ਬੇੜਾ ਬੰਧਿ ਨ ਸਕਿਓ...
ਸੋਹਣ ਲਾਲ ਗੁਪਤਾ
ਜਨਮ ਤੋਂ ਲੈ ਕੇ 1964 ਵਿਚ ਅੱਠਵੀਂ ਜਮਾਤ ਪਾਸ ਕਰਨ ਤੱਕ ਆਪਣੇ ਪਿੰਡ ਆਲਮਪੁਰ ਰਿਹਾ। ਉਸ ਵੇਲੇ ਪਿੰਡ ਵਿਚ ਮਹਾਜਨਾਂ ਦੇ 35 ਕੁ ਪਰਿਵਾਰਾਂ ਤੋਂ ਇਲਾਵਾ ਗੁੱਜਰਾਂ ਅਤੇ ਦਲਿਤਾਂ ਦੇ 100 ਕੁ ਪਰਿਵਾਰ ਹੁੰਦੇ ਸਨ। ਘਰਾਂ ਵਿਚ ਲੱਕੜ ਦੀ ਲਟੈਣ, ਬਾਲੇ, ਕੜੀਆਂ ਦੀਆਂ ਛੱਤਾਂ ਹੁੰਦੀਆਂ ਸਨ। ਮੈਂ ਦੇਖਦਾ ਹੁੰਦਾ ਸੀ ਕਿ ਹਰ ਸਾਲ ਬਰਸਾਤ ਦੀ ਰੁੱਤ ਆਉਣ ਤੋਂ ਡੇਢ-ਦੋ ਮਹੀਨੇ ਪਹਿਲਾਂ ਪਿੰਡ ਦੇ ਸਾਰੇ ਲੋਕ ਘਰਾਂ ਦੀਆਂ ਛੱਤਾਂ ਲਿੱਪ ਲੈਂਦੇ। ਟੋਭੇ ਵਿਚੋਂ ਗਾਰਾ ਲੈ ਕੇ ਉਸ ਵਿਚ ਪੁਰਾਣੀ ਤੂੜੀ ਪਾ ਕੇ ਤਿਆਰ ਕੀਤੇ ਮਸਾਲੇ ਨਾਲ ਕੰਧਾਂ, ਛੱਤਾਂ ਆਦਿ ਲਿੱਪ ਦਿੱਤੀਆਂ ਜਾਂਦੀਆਂ। ਔਰਤਾਂ ਗੋਹੇ ਦੀਆਂ ਪਾਥੀਆਂ ਗੁਹਾਰਿਆਂ ਵਿਚ ਚਿਣ ਕੇ ਬਾਹਰੋਂ ਮਿੱਟੀ, ਗਾਰੇ ਨਾਲ ਮੋਟਾ ਲੇਪ ਕਰ ਦਿੰਦੀਆਂ ਤਾਂ ਜੋ ਬਰਸਾਤ ਵਿਚ ਬਾਲਣ ਲਈ ਸੁੱਕੀਆਂ ਪਾਥੀਆਂ ਮਿਲ ਸਕਣ। ਕਈ ਕਈ ਦਨਿ ਦੀ ਲਗਾਤਾਰ ਝੜੀ ਲੱਗਣ ਦੇ ਬਾਵਜੂਦ ਸਮੇਂ ਸਿਰ ਲਿੱਪੇ ਹੋਣ ਕਰ ਕੇ ਕੱਚੇ ਘਰਾਂ ਵਿਚ ਵੀ ਜਾਨ-ਮਾਲ ਦਾ ਨੁਕਸਾਨ ਨਹੀਂ ਸੀ ਹੁੰਦਾ।
ਫਰਵਰੀ 2002 ਵਿਚ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਨਾ ਵਿਖੇ ਬਤੌਰ ਪ੍ਰਿੰਸੀਪਲ ਡਿਊਟੀ ਸੰਭਾਲੀ। ਮੈਂ ਜੂਨ ਦੀਆਂ ਛੁੱਟੀਆਂ ਵਿਚ ਸਕੂਲ ਦੇ ਕਮਰਿਆਂ ਦੀਆਂ ਛੱਤਾਂ ਉਪਰੋਂ ਪੱਕੀਆਂ ਕਰਵਾ ਦਿੱਤੀਆਂ। ਸਬੰਧਿਤ ਮਹਿਕਮੇ ਨੇ ਸਕੂਲ ਦਾ ਇੱਕ ਕਮਰਾ ਅਸੁਰੱਖਿਅਤ ਕਰਾਰ ਦਿੱਤਾ ਹੋਇਆ ਸੀ। ਉਸ ਕਮਰੇ ਉਪਰ ਸੀਮੈਂਟ ਦੀ ਬਣੀ ਪਾਣੀ ਦੀ ਟੈਂਕੀ ਦਾ ਪਾਣੀ ਛੱਤ ’ਤੇ ਟਪਕਣ ਕਰ ਕੇ ਇਹ ਹਾਲ ਹੋਇਆ ਸੀ। ਮਿਸਤਰੀਆਂ ਦੀ ਸਲਾਹ ਨਾਲ ਟੈਂਕੀ ਉਪਰੋਂ ਤੁੜਵਾ ਦਿੱਤੀ। ਉਸ ਨਾਲ ਛੱਤ ਡਿੱਗਣ ਦਾ ਡਰ ਘਟ ਗਿਆ। ਸਾਰੀਆਂ ਛੱਤਾਂ ਉਪਰ ਖੁਦ ਚੜ੍ਹ ਕੇ ਮਿਸਤਰੀਆਂ ਦਾ ਕੰਮ ਦੇਖਦਾ ਤਾਂ ਜੋ ਆਉਣ ਵਾਲੀ ਬਰਸਾਤ ਵਿਚ ਪਾਣੀ ਟਪਕਣ ਦੀ ਗੁੰਜਾਇਸ਼ ਨਾ ਰਹੇ। ਇਸ ਤੋਂ ਪਹਿਲਾਂ ਮੈਂ ਇਸੇ ਸਕੂਲ ਵਿਚ ਲੈਕਚਰਾਰ ਲੱਗਣ ਵੇਲੇ ਮੀਂਹ ਦੇ ਦਨਿਾਂ ਵਿਚ ਸਾਇੰਸ ਰੂਮ, ਸਟਾਫ ਰੂਮ, ਜਮਾਤਾਂ ਦੇ ਕਮਰਿਆਂ ਦੀਆਂ ਛੱਤਾਂ ਵਿਚੋਂ ਪਾਣੀ ਟਪਕਣ ਕਰ ਕੇ ਵਿਦਿਆਰਥੀਆਂ, ਅਧਿਆਪਕਾਂ ਨੂੰ ਪ੍ਰੇਸ਼ਾਨ ਹੁੰਦੇ ਦੇਖਿਆ ਸੀ। ਸਕੂਲ ਮੁਖੀਆਂ ਦਾ ਛੱਤਾਂ ਪੱਕੀਆਂ ਕਰਾਉਣ ਦਾ ਮਹੱਤਵ ਨਾ ਸਮਝਣ ਦਾ ਬੜਾ ਦੁੱਖ ਹੁੰਦਾ ਸੀ। ਜੂਨ ਦੀਆਂ ਛੁੱਟੀਆਂ ਵਿਚ ਨਿਯਮਾਂ ਅਧੀਨ ਸਕੂਲ ਦੇ ਫੰਡਾਂ ਨਾਲ ਛੱਤਾਂ, ਪਰਨਾਲੇ ਆਦਿ ਦੀ ਮੁਰੰਮਤ ਤੋਂ ਬਾਅਦ ਬਰਸਾਤ ਦੇ ਦਨਿਾਂ ਵਿਚ ਕਿਸੇ ਵਿਦਿਆਰਥੀ, ਅਧਿਆਪਕ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਸਕੂਲ ਵਿਚ ਬਰਸਾਤ ਦਾ ਪਾਣੀ ਜ਼ਮੀਨ ਵਿਚ ਰੀਚਾਰਜ ਕਰਨ ਦਾ ਪ੍ਰਬੰਧ ਵੀ ਇੱਕ ਮਹਿਕਮੇ ਨੇ ਮੇਰੀ ਬੇਨਤੀ ’ਤੇ ਕਰ ਦਿੱਤਾ ਸੀ।
ਸਰਕਾਰੀ ਨੌਕਰੀ ਦੌਰਾਨ ਮੇਰੀ ਵੱਖੋ-ਵੱਖ ਸਕੂਲਾਂ ਵਿਚ ਇਮਤਿਹਾਨਾਂ ਵੇਲੇ ਸੁਪਰਡੈਂਟ, ਕੰਟਰੋਲਰ ਅਤੇ ਚੋਣਾਂ ਵੇਲੇ ਪ੍ਰੀਜ਼ਾਈਡਿੰਗ ਅਫਸਰ ਦੀ ਡਿਊਟੀ ਲੱਗਦੀ ਰਹਿੰਦੀ ਸੀ। ਅਜਿਹੀ ਡਿਊਟੀ ਕਰਨ ਵੇਲੇ ਜੇ ਬਰਸਾਤ ਪੈ ਰਹੀ ਹੁੰਦੀ ਤਾਂ ਕਈ ਵਾਰ ਛੱਤਾਂ ’ਚੋਂ ਟਪਕਦਾ ਪਾਣੀ ਵਿਦਿਆਰਥੀਆਂ ਦੀਆਂ ਉਤਰ ਕਾਪੀਆਂ ਭਿਉਂ ਦਿੰਦਾ। ਸਾਰੇ ਕਮਰਿਆਂ ਵਿਚ ਹੀ ਵਿਦਿਆਰਥੀ ਮੀਂਹ ਦੇ ਪਾਣੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹੁੰਦੇ। ਅਜਿਹੇ ਸਕੂਲਾਂ ਵਿਚ ਨਵੇਂ ਕਮਰੇ ਦੀ ਹੋ ਰਹੀ ਉਸਾਰੀ ਦੇਖ ਕੇ ਸੋਚਦਾ ਹੁੰਦਾ ਸੀ ਕਿ ਨਵਾਂ ਕਮਰਾ ਪਾਉਣ ਦੀ ਬਜਾਇ ਜੇ ਇਨ੍ਹਾਂ ਨੇ ਪਹਿਲਾਂ ਪੁਰਾਣੇ ਕਮਰਿਆਂ ਦੀਆਂ ਛੱਤਾਂ ਪੱਕੀਆਂ ਕਰਾਈਆਂ ਹੁੰਦੀਆਂ ਤਾਂ ਜਿ਼ਆਦਾ ਸਮਝਦਾਰੀ ਵਾਲੀ ਗੱਲ ਹੁੰਦੀ।
ਬਰਸਾਤ ਦੇ ਦਨਿਾਂ ਵਿਚ ਵੱਖੋ-ਵੱਖ ਥਾਵਾਂ ’ਤੇ ਅੱਜ ਕੱਲ੍ਹ ਹੜ੍ਹਾਂ ਨਾਲ ਤਬਾਹੀ ਦੀਆਂ ਖਬਰਾਂ ਆ ਰਹੀਆਂ ਹਨ। ਘੱਗਰ ਦਰਿਆ ਦੇ ਪਾਣੀ ਦੀ ਮਚਾਈ ਤਬਾਹੀ ਦੀਆਂ ਘਟਨਾਵਾਂ ਤਾਂ 25-30 ਸਾਲਾਂ ਤੋਂ ਸੁਣ ਰਿਹਾ ਹਾਂ। ਬਰਸਾਤ ਦੇ ਡੂੰਘੇ ਪਾਣੀ ਵਿਚੋਂ ਲੰਘ ਕੇ ਸਿਆਸੀ ਲੀਡਰਾਂ ਦੀਆਂ ਦੁਖੀ ਲੋਕਾਂ ਨੂੰ ਮਿਲਣ ਦੀਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਰੋਜ਼ ਦਿਖਾਈ ਦਿੰਦੀਆਂ ਹਨ। ਹਾਕਮ ਜਨਤਾ ਨੂੰ ਜਾਨੀ-ਮਾਲੀ ਨੁਕਸਾਨ ਦਾ ਮੁਆਵਜ਼ਾ ਦੇਣ ਦਾ ਵਾਅਦਾ ਕਰਦੇ ਹਨ। ਭੁੱਖ ਕਾਰਨ ਬੇਤਹਾਸ਼ਾ ਪਸ਼ੂ ਮਰ ਜਾਂਦੇ ਹਨ। ਸਮਾਜ ਸੇਵਕ ਲੋਕਾਂ ਨੂੰ ਪੀਣ ਲਈ ਪਾਣੀ, ਲੰਗਰ ਆਦਿ ਵੰਡਣ ਦੀ ਸੇਵਾ ਕਰਦੇ ਹਨ।
ਮੌਤ ਬਾਰੇ ਕੁਝ ਵੀ ਕਿਹਾ ਜਾ ਸਕਦਾ ਹੈ; ਇਹ ਪਹਿਲਾਂ ਦੱਸ ਕੇ ਨਹੀਂ ਆਉਂਦੀ ਪਰ ਹਰ ਸਾਲ ਮੌਨਸੂਨ ਪੌਣਾਂ ਦੇ ਆਉਣ ਦੀ ਜਾਣਕਾਰੀ ਅਤੇ ਬਰਸਾਤ ਪੈਣ ਵਾਲੇ ਮਹੀਨਿਆਂ ਦਾ ਤਾਂ ਪਹਿਲਾਂ ਹੀ ਪਤਾ ਹੁੰਦਾ ਹੈ। ਜੇ ਨਦੀਆਂ, ਨਾਲਿਆਂ, ਟੋਭਿਆਂ, ਦਰਿਆਵਾਂ, ਸੀਵਰੇਜ ਆਦਿ ਦੀ ਪਹਿਲਾਂ ਹੀ ਸਫਾਈ, ਬੰਨ੍ਹਿਆਂ ਦੀ ਮੁਰੰਮਤ ਕਰ ਲਈ ਜਾਵੇ ਤਾਂ ਬਰਸਾਤ ਦੀ ਰੁੱਤ ਵਿਚ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਲੋਕ ਸਭਾ ਦੀ ਨਵੀਂ ਇਮਾਰਤ ਬਣਾਉਣ ਨਾਲੋਂ ਤਾਂ ਹੜ੍ਹ ਦੇ ਪਾਣੀ ਨੂੰ ਰੋਕਣ ਲਈ ਕੋਈ ਨਵਾਂ ਡੈਮ ਬਣਾਉਣ, ਬਰਸਾਤ ਦਾ ਪਾਣੀ ਸੰਭਾਲਣ ਲਈ ਯੋਜਨਾਵਾਂ ਬਣਾਉਣੀਆਂ ਜਿ਼ਆਦਾ ਜ਼ਰੂਰੀ ਸਨ। ਸਰਕਾਰਾਂ ਅਤੇ ਲੋਕਾਂ ਰਾਹੀਂ ਪਹਿਲਾਂ ਹੀ ਸੁਚੱਜਾ ਪ੍ਰਬੰਧ ਕਰਨ ਨਾਲ ਜੇ ਮੀਂਹ ਵੱਧ ਪੈਣ ਦੇ ਬਾਵਜੂਦ ਤਬਾਹੀ ਹੋਣ ਦੀ ਸੰਭਾਵਨਾ ਤੇ ਡਰ ਨਾ ਹੋਵੇ ਤਾਂ ਬਰਸਾਤ ਦਾ ਮੌਸਮ ਵਿਕਸਿਤ ਦੇਸ਼ਾਂ ਵਾਂਗ ਸਾਡੇ ਦੇਸ਼ ਵਾਸੀਆਂ ਨੂੰ ਵੀ ਜਿ਼ਆਦਾ ਸੁਹਾਵਣਾ ਲੱਗਣ ਲੱਗ ਜਾਵੇਗਾ।
1966 ਵਿਚ ਦਸਵੀਂ ਜਮਾਤ ਵਿਚ ਪੰਜਾਬੀ ਪੜ੍ਹਾਉਣ ਵਾਲੇ ਅਧਿਆਪਕ ਬਲਵੰਤ ਸਿੰਘ ਕੋਹਲੀ ਸਾਨੂੰ ਸ਼ੇਖ ਫ਼ਰੀਦ ਦੇ ਸਲੋਕਾਂ ਦੇ ਅਰਥ ਸਮਝਾਉਂਦੇ ਹੁੰਦੇ ਸਨ। ਫਰੀਦ ਜੀ ਨੇ ਇੱਕ ਸ਼ਲੋਕ ਰਾਹੀਂ ਮਨੁੱਖ ਨੂੰ ਇਹ ਵੀ ਦੱਸਿਆ ਕਿ ਜਦੋਂ ਬੇੜੀ ਬੰਨ੍ਹਣ ਦਾ ਸਮਾਂ ਸੀ, ਉਸ ਵੇਲੇ ਤੂੰ ਬੇੜੀ ਨਹੀਂ ਬੰਨ੍ਹੀ ਪਰ ਹੁਣ ਜਦੋਂ ਸਰੋਵਰ ਦਾ ਪਾਣੀ ਉਛਲਣ ਲੱਗ ਪਿਆ ਹੈ ਅਤੇ ਤੈਰਨਾ ਔਖਾ ਹੋ ਗਿਆ ਹੈ ਤਾਂ ਹੁਣ ਬੇੜੀ ਨਹੀਂ ਬੰਨ੍ਹੀ ਜਾਣੀ ਅਤੇ ਨੁਕਸਾਨ ਉਠਾਉਣਾ ਹੀ ਪੈਣਾ ਹੈ। ਬੇੜੇ ਦੀ ਉਦਾਹਰਨ ਦੇ ਕੇ ਫਰੀਦ ਜੀ ਨੇ ਭਾਵੇਂ ਬੁਢਾਪਾ ਆਉਣ ਤੋਂ ਪਹਿਲਾਂ ਹੀ ਸਮੇਂ ਸਿਰ ਨਾਮ ਜਪਣ ਦਾ ਇਸ਼ਾਰਾ ਕੀਤਾ ਪਰ ਇਹ ਬਹੁਮੁੱਲੀ ਸਿੱਖਿਆ ਬਰਸਾਤ, ਹੜ੍ਹ ਵਰਗੀ ਹਰ ਸਮੱਸਿਆ ਦਾ ਆਉਣ ਤੋਂ ਪਹਿਲਾਂ ਹੀ ਸਮੇਂ ਸਿਰ ਪ੍ਰਬੰਧ ਕਰਨ ’ਤੇ ਵੀ ਤਾਂ ਲਾਗੂ ਹੁੰਦੀ ਹੈ।
ਸੰਪਰਕ: 98144-84161