For the best experience, open
https://m.punjabitribuneonline.com
on your mobile browser.
Advertisement

ਆਪਣੀ ਚਿੰਤਾ ਨੂੰ ਸਮੱਸਿਆ ਨਾ ਬਣਾਓ

11:13 AM Jun 08, 2024 IST
ਆਪਣੀ ਚਿੰਤਾ ਨੂੰ ਸਮੱਸਿਆ ਨਾ ਬਣਾਓ
Advertisement

ਬਰਜਿੰਦਰ ਕੌਰ ਬਿਸਰਾਓ

ਜਿੰਨੀ ਤੇਜ਼ੀ ਨਾਲ ਜ਼ਮਾਨਾ ਬਦਲ ਰਿਹਾ ਹੈ ਓਨੀ ਤੇਜ਼ੀ ਨਾਲ ਹੀ ਮਨੁੱਖ ਦਾ ਦਿਮਾਗ਼ ਦੌੜ ਰਿਹਾ ਹੈ। ਜਿਵੇਂ ਸਰੀਰਕ ਤੌਰ ’ਤੇ ਲਗਾਤਾਰ ਤੇਜ਼ ਦੌੜਨ ਨਾਲ ਦਿਲ ਦੀ ਧੜਕਣ ਐਨੀ ਤੇਜ਼ ਹੋ ਜਾਂਦੀ ਹੈ ਕਿ ਕਈ ਵਾਰ ਤਾਂ ਦਿਲ ਫੇਲ੍ਹ ਹੋ ਕੇ ਧੜਕਣ ਸਦਾ ਲਈ ਹੀ ਰੁਕ ਜਾਂਦੀ ਹੈ। ਮਨੁੱਖੀ ਸਰੀਰ ਵੀ ਇੱਕ ਮਸ਼ੀਨ ਵਾਂਗ ਹੈ। ਮਸ਼ੀਨਾਂ ਨੂੰ ਵੀ ਉਨ੍ਹਾਂ ਦੀ ਸ਼ਕਤੀ ਤੋਂ ਵੱਧ ਚਲਾਵਾਂਗੇ ਤਾਂ ਉਹ ਵੀ ਇੱਕ ਨਾ ਇੱਕ ਦਿਨ ਖ਼ਰਾਬ ਹੋ ਕੇ ਕੰਮ ਕਰਨਾ ਬੰਦ ਕਰ ਦੇਣਗੀਆਂ। ਬਿਲਕੁਲ ਇਸੇ ਤਰ੍ਹਾਂ ਜਦ ਦਿਮਾਗ਼ ਨੂੰ ਜ਼ਰੂਰਤ ਤੋਂ ਜ਼ਿਆਦਾ ਭਜਾਓਗੇ ਤਾਂ ਕਈ ਵਾਰ ਜ਼ਿਆਦਾ ਭੱਜਦੇ ਭੱਜਦੇ ਇਹ ਵੀ ਐਨਾ ਥੱਕ ਜਾਂਦਾ ਹੈ ਕਿ ਉਹ ਵੀ ਕੰਮ ਕਰਨਾ ਬੰਦ ਕਰ ਦਿੰਦਾ ਹੈ। ਦਿਮਾਗ਼ੀ ਥਕਾਵਟ ਕਾਰਨ ਮਨੁੱਖ ਡਿਪਰੈਸ਼ਨ ਜਾਂ ਦਬਾਅ ਹੇਠ ਆ ਕੇ ਕੋਈ ਉਲਟਾ ਪੁਲਟਾ ਫ਼ੈਸਲਾ ਲੈ ਲੈਂਦਾ ਹੈ ਜੋ ਬਹੁਤ ਘਾਤਕ ਸਿੱਧ ਹੁੰਦਾ ਹੈ।
ਜੀਵਨ ਕੁਦਰਤ ਦੀ ਦਿੱਤੀ ਹੋਈ ਬਹੁਤ ਹੀ ਅਨਮੋਲ ਦਾਤ ਹੈ। ਇਸ ਦੀ ਸੰਭਾਲ ਦਾ ਜ਼ਿੰਮਾ ਕੁਦਰਤ ਨੇ ਮਨੁੱਖ ਨੂੰ ਹੀ ਦਿੱਤਾ ਹੈ। ਜਿਹੜੇ ਵਿਅਕਤੀ ਖ਼ੁਦ ਨੂੰ ਪਿਆਰ ਨਹੀਂ ਕਰ ਸਕਦੇ, ਉਹ ਹੋਰ ਕਿਸੇ ਨੂੰ ਪਿਆਰ ਕਿਵੇਂ ਕਰ ਸਕਦੇ ਹਨ? ਇਹ ਦੁਨੀਆ ਬਹੁਤ ਵਿਸ਼ਾਲ ਹੈ, ਇਸ ਨੂੰ ਜਿਊਂ ਕੇ ਤਾਂ ਦੇਖੋ ਤੁਹਾਨੂੰ ਧਰਤੀ ਉੱਪਰ ਹਰ ਚੀਜ਼ ਵਿੱਚੋਂ ਨਿਰਾ ਸਵਰਗੀ ਨਜ਼ਾਰਾ ਨਜ਼ਰ ਆਏਗਾ, ਬਸ ਇਸ ਨੂੰ ਦੇਖਣ ਦਾ ਨਜ਼ਰੀਆ ਬਦਲਣਾ ਪਵੇਗਾ। ਜੇ ਤੁਸੀਂ ਖ਼ੁਸ਼ੀ ਲੱਭਣਾ ਚਾਹੋਗੇ ਤਾਂ ਤੁਹਾਨੂੰ ਕੁਦਰਤ ਦੀ ਹਰ ਸ਼ੈਅ ਰੰਗੀਨ ਲੱਗੇਗੀ, ਹਰ ਚਹਿਕਦਾ ਪੰਛੀ ਖ਼ੁਸ਼ੀ ਦੇ ਗੀਤ ਗਾਉਂਦਾ ਨਜ਼ਰ ਆਏਗਾ, ਹਰ ਫੁੱਲ ਹੱਸਦਾ ਜਾਪੇਗਾ, ਹਰ ਪਸ਼ੂ ਦੀਆਂ ਅੱਖਾਂ ਵਿੱਚ ਮਾਸੂਮੀਅਤ ਨਜ਼ਰ ਆਏਗੀ ਤੇ ਉਹ ਤੁਹਾਨੂੰ ਆਪਣਾ ਹਾਲ ਬਿਆਨ ਕਰਦੀ ਲੱਗੇਗੀ। ਹਰ ਇਨਸਾਨ ਤੁਹਾਨੂੰ ਆਪਣਾ ਆਪਣਾ ਜਾਪੇਗਾ। ਬਸ ਇਸ ਨੂੰ ਖੁੱਲ੍ਹ ਕੇ ਜਿਊਣ ਦੀ ਕਲਾ ਆਉਣੀ ਚਾਹੀਦੀ ਹੈ।
ਦੁਨੀਆ ਵਿੱਚ ਵਿਚਰਦੇ ਹੋਏ ਮਨੁੱਖ ਚਾਹੇ ਅਨੇਕਾਂ ਦੋਸਤ ਮਿੱਤਰ ਬਣਾਉਂਦਾ ਹੈ, ਜਿਵੇਂ ਜਿਵੇਂ ਵੱਡਾ ਹੁੰਦਾ ਜਾਂਦਾ ਹੈ ਤਿਵੇਂ ਤਿਵੇਂ ਅਨੇਕਾਂ ਰਿਸ਼ਤਿਆਂ ਦੀ ਲੜੀ ਨਾਲ ਲੜੀ ਜੋੜਦਾ ਵਧਦਾ ਜਾਂਦਾ ਹੈ। ਐਨਾ ਵੱਡਾ ਪਸਾਰਾ ਪਸਾਰ ਕੇ ਵੀ ਹਰੇਕ ਵਿਅਕਤੀ ਉੱਪਰ ਜ਼ਿੰਦਗੀ ਵਿੱਚ ਕਈ ਮੌਕੇ ਇਹੋ ਜਿਹੇ ਆਉਂਦੇ ਹਨ ਜਦੋਂ ਉਹ ਇਸ ਰਿਸ਼ਤਿਆਂ ਦੀ ਭੀੜ ਵਿੱਚ ਖੜ੍ਹਾ ਆਪਣੇ ਆਪ ਨੂੰ ਬਿਲਕੁਲ ਇਕੱਲਾ ਮਹਿਸੂਸ ਕਰਦਾ ਹੈ। ਉਸ ਨੂੰ ਲੱਗਦਾ ਹੈ ਕਿ ਉਸ ਤੋਂ ਵੱਧ ਦੁਖੀ ਇਨਸਾਨ ਤਾਂ ਦੁਨੀਆ ਵਿੱਚ ਹੋਰ ਕੋਈ ਨਹੀਂ ਹੋਵੇਗਾ। ਉਸ ਨੂੰ ਲੱਗਦਾ ਹੈ ਕਿ ਦੁੱਖ ਸਿਰਫ਼ ਉਸ ਲਈ ਹੀ ਬਣੇ ਹਨ। ਆਪਣੇ ਮਨ ਵਿੱਚ ਮਹਾਨ ਸ਼ਖ਼ਸੀਅਤਾਂ ਦੇ ਵਿਚਾਰ, ਨਾਨਕ ਦੁਖੀਆ ਸਭੁ ਸੰਸਾਰੁ।। ਜਾਂ ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ, ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ।। ਯਾਦ ਕਰੋ। ਸੋਚੋ, ਜਦੋਂ ਉਨ੍ਹਾਂ ਨੇ ਇਹ ਸ਼ਬਦ ਉਚਾਰੇ ਹੋਣਗੇ ਤਾਂ ਇਸ ਦਾ ਮਤਲਬ ਹੈ ਕਿ ਇਨਸਾਨ ਤਾਂ ਦੁਖੀ ਸ਼ੁਰੂ ਤੋਂ ਹੀ ਹੁੰਦਾ ਆਇਆ ਹੈ ਪਰ ਸੰਜਮ ਤੋਂ ਕੰਮ ਲੈ ਕੇ ਦੁੱਖ ਦੀ ਘੜੀ ਨੂੰ ਪਾਰ ਕਰਨ ਦੀ ਸਿੱਖਿਆ ਵੀ ਆਦਿ ਕਾਲ ਤੋਂ ਮਿਲਦੀ ਆਈ ਹੈ। ਇਸ ਤੋਂ ਉਲਟ ਸੋਚਿਆ ਜਾਵੇ ਕਿ ਦੁਖੀ ਹੋ ਕੇ ਮਰ ਜਾਓ ਤਾਂ ਇਹ ਕਿਤੇ ਨਹੀਂ ਲਿਖਿਆ ਮਿਲਦਾ, ਫਿਰ ਅਸੀਂ ਇਹ ਰਾਹ ਕਿਉਂ ਅਪਣਾਈਏ?
ਜੇ ਕੋਈ ਵਿਅਕਤੀ ਬਹੁਤਾ ਹੀ ਦੁਖੀ ਹੋ ਗਿਆ ਹੋਵੇ ਤੇ ਉਸ ਦਾ ਮਰਨ ਨੂੰ ਹੀ ਦਿਲ ਕਰਦਾ ਹੋਵੇ ਤਾਂ ਉਸ ਨੂੰ ਆਪਣੇ ਸਭ ਤੋਂ ਕਰੀਬੀ ਦੋਸਤ, ਮਿੱਤਰ ਜਾਂ ਭੈਣ ਭਰਾ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੀਦੈ ਅਤੇ ਉਸ ਨਾਲ ਦਿਲ ਦੀ ਗੱਲ ਸਾਂਝੀ ਕਰੇ। ਫਿਰ ਜਿਹੜੀ ਸਮੱਸਿਆ ਕਾਰਨ ਉਹ ਮਰਨ ਬਾਰੇ ਸੋਚ ਰਿਹਾ ਹੈ, ਉਸ ਸਮੱਸਿਆ ਨੂੰ ਕੁਝ ਸਮੇਂ ਲਈ ਬਿਲਕੁਲ ਸੋਚਣਾ ਬੰਦ ਕਰ ਦੇਵੇ। ਜੇ ਕੋਈ ਦੋਸਤ ਮਿੱਤਰ ਨਾ ਵੀ ਹੋਵੇ ਤਾਂ ਇੱਕ ਕਾਪੀ ਪੈੱਨ ਲੈ ਕੇ ਉਸ ਉੱਤੇ ਆਪਣੀਆਂ ਦਿਲ ਦੀਆਂ ਸਾਰੀਆਂ ਗੱਲਾਂ ਲਿਖ ਦੇਵੋ। ਜੇ ਕਾਪੀ ਪੈੱਨ ਚੁੱਕ ਕੇ ਲਿਖਣ ਦੀ ਹਿੰਮਤ ਵੀ ਨਾ ਹੋਵੇ ਤਾਂ ਇਕਾਂਤ ਵਿੱਚ ਬੈਠ ਕੇ ਜੋ ਤੁਹਾਡੇ ਦਿਲ ਦੇ ਵਲਵਲਿਆਂ ਦਾ ਸਮੁੰਦਰ ਠਾਠਾਂ ਮਾਰ ਰਿਹਾ ਹੋਵੇ ਤਾਂ ਪਰਮਾਤਮਾ ਦੀ ਹੋਂਦ ਨੂੰ ਮਹਿਸੂਸ ਕਰਦੇ ਹੋਏ ਉਸ ਨਾਲ ਗੱਲਾਂ ਕਰਦੇ ਕਰਦੇ ਹੋਏ ਦੋ ਨੈਣਾਂ ਰਾਹੀਂ ਵਹਾ ਕੇ ਸ਼ਾਂਤ ਹੋ ਜਾਵੋ । ਜਦੋਂ ਤੁਸੀਂ ਸਾਰੇ ਦੁੱਖੜੇ ਉਸ ਅੱਗੇ ਸੁਣਾ ਦੇਵੋਗੇ। ਫਿਰ ਕੁਝ ਹਲਕਾ ਮਹਿਸੂਸ ਕਰੋਗੇ।
ਕਦੇ ਤੁਸੀਂ ਕਿਸੇ ਦੇ ਕੌੜੇ ਬੋਲਾਂ ਤੋਂ, ਕਿਸੇ ਦੇ ਆਪਣੇ ਪ੍ਰਤੀ ਰੁੱਖੇ ਜਾਂ ਭੈੜੇ ਰਵੱਈਏ ਤੋਂ ਤੰਗ ਆ ਕੇ ਜਾਂ ਕੋਈ ਸਮਾਜਿਕ ਅਤੇ ਪਦਾਰਥਕ ਲੋੜ ਪੂਰੀ ਨਾ ਹੋਣ ਕਾਰਨ, ਆਰਥਿਕ ਮੰਦਹਾਲੀ ਕਾਰਨ, ਕਿਸੇ ਦੇ ਮੋਹ ਵਿੱਚ ਫਸ ਕੇ ਮਰਨ ਦੀ ਸੋਚ ਰਹੇ ਹੋ ਤਾਂ ਦੁਨੀਆ ਦੇ ਸਭ ਤੋਂ ਵੱਡੇ‌ ਮੂਰਖ ਹੋ। ਅੱਜਕੱਲ੍ਹ ਇਹ ਧਮਕੀ ਆਮ ਬਣ ਗਈ ਹੈ, ‘‘ਮੈਂ ਮਰ ਜਾਊਂ ਪਰ ਥੋਨੂੰ ਸਭ ਨੂੰ ਫਸਾ ਕੇ ਜਾਊਂ।’’ ਲੋਕਾਂ ਦੀ ਸੋਚ ਵਿੱਚ ਐਨਾ ਨਿਘਾਰ ਕਿਉਂ ਆ ਚੁੱਕਿਆ ਹੈ? ਕਿਉਂ ਆਪਣੀ ਜ਼ਿੰਦਗੀ ਨੂੰ ਲੋਕਾਂ ਦੀ ਜ਼ਿੰਦਗੀ ਤਬਾਹ ਕਰਨ ਦਾ ਹਥਿਆਰ ਬਣਾਇਆ ਜਾ ਰਿਹਾ ਹੈ? ਇਹੋ ਜਿਹੀ ਸੋਚ ਰੱਖਣ ਵਾਲਿਆਂ ਲਈ ਇਸ ਤੋਂ ਘਟੀਆ ਤੇ ਨੀਚ ਗੱਲ ਕੀ ਹੋ ਸਕਦੀ ਹੈ? ਅੱਜਕੱਲ੍ਹ ਇਹੋ ਜਿਹੇ ਨੈਤਿਕਤਾ ਦਾ ਘਾਣ ਕਰਨ ਵਾਲੇ ਲੋਕ ਇੱਕ ਹੋਰ ਰਾਹ ਅਪਣਾਉਂਦੇ ਹੋਏ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਜਾਂ ਵੀਡੀਓ ਬਣਾ ਕੇ ਮਰਦੇ ਹਨ। ਦਿਲੋਂ ਇਹੀ ਨਿਕਲਦਾ ਹੈ, ‘ਲੱਖ ਲਾਹਣਤ ਤੁਹਾਡੇ ਇਸ ਦੁਨੀਆ ਵਿੱਚ ਆਉਣ ’ਤੇ।’
ਜ਼ਿੰਦਗੀ ਜਿਊਣ ਲਈ ਹੈ, ਇਸ ਲਈ ਇਸ ਨੂੰ ਖੁੱਲ੍ਹ ਕੇ ਜੀਵੋ। ਵਿਦਵਾਨ ਮਨੁੱਖ ਉਹੀ ਹੈ ਜੋ ਨਾ ਕਿਸੇ ਨੂੰ ਡਰਾਉਂਦਾ ਹੈ ਤੇ ਨਾ ਕਿਸੇ ਤੋਂ ਡਰਦਾ ਹੈ, ਹਰ ਮੁਸ਼ਕਿਲ ਨੂੰ ਖਿੜੇ ਮੱਥੇ ਸਵੀਕਾਰਦਾ ਹੋਇਆ ਹੱਸਦੇ ਹੱਸਦੇ ਪਾਰ ਕਰ ਜਾਂਦਾ ਹੈ। ਉਸੇ ਮਨੁੱਖ ਦਾ ਇਸ ਦੁਨੀਆ ’ਤੇ ਆਉਣਾ ਸਫਲ ਹੈ।

Advertisement

ਸੰਪਰਕ: 99889-01324

Advertisement
Author Image

sukhwinder singh

View all posts

Advertisement
Advertisement
×