ ਕੇ ਆਪਣੀ ਹਾਰ ਕਬੂਲ ਕਰ ਲਈ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਦੇ ਪਿਛਲੇ ਦਸ ਸਾਲਾਂ ਦੇ ਰਾਜ ’ਚ ਹਰਿਆਣਾ ਵਿਕਾਸ ਪੱਖੋਂ ਪਛੜ ਗਿਆ ਹੈ। ਸਿਰਸਾ ਨੂੰ ਵੀ ਵਿਕਾਸ ਪੱਖੋਂ ਅਣਗੌਲਿਆਂ ਕੀਤਾ ਗਿਆ ਹੈ। ਇਥੋਂ ਦੇ ਵਿਧਾਇਕ ਕਦੇ ਲੋਕਾਂ ਨੂੰ ਮਿਲੇ ਹੀ ਨਹੀਂ। ਜਦੋਂ ਕਿ ਕਾਂਗਰਸ ਦੀ ਸਰਕਾਰ ਆਉਣ ’ਤੇ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਦੂਰ ਕੀਤੀਆਂ ਜਾਣਗੀਆਂ। ਇਸ ਮੌਕੇ ਉਨ੍ਹਾਂ ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਦੀ ਰੱਜ ਕੇ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਦੇ ਸਰਕਾਰ ’ਚ ਸੂਬੇ ਦਾ ਵਿਕਾਸ ਪਛੜਿਆ ਹੈ। ਮਹਿਲਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਮਹਿੰਗਾਈ ਦਾ ਪਤਾ ਹੀ ਨਹੀਂ ਹੈ। ਮਹਿੰਗਾਈ ਕਾਰਨ ਆਮ ਲੋਕਾਂ ਦਾ ਜਿਊਣਾ ਔਖਾ ਹੋ ਗਿਆ ਹੈ। ਹਰਿਆਣਾ ਬੇਰੁਜ਼ਗਾਰੀ ਅਤੇ ਨਸ਼ਿਆਂ ’ਚ ਨੰਬਰ ਇਕ ’ਤੇ ਭਾਜਪਾ ਹੈ। ਉਨ੍ਹਾਂ ਕਿਹਾ ਕਿ ਜੇ ਹਰਿਆਣਾ ’ਚੋ ਬੇਰੁਜ਼ਗਾਰੀ ਖਤਮ ਕਰਨੀ ਹੈ ਅਤੇ ਸੂਬੇ ਨੇ ਤਰੱਕੀ ਕਰਨੀ ਹੈ ਤਾਂ ਹਰਿਆਣਾ ’ਚ ਕਾਂਗਰਸ ਦਾ ਆਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਰਿਆਣਾ ’ਚ ਬਹੁਮਤ ਨਾਲ ਕਾਂਗਰਸ ਦੀ ਸਰਕਾਰ ਬਣੇਗੀ। ਇਸ ਮੌਕੇ ਨਵੀਨ ਕੇਡੀਆ, ਮੋਹਿਤ ਸ਼ਰਮਾ ਅਤੇ ਕਰਨ ਚਾਵਲਾ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ।