For the best experience, open
https://m.punjabitribuneonline.com
on your mobile browser.
Advertisement

ਤੇਰਾ ਪੜ੍ਹੇ ਬਿਨਾਂ ਨਹੀਂ ਸਰਨਾ

06:06 AM Mar 19, 2024 IST
ਤੇਰਾ ਪੜ੍ਹੇ ਬਿਨਾਂ ਨਹੀਂ ਸਰਨਾ
Advertisement

ਡਾ. ਪ੍ਰਵੀਨ ਬੇਗਮ

Advertisement

ਮੈਂ ਇਕੱਲੀ ਬੈਠੀ ਅਕਸਰ ਕਈ ਵਾਰ ਇਨ੍ਹਾਂ ਸ਼ਬਦਾਂ ਨੂੰ ਆਪਣੇ ਦਿਮਾਗ਼ ਵਿਚ ਸੋਚਦੀ ਹਾਂ ਕਿ ਜੇਕਰ ਇਹ ਸ਼ਬਦ ਮੇਰੀ ਰਿਸ਼ਤੇ ਵਿਚ ਲੱਗਦੀ ਭਾਬੀ ਵੱਲੋਂ ਮੈਨੂੰ ਉਸ ਸਮੇਂ ਨਾ ਕਹੇ ਗਏ ਹੁੰਦੇ ਤਾਂ ਸ਼ਾਇਦ ਮੈਂ ਅੱਜ ਇੱਥੇ ਨਾ ਹੁੰਦੀ। ਇੱਕ ਦੁਪਹਿਰ ਮੈਂ ਅਤੇ ਮੇਰਾ ਪਰਿਵਾਰ ਦੁਪਹਿਰ ਸਮੇਂ ਕਿਸੇ ਲੰਮੇ ਸਫ਼ਰ ਤੋਂ ਆ ਕੇ ਥੱਕ ਟੁੱਟ ਕੇ ਸੁੱਤੇ ਹੀ ਸੀ ਕਿ ਮੇਰੇ ਫੋਨ ਦੀ ਘੰਟੀ ਵੱਜੀ। ਆਵਾਜ਼ ਆਈ, “ਹੈਲੋ, ਮੈਂ ਰੁਖ਼ਸਾਨਾ ਬੋਲਦੀ ਆਂ। ਪ੍ਰਵੀਨ ਨਾਲ ਗੱਲ ਕਰਨੀ ਏ,” ਫੋਨ ਮੇਰੇ ਪਤੀ ਨੇ ਚੁੱਕਿਆ ਸੀ।
ਵਿਆਹ ਨੂੰ ਦਸ ਸਾਲ ਹੋ ਗਏ ਨੇ ਪਰਿਵਾਰ ਦੇ ਕਈ ਜੀਅ ਮੇਰੇ ਪਤੀ ਨੂੰ ਜਾਣਦੇ ਹੀ ਨਹੀਂ ਸਨ। ਪਤੀ ਦੇਵ ਨੇ ਹੈਰਾਨ ਹੁੰਦੇ ਪੁੱਛਿਆ, “ਤੁਸੀਂ ਬੋਲਦੇ ਕੌਣ ਹੋ”, ਅੱਗੋਂ ਜਵਾਬ ਆਇਆ “ਮੈਂ ਤੁਹਾਡੀ ਧਰਮ-ਪਤਨੀ ਦੀ ਭੈਣ ਹਾਂ, ਤੁਸੀਂ ਮੈਨੂੰ ਨਹੀਂ ਜਾਣਦੇ। ਮੈਂ ਮਾਲੇਰਕੋਟਲੇ ਤੋਂ ਬੋਲ ਰਹੀ ਆਂ। ਪ੍ਰਵੀਨ ਨਾਲ ਜ਼ਰੂਰੀ ਕੰਮ ਏ।” ਮੇਰੇ ਪਤੀ ਦੇਵ ਨੇ ਹੈਰਾਨ ਹੁੰਦੇ ਕਿਹਾ, “ਉਹ ਸੁੱਤੀ ਏ ਤੁਸੀਂ ਰੁਕ ਕੇ ਫੋਨ ਕਰ ਲੈਣਾ”। ਫਿਰ ਉਹ ਮੇਰੇ ਕੋਲ ਆਏ ਅਤੇ ਸੁੱਤੀ ਨੂੰ ਜਗਾ ਕੇ ਸਾਰੀ ਗੱਲ ਦੱਸੀ। ਮੈਂ ਹੈਰਾਨ ਹੋਈ, ਪਰ ਨਾਲ ਹੀ ਚੇਤਿਆਂ ਵਿਚ ਉਹ ਸਾਰਾ ਬਚਪਨ ਅਤੇ ਪਿਛਲੇ 30 ਸਾਲ ਘੁੰਮ ਗਏ।
ਰੁਖ਼ਸਾਨਾ ਮੇਰੀ ਭੂਆ ਦੀ ਪੋਤੀ ਏ। ਮੇਰੀ ਮਾਂ ਦੀ ਬਿਮਾਰੀ ਕਾਰਨ ਮੈਂ ਉਨ੍ਹਾਂ ਨਾਲ ਹੀ ਖੇਡੀ ਅਤੇ ਵੱਡੀ ਹੋਈ। ਉਹ ਬਹੁਤ ਹੀ ਰੱਜ ਕੇ ਸੋਹਣੀ, ਗੋਰੀ-ਚਿੱਟੀ, ਸੁਰਮਈ ਅੱਖਾਂ ਪਰ ਮੈਂ ਸਾਂਵਲੇ ਤੋਂ ਵੀ ਸਾਂਵਲੇ ਰੰਗ ਦੀ। ਮੇਰਾ ਮਜ਼ਾਕ ਸੋਹਣੀ ਨਾ ਹੋਣ ਕਾਰਨ ਅਕਸਰ ਬਣਦਾ ਸੀ ਤੇ ਮੇਰੀ ਮਾਂ ਨੂੰ ਵੀ ਅਕਸਰ ਫ਼ਿਕਰ ਰਹਿੰਦੀ ਸੀ ਕਿ ਇਸ ਦਾ ਤਾਂ ਵਿਆਹ ਵੀ ਚੰਗੇ ਘਰ ਨਹੀਂ ਹੋਣਾ। ਉਹ ਖੁਸ਼ ਰਹਿੰਦੀ, ਮੈਂ ਘੁਟੀ ਘੁਟੀ ਰਹਿੰਦੀ। ਪਰ ਮੈਨੂੰ ਸ਼ੁਰੂ ਤੋਂ ਹੀ ਆਪਣੇ ਅੰਦਰ ਅੰਬਰੀਂ ਉੱਡਣ ਦੀ ਬਹੁਤ ਹੀ ਖਾਹਿਸ਼ ਹੋਣ ’ਤੇ ਆਸਮਾਨ ਛੂਹਣ ਦੀ ਸ਼ਕਤੀ ਦਾ ਅਹਿਸਾਸ ਸੀ। ਪਰ ਮਨਾਹੀਆਂ ਤੇ ਵਲਗਣਾਂ ਦੇ ਵਾਤਾਵਰਨ ਨੇ ਮੈਨੂੰ ਕਾਫ਼ੀ ਸਾਲਾਂ ਤੱਕ ਫੜੀ ਰੱਖਿਆ।
ਅਸੀਂ ਪਰਿਵਾਰ ਦੇ ਸਾਰੇ ਜੀਅ ਇੱਕ ਵਿਆਹ ’ਤੇ ਗਏ ਹੋਏ ਸੀ। ਸਾਰੇ ਉੱਥੇ ਇੱਕ ਦਿਨ ਬਾਅਦ ਵੀ ਰਹਿ ਗਏ। ਮੈਂ ਵੀ ਰਹਿਣਾ ਚਾਹੁੰਦੀ ਸੀ ਪਰ ਸਕੂਲ ਵਿਚ ਪੇਪਰ ਚੱਲਦੇ ਹੋਣ ਕਾਰਨ ਮੈਨੂੰ ਸਖ਼ਤੀ ਨਾਲ ਇੱਕ ਨਸੀਹਤ ਦਿੱਤੀ ਗਈ। ਮੇਰੀ ਭਾਬੀ ਨੇ ਕਿਹਾ, ‘ਤੇਰਾ ਪੜ੍ਹੇ ਬਿਨਾਂ ਨਹੀਂ ਸਰਨਾ’। ਉਸ ਨਸੀਹਤ ਨੇ ਮੇਰੇ ਅੰਦਰ ਉਹ ਅਥਾਹ ਜੋਸ਼ ਭਰਿਆ, ਇੱਕ ਸੇਧ ਦਿੱਤੀ ਕਿ ਮੈਂ ਜ਼ਿੰਦਗੀ ਦੇ ਡਾਵਾਂਡੋਲ ਰਸਤਿਆਂ ’ਤੇ ਚੱਲਦਿਆਂ ਪਰਿਵਾਰ ਦੇ ਕੁੜੀਆਂ ਪ੍ਰਤੀ ਰੀਤੀ ਰਿਵਾਜ਼ਾਂ ਨੂੰ ਬਦਲਦਿਆਂ ਉਸ ਮੁਕਾਮ ’ਤੇ ਪਹੁੰਚੀ ਹਾਂ ਕਿ ਹੁਣ ਸੱਚੀ ਇਹੀ ਲੱਗਦਾ ਕਿ ਮੇਰਾ ਪੜ੍ਹੇ ਬਿਨਾਂ ਸਰਨਾ ਹੀ ਨਹੀਂ ਸੀ।
ਮੈਂ ਸਾਂਵਲੇ ਜਿਹੇ ਰੰਗ ਦੀ ਕੁੜੀ ਪੀ. ਐੱਚਡੀ ਕਰ ਕੇ ਰਾਜਨੀਤੀ-ਸ਼ਾਸਤਰ ਦੀ ਸਕੂਲ ਲੈਕਚਰਾਰ ਅਤੇ ਮੇਰੇ ਪਤੀ ਪ੍ਰੋਫੈਸਰ ਹਨ ਅਤੇ ਮੇਰੇ ਪਿਤਾ ਜੀ ਮੇਰੇ ’ਤੇ ਪੁੱਤਾਂ ਨਾਲੋਂ ਵੱਧ ਫਖ਼ਰ ਮਹਿਸੂਸ ਕਰਦੇ ਹਨ। ਪਰਿਵਾਰ ਅਤੇ ਸਮਾਜ ਤੋਂ ਅਗਾਂਹ ਹੋ ਕੇ ਚੱਲਣ ਲਈ ਮੈਨੂੰ ਕਾਫ਼ੀ ਕਸ਼ਮਕਸ਼ ਅਤੇ ਨਫ਼ਰਤ ਵੀ ਝੱਲਣੀ ਪਈ। ਪਰ ਮੇਰੀਆਂ ਸੁਰਮਈ ਅੱਖਾਂ ਵਾਲੀਆਂ ਪਰੀਆਂ ਵਰਗੀਆਂ ਭੈਣਾਂ ਜ਼ਿੰਦਗੀ ਦੀਆਂ ਗ਼ੁਰਬਤਾਂ ਝੱਲਦੀਆਂ ਉਸੇ ਸਮਾਜ ਦਾ ਅੰਗ ਹਨ ਜਿੱਥੇ ਮਨਾਹੀਆਂ ਹਨ, ਵਲਗਣਾਂ ਹਨ ਅਤੇ ਉਨ੍ਹਾਂ ਦੀ ਇੱਕ ਵੱਖਰੀ ਹੀ ਦੁਨੀਆ ਹੈ।
ਸੰਪਰਕ: 89689-48018

Advertisement
Author Image

joginder kumar

View all posts

Advertisement
Advertisement
×