ਮਹਿੰਗਾਈ ਨੂੰ ਹਲਕੇ ਵਿੱਚ ਨਾ ਲਵੇ ਕੇਂਦਰ: ਚਿਦੰਬਰਮ
ਨਵੀਂ ਦਿੱਲੀ, 24 ਜੁਲਾਈ
ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਅੱਜ ਰਾਜ ਸਭਾ ਵਿੱਚ ਸਰਕਾਰ ਨੂੰ ਮਹਿੰਗਾਈ ਨੂੰ ਹਲਕੇ ਵਿੱਚ ਨਾ ਲੈਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਹਰੇਕ ਪਰਿਵਾਰ ਮਹਿੰਗਾਈ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਉਨ੍ਹਾਂ ਪੁੱਛਿਆ ਕਿ ਜੇ ਦਰਾਂ ਦਾਅਵੇ ਮੁਤਾਬਕ ਘੱਟ ਹਨ ਤਾਂ ਆਰਬੀਆਈ ਨੇ 13 ਮਹੀਨਿਆਂ ਤੋਂ ਬੈਂਕ ਦਰਾਂ ਕਿਉਂ ਨਹੀਂ ਘਟਾਈਆਂ।
ਚਿਦੰਬਰਮ ਨੇ ਕਿਹਾ ਕਿ ਜੇ ਸਰਕਾਰ ਨੇ ਵਧਦੀ ਮਹਿੰਗਾਈ ਅਤੇ ਬੇਰੁਜ਼ਗਾਰੀ ’ਤੇ ਲਗਾਮ ਨਾ ਲਾਈ ਤਾਂ ਦੇਸ਼ ਵਾਸੀ ਸੱਤਾਧਾਰੀ ਧਿਰ ਨੂੰ ਉਸੇ ਤਰ੍ਹਾਂ ਚੋਣਾਂ ਵਿੱਚ ਸਜ਼ਾ ਦਿੰਦੇ ਰਹਿਣਗੇ ਜਿਵੇਂ ਉਨ੍ਹਾਂ ਨੇ ਹਾਲ ਹੀ ਦੀਆਂ ਜ਼ਿਮਨੀ ਚੋਣਾਂ ਵਿੱਚ ਦਿੱਤੀ ਸੀ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਆਮ ਬਜਟ ਵਿੱਚ ਐਲਾਨੀ ਰੁਜ਼ਗਾਰਮੁਖੀ ਰਿਆਇਤ (ਈਐੱਲਆਈ) ਪਹਿਲ ਤੋਂ ਪੂਰੀ ਤਰ੍ਹਾਂ ਆਸਵੰਦ ਨਹੀਂ ਹਨ ਅਤੇ ਉਨ੍ਹਾਂ ਨੂੰ ਖਦਸ਼ਾ ਹੈ ਕਿ ਇਸ ਦਾ ਹਸ਼ਰ ਵੀ ਹਰ ਸਾਲ ਦੋ ਕਰੋੜ ਨੌਕਰੀ ਦੇਣ ਦੇ ‘ਚੋਣ ਜੁਮਲੇ’ ਵਰਗਾ ਨਾ ਹੋ ਜਾਵੇ।
ਬਜਟ 2024-25 ਅਤੇ ਜੰਮੂ ਕਸ਼ਮੀਰ ਦੇ ਬਜਟ ’ਤੇ ਉਪਰਲੇ ਸਦਨ ਵਿੱਚ ਚਰਚਾ ਕਰਦਿਆਂ ਚਿਦੰਬਰਮ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਾਂਗਰਸ ਦੇ ਮੈਨੀਫੈਸਟੋ ਦੇ ਪੰਨਾ ਨੰਬਰ 11, 30 ਤੇ 31 ਤੋਂ ਚੰਗੇ ਵਿਚਾਰ ਲਏ ਹਨ। ਉਨ੍ਹਾਂ ਸੱਤਾਧਾਰੀ ਭਾਜਪਾ ਦੇ ਮੈਂਬਰਾਂ ਅਤੇ ਖਾਸ ਕਰ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨੂੰ ਸਲਾਹ ਦਿੱਤੀ ਕਿ ਉਹ ਕਾਂਗਰਸ ਮੈਨੀਫੈਸਟੋ ਦਾ ਅਧਿਐਨ ਕਰਨ ਤਾਂ ਕਿ ਪਾਰਟੀ ਮੀਟਿੰਗਾਂ ਵਿੱਚ ਉਹ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਨੂੰ ਉਨ੍ਹਾਂ ਦੇ ਮੈਨੀਫੈਸਟੋ ਦੇ ਕੁੱਝ ਹੋਰ ਚੰਗੇ ਵਿਚਾਰਾਂ ਨੂੰ ਅਪਣਾਉਣ ਲਈ ਮਨਾ ਸਕਣ। -ਪੀਟੀਆਈ