For the best experience, open
https://m.punjabitribuneonline.com
on your mobile browser.
Advertisement

ਆਪਣੀ ਮਾਂ ਬੋਲੀ ਦੀ ਕੋਈ ਰੀਸ ਨਹੀਂ...

07:48 AM Nov 12, 2023 IST
ਆਪਣੀ ਮਾਂ ਬੋਲੀ ਦੀ ਕੋਈ ਰੀਸ ਨਹੀਂ
Advertisement

ਗੋਵਰਧਨ ਗੱਬੀ

ਮੇਰੇ ਸਮੇਤ ਹਰ ਇਨਸਾਨ ਨੂੰ ਆਪਣੀ ਮਾਂ ਬੋਲੀ ਦੁਨੀਆ ਭਰ ਦੀਆਂ ਸਮੁੱਚੀਆਂ ਮਾਂ ਬੋਲੀਆਂ ਵਿੱਚੋਂ ਸਭ ਤੋਂ ਵੱਧ ਪਿਆਰੀ ਤੇ ਮਿੱਠੀ ਲੱਗਦੀ ਹੈ। ਲੱਗਣੀ ਵੀ ਚਾਹੀਦੀ ਹੈ ਅਖੀਰ ਇਹ ਸਾਡੀ ਮਾਂ ਬੋਲੀ ਹੈ। ਪਰਿਭਾਸ਼ਾ ਅਨੁਸਾਰ ਮਾਂ ਬੋਲੀ ਉਹ ਭਾਸ਼ਾ ਹੁੰਦੀ ਹੈ ਜਿਸ ਨੂੰ ਇਨਸਾਨ ਜਨਮ ਤੋਂ ਹੀ ਆਪਣੀ ਮਾਂ ਤੋਂ ਸਿੱਖਦਾ ਹੈ। ਉਹ ਭਾਸ਼ਾ ਜਿਸ ਨੂੰ ਉਹ ਸਭ ਤੋਂ ਵੱਧ ਚੰਗੀ ਤਰ੍ਹਾਂ ਜਾਣਦਾ ਹੈ, ਸਮਝਦਾ ਹੈ, ਮਾਣਦਾ ਹੈ, ਮਹਿਸੂਸਦਾ ਹੈ।
ਮਾਂ-ਬੋਲੀ ਰਾਹੀਂ ਅਸੀਂ ਆਪਣੇ ਵਿਚਾਰਾਂ, ਲੋੜਾਂ, ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹਾਂ, ਸਿਰਜਣਾਤਮਿਕਤਾ ਤੇ ਮੌਲਿਕਤਾ ਦੀ ਗਵਾਹੀ ਦਿੰਦੇ ਹਾਂ। ਹੋਰਨਾਂ ਦੀਆਂ ਸੁਣਦੇ ਹਾਂ ਤੇ ਆਪਣੀਆਂ ਸੁਣਾਉਂਦੇ ਹਾਂ। ਆਪਣਾ ਮਾਨਸਿਕ, ਸਮਾਜਿਕ ਤੇ ਭਾਵਾਤਮਿਕ ਵਿਕਾਸ ਵੀ ਕਰਦੇ ਹਾਂ।
ਹਰ ਭਾਸ਼ਾ ਦੀ ਆਪਣੀ ਵਿਆਕਰਨ ਹੁੰਦੀ ਹੈ। ਕਿਸੇ ਵੀ ਭਾਸ਼ਾ ਦੇ ਅੰਗ ਪ੍ਰਤਿਅੰਗ ਦਾ ਵਿਸ਼ਲੇਸ਼ਣ ਅਤੇ ਵਿਵੇਚਨ ਨੂੰ ਵਿਆਕਰਨ ਕਿਹਾ ਜਾਂਦਾ ਹੈ। ਵਿਆਕਰਨ ਉਹ ਵਿਦਿਆ ਹੈ ਜਿਸ ਦੁਆਰਾ ਇਨਸਾਨ ਕਿਸੇ ਵੀ ਭਾਸ਼ਾ ਨੂੰ ਸ਼ੁੱਧ ਬੋਲਣਾ, ਸ਼ੁੱਧ ਪੜ੍ਹਨਾ ਅਤੇ ਸ਼ੁੱਧ ਲਿਖਣਾ ਸਿੱਖਦਾ ਹੈ। ਕਿਸੇ ਵੀ ਭਾਸ਼ਾ ਦੇ ਲਿਖਣ, ਪੜ੍ਹਨ ਅਤੇ ਬੋਲਣ ਦੇ ਨਿਰਧਾਰਿਤ ਨਿਯਮ ਹੁੰਦੇ ਹਨ। ਭਾਸ਼ਾ ਦੀ ਸ਼ੁੱਧਤਾ ਅਤੇ ਸੁੰਦਰਤਾ ਨੂੰ ਬਣਾਈ ਰੱਖਣ ਲਈ ਇਨ੍ਹਾਂ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੁੰਦਾ ਹੈ।
ਹਰ ਭਾਸ਼ਾ ਦੀ ਇੱਕ ਲਿਪੀ ਹੁੰਦੀ ਹੈ। ਲਿਪੀ ਕਿਸੇ ਭਾਸ਼ਾ ਨੂੰ ਲਕੀਰਾਂ ਵਿੱਚ ਚਿਤਰਣ ਲਈ ਵੇਖਣ ਜਾਂ ਛੂਹਣ ਯੋਗ ਚਿੰਨ੍ਹਾਂ ਦਾ ਸਮੂਹ ਹੁੰਦਾ ਹੈ। ਦੂਜੇ ਸ਼ਬਦਾਂ ਵਿੱਚ, ਲਿਪੀ ਇਨਸਾਨ ਦੇ ਮੂੰਹ ਵਿੱਚੋਂ ਨਿਕਲੇ ਬੋਲਾਂ ਨੂੰ ਚਿਤਰਾਂ, ਲਕੀਰਾਂ, ਸੰਕੇਤਾਂ ਜਾਂ ਚਿੰਨ੍ਹਾਂ ਵਿੱਚ ਉਲੀਕਣ ਦਾ ਇੱਕ ਤਰੀਕਾ ਹੁੰਦਾ ਹੈ। ਜਿੱਥੇ ਭਾਸ਼ਾ ਇਨਸਾਨ ਦੇ ਭਾਵਾਂ ਦੀ ਪੁਸ਼ਾਕ ਹੈ, ਉੱਥੇ ਲਿਪੀ ਭਾਸ਼ਾ ਦੀ ਪੁਸ਼ਾਕ ਹੈ। ਲਿਪੀ ਭਾਵਾਂ, ਵਿਚਾਰਾਂ ਤੇ ਬੋਲਾਂ ਨੂੰ ਲਿਖਤੀ ਰੂਪ ਦੇ ਕੇ ਉਨ੍ਹਾਂ ਨੂੰ ਸਦੀਵੀ ਜਿਉਂਦੇ ਰੱਖਦੀ ਹੈ। ਇਸ ਨੇ ਇਨਸਾਨੀ ਸੱਭਿਅਤਾ ਦੀ ਉੱਨਤੀ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਹੈ।
ਪੰਜਾਬੀ ਭਾਸ਼ਾ ਦੀਆਂ ਦੋ ਮੁੱਖ ਲਿਪੀਆਂ ਹਨ। ਗੁਰਮੁਖੀ ਲਿਪੀ ਤੇ ਸ਼ਾਹਮੁਖੀ ਲਿਪੀ।
ਪੰਜਾਬੀ ਭਾਸ਼ਾ ਨੂੰ ਲਿਖਣ ਲਈ ਦੋ ਲਿਪੀਆਂ ਹਨ। ਭਾਰਤ ਤੇ ਹੋਰ ਦੇਸ਼ਾਂ ਵਿੱਚ ਭਾਰਤੀ ਮੂਲ ਦੇ ਪੰਜਾਬੀ ਇਸ ਨੂੰ ਗੁਰਮੁਖੀ ਵਿੱਚ ਲਿਖਦੇ ਹਨ। ਪੰਜਾਬੀ ਭਾਸ਼ਾ ਦੀ ਇਹ ਬਦਕਿਸਮਤੀ ਹੀ ਸਮਝੋ ਕਿ ਇਸ ਨੂੰ ਬੋਲਣ ਅਤੇ ਲਿਖਣ ਵਾਲੇ ਵੀ ਵੰਡੇ ਗਏ ਹਨ।
ਪਾਕਿਸਤਾਨ (ਲਹਿੰਦੇ ਪੰਜਾਬ) ਵਿੱਚ ਪੰਜਾਬੀ ਮਾਂ ਬੋਲੀ ਨੂੰ ਸ਼ਾਹਮੁਖੀ ਲਿਪੀ ਵਿੱਚ ਲਿਖਿਆ ਜਾਂਦਾ ਹੈ।
ਅੱਜਕੱਲ੍ਹ ਸੋਸ਼ਲ ਮਿਡੀਆ ਦਾ ਜ਼ਮਾਨਾ ਹੈ। ਇਸ ਦੇ ਜਿੰਨੇ ਨੁਕਸਾਨ ਹਨ ਓਨੇ ਹੀ ਫ਼ਾਇਦੇ ਵੀ ਹਨ। ਪਿੱਛੇ ਜਿਹੇ ਵੱਟਸਐਪ ਰਾਹੀਂ ਪੰਜਾਬੀ ਮਾਂ ਬੋਲੀ ਨਾਲ ਸਬੰਧਿਤ ਇੱਕ ਬਜਿਲਈ ਸੁਨੇਹਾ ਪੜ੍ਹਨ ਨੂੰ ਮਿਲਿਆ ਜਿਸ ਨੂੰ ਪੜ੍ਹ ਕੇ ਮਨ ਬਾਗ਼ੋਬਾਗ਼ ਹੋ ਗਿਆ। ਸੁਨੇਹੇ ਵਿੱਚ ਪੰਜਾਬੀ ਤੇ ਹਿੰਦੀ ਬੋਲੀ ਦੀ ਤੁਲਨਾ ਕੀਤੀ ਗਈ ਸੀ।
ਸੁਨੇਹੇ ਵਿੱਚ ਲਿਖਿਆ ਗਿਆ ਸੀ ਕਿ ਪੰਜਾਬੀ ਇੱਕ ਸੰਪੂਰਨ ਬੋਲੀ ਹੈ ਜਿਸ ਵਿੱਚ ਹਰ ਪ੍ਰਕਾਰ ਦੀ ਗੱਲ ਨੂੰ ਪ੍ਰਗਟ ਕਰਨ ਲਈ ਅਥਾਹ ਸਮਰੱਥਾ ਹੈ। ਪੰਜਾਬੀ ਬੋਲੀ ਵਿਚ ‘ਕਿਰਿਆਵਾਂ’ ਦੀ ਬਹੁਤਾਤ ਹੈ ਜਿਵੇਂ ਕਿ ਹਿੰਦੀ ਵਿਚ ਕਹਿਣਗੇ- 1. ਰਾਮ ਨੇ ਸ਼ਾਮ ਕੇ ਬਾਲ਼ ਕਾਟ ਦੀਏ। 2. ਸ਼ਾਮ ਨੇ ਖਰਬੂਜਾ ਕਾਟ ਦੀਆ। 3. ਚੂਹੇ ਨੇ ਰੱਸੀ ਕਾਟ ਦੀ। 4. ਗੀਤਾ ਨੇ ਸੀਤਾ ਕੀ ਬਾਤ ਕਾਟ ਦੀ। 5. ਗੋਪਾਲ ਕੋ ਕੁੱਤੇ ਨੇ ਕਾਟ ਲੀਆ। 6. ਗੋਪੀ ਕੋ ਸਾਂਪ ਨੇ ਕਾਟ ਲੀਆ।
ਇੰਝ ਅਸੀਂ ਕਹਿ ਸਕਦੇ ਹਾਂ ਕਿ ਉਪਰ ਦਿੱਤੇ ਉਦਾਹਰਨ ਵਾਕਾਂ ਵਿੱਚ ਹਿੰਦੀ ਭਾਸ਼ਾ ਵਿੱਚ ਬਹੁਤ ਸਾਰੀਆਂ ਕਿਰਿਆਵਾਂ ਲਈ ਇੱਕੋ ਸ਼ਬਦ ‘ਕਾਟਨਾ’ ਹੈ। ਹਰ ਵਾਕ ਵਿੱਚ ‘ਕਾਟਨਾ’ ਸ਼ਬਦ ਵਰਤਿਆ ਗਿਆ ਹੈ ਪਰ ਪੰਜਾਬੀ ਵਿੱਚ ਉਪਰਲੇ ਸਾਰੇ ਵਾਕਾਂ ਵਾਸਤੇ ਹਰ ਕਿਰਿਆ ਲਈ ਇੱਕ ਵੱਖਰਾ, ਮੁਕੰਮਲ ਤੇ ਸਮਰੱਥ ਸ਼ਬਦ ਮਿਲਦਾ ਹੈ।
ਜਿਵੇਂ ਕਿ 1. ਰਾਮ ਨੇ ਸ਼ਾਮ ਦੇ ਵਾਲ਼ ਮੁੰਨ ਦਿੱਤੇ (ਵਾਲ਼ ਕੱਟੇ ਨਹੀਂ ਜਾਂਦੇ, ਮੁੰਨੇ ਜਾਂਦੇ ਨੇ, ਮੁੰਨਣਾ ਕਿਰਿਆ ਹੈ)। 2. ਸ਼ਾਮ ਨੇ ਖਰਬੂਜਾ ਚੀਰ ਦਿੱਤਾ (ਖਰਬੂਜਾ ਕੱਟਿਆ ਨਹੀਂ ਜਾਂਦਾ, ਚੀਰਿਆ ਜਾਂਦਾ ਹੈ, ਚੀਰਨਾ ਕਿਰਿਆ ਹੈ)। 3. ਚੂਹੇ ਨੇ ਰੱਸੀ ਟੁੱਕ ਦਿੱਤੀ (ਰੱਸੀ ਕੱਟੀ ਨਹੀਂ ਜਾਂਦੀ, ਟੁੱਕੀ ਜਾਂਦੀ ਹੈ, ਟੁੱਕਣਾ ਕਿਰਿਆ ਹੈ)। 4. ਗੀਤਾ ਨੇ ਸੀਤਾ ਦੀ ਗੱਲ ਟੋਕ ਦਿੱਤੀ (ਗੱਲ ਕੱਟੀ ਨਹੀਂ ਜਾਂਦੀ, ਟੋਕੀ ਜਾਂਦੀ ਹੈ, ਟੋਕਣਾ ਕਿਰਿਆ ਹੈ)। 5. ਗੋਪਾਲ ਨੂੰ ਕੁੱਤੇ ਨੇ ਵੱਢ ਲਿਆ (ਕੁੱਤਾ ਕੱਟਦਾ ਨਹੀਂ, ਵੱਢਦਾ ਹੈ, ਵੱਢਣਾ ਕਿਰਿਆ ਹੈ)। 6. ਗੋਪਾਲ ਨੂੰ ਸੱਪ ਨੇ ਡੰਗ ਲਿਆ (ਸੱਪ ਡੰਗਦਾ ਹੈ, ਕੱਟਦਾ ਨਹੀਂ, ਡੰਗਣਾ ਕਿਰਿਆ ਹੈ)।
ਸੋ ਇੰਝ ਬਹੁਤ ਸਾਰੀਆਂ ਉਦਾਹਰਨਾਂ ਹਨ ਜਿਸ ਨਾਲ ਇਹ ਸਮਝਿਆ ਤੇ ਸਮਝਾਇਆ ਜਾ ਸਕਦਾ ਹੈ ਕਿ ਸਾਡੀ ਪੰਜਾਬੀ ਮਾਂ ਬੋਲੀ ਇੱਕ ਬਹੁਤ ਹੀ ਅਮੀਰ ਭਾਸ਼ਾ ਹੈ। ਇਸ ਵਿੱਚ ਅਣਗਿਣਤ ਐਸੇ ਸ਼ਬਦ ਹਨ ਜਿਨ੍ਹਾਂ ਦਾ ਹੋਰ ਭਾਸ਼ਾਵਾਂ ਜਿਵੇਂ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਅਨੁਵਾਦ ਨਹੀਂ ਕੀਤਾ ਜਾ ਸਕਦਾ। ਕੁਝ ਸ਼ਬਦ ਜਿਵੇਂ ਭੰਬਲਭੂਸਾ, ਭੰਬੂਤਾਰੇ ਆਦਿ ਦਾ ਅਨੁਵਾਦ ਪਤਾ ਨਹੀਂ ਕੀ ਹੋਵੇਗਾ। ਇਸੇ ਤਰ੍ਹਾਂ ਸਾਡੀ ਮਾਂ ਬੋਲੀ ਦੀਆਂ ਕੁਝ ਧੁਨੀਆਂ ਦਾ ਦੂਸਰੀਆਂ ਬੋਲੀਆਂ ਵਿੱਚ ਵਿਕਲਪ ਨਹੀਂ ਮਿਲਦਾ, ਜਿਵੇਂ ਣ, ਭ, ਙ ਆਦਿ ਅੱਖਰਾਂ ਦੀਆਂ ਧੁਨੀਆਂ।
ਇਹ ਅਫ਼ਸੋਸ ਦੀ ਗੱਲ ਹੈ ਕਿ ਪੰਜਾਬੀ ਮਾਂ ਬੋਲੀ ਵਰਗੀ ਅਮੀਰ ਬੋਲੀ ਨੂੰ ਲੋਕ ਪੇਂਡੂ ਬੋਲੀ ਆਖਦੇ ਹਨ। ਪੰਜਾਬ ਵਿੱਚ ਅੱਜ ਵੀ ਕਈ ਐਸੇ ਸਕੂਲ ਹਨ ਜਿੱਥੇ ਬੱਚਿਆਂ ਨੂੰ ਮਾਂ ਬੋਲੀ ਵਿੱਚ ਗੱਲਬਾਤ ਕਰਨ ਉੱਪਰ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਹੋਰ ਤਾਂ ਹੋਰ ਕਈ ਲੋਕ ਆਪਣੇ ਬੱਚਿਆਂ ਨੂੰ ਘਰ ਵਿੱਚ ਵੀ ਮਾਂ ਬੋਲੀ ਬੋਲਣ ਤੋਂ ਵਰਜਦੇ ਹਨ।
ਪ੍ਰਸਿੱਧ ਪੁਸਤਕ ‘ਮੇਰਾ ਦਾਗ਼ਿਸਤਾਨ’ ਵਿੱਚ ਰਸੂਲ ਹਮਜ਼ਾਤੋਵ ਲਿਖਦਾ ਹੈ ਕਿ ਉਸ ਦੇ ਦੇਸ਼ ਵਿੱਚ ਜਦੋਂ ਕਿਸੇ ਨੂੰ ਸਭ ਤੋਂ ਵੱਡੀ ਬਦਦੁਆ ਦੇਣੀ ਹੋਵੇ ਤਾਂ ਅਕਸਰ ਕਿਹਾ ਜਾਂਦਾ ਹੈ- ਰੱਬ ਕਰੇ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ। ਕਿਹਾ ਤਾਂ ਇਹ ਵੀ ਜਾਂਦਾ ਹੈ ਕਿ ਜੇ ਕਿਸੇ ਨੂੰ ਉਸ ਦੇ ਆਪਣੇ ਵਿਰਸੇ, ਸੱਭਿਆਚਾਰ ਤੇ ਜੜ੍ਹਾਂ ਤੋਂ ਦੂਰ ਕਰਨਾ ਹੋਵੇ ਤਾਂ ਉਸ ਕੋਲੋਂ ਉਸ ਦੀ ਮਾਂ ਬੋਲੀ ਖੋਹ ਲਵੋ, ਉਹ ਆਪਣੀ ਪਛਾਣ ਹੌਲੀ-ਹੌਲੀ ਆਪੇ ਹੀ ਗੁਆ ਦੇਵੇਗਾ। ਇਸੇ ਲਈ ਕਿਸੇ ਕਵੀ ਨੇ ਕਿਹਾ ਹੈ- ‘ਮਾਂ ਬੋਲੀ ਜੇ ਭੁੱਲ ਜਾਓਗੇ ਤਾਂ ਕੱਖਾਂ ਵਾਂਗੂ ਰੁਲ ਜਾਓਗੇ।’ ਹੋ ਸਕਦਾ ਹੈ ਕੁਝ ਅਜਿਹੇ ਪੰਜਾਬੀਆਂ ਵੱਲੋਂ ਆਪਣੀ ਮਾਂ ਬੋਲੀ ਨਾਲ ਕੀਤੇ ਗਏ ਮਾੜੇ ਵਰਤਾਅ ਦਾ ਦਰਦ ਸ਼ਾਇਰ ਫਿਰੋਜ਼ਦੀਨ ਸ਼ਰਫ ਨੇ ਆਪਣੀਆਂ ਇਨ੍ਹਾਂ ਸਤਰਾਂ ਰਾਹੀਂ ਪੇਸ਼ ਕੀਤਾ ਹੈ: ‘ਪੁੱਛੀ ਨਾ ਸ਼ਰਫ ਜਿਨ੍ਹਾਂ ਨੇ ਬਾਤ ਮੇਰੀ, ਵੇ ਮੈਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ।’
ਨੈਲਸਨ ਮੰਡੇਲਾ ਨੇ ਕਿਹਾ ਸੀ ਕਿ ਜੇਕਰ ਤੁਸੀਂ ਕਿਸੇ ਨਾਲ ਉਸ ਭਾਸ਼ਾ ਵਿੱਚ ਗੱਲ ਕਰੋ ਜਿਸ ਨੂੰ ਉਹ ਸਮਝਦਾ ਹੈ ਤਾਂ ਉਹ ਗੱਲ ਉਸ ਦੇ ਦਿਮਾਗ਼ ਵਿੱਚ ਚਲੀ ਜਾਂਦੀ ਹੈ ਪਰ ਜੇਕਰ ਤੁਸੀਂ ਉਹੀ ਗੱਲ ਉਸ ਦੀ ਮਾਤ ਭਾਸ਼ਾ ਵਿੱਚ ਕਰੋ ਤਾਂ ਉਹ ਗੱਲ ਉਸ ਦੇ ਦਿਲ ਵਿੱਚ ਉੱਤਰ ਜਾਂਦੀ ਹੈ। ਵੈਸੇ ਵੀ ਸੈਂਕੜੇ ਸਾਲ ਪੁਰਾਣੀ ਭਾਸ਼ਾ, ਜਿਸ ਦੀਆਂ ਅਨੇਕਾਂ ਲਿਪੀਆਂ ਹੋਣ, ਮਹਾਨ ਕਵੀ ਅਤੇ ਮਹਾਨ ਗ੍ਰੰਥ ਹੋਣ ਉਹ ਪਛੜੀ ਕਦੇ ਨਹੀਂ ਹੋ ਸਕਦੀ।
ਸੋ ਪੰਜਾਬੀਓ ਮਾਣ ਕਰਿਆ ਕਰੋ ਕਿ ਸਾਡੀ ਮਾਂ ਬੋਲੀ ਪੰਜਾਬੀ ਹੈ।
ਸੰਪਰਕ: 94171-73700

Advertisement

Advertisement
Author Image

joginder kumar

View all posts

Advertisement
Advertisement
×