ਕੋਈ ਪਿੰਡੀ ਨਾ ਭੁੱਲੇ ਕੋਈ ਭੁੱਲੇ ਨਾ ਲਾਹੌਰ
ਪ੍ਰੋ. ਕੁਲਵੰਤ ਸਿੰਘ ਔਜਲਾ
ਸਿਮਰਤੀਆਂ ਲੰਘ ਗਏ ਸਮਿਆਂ ਦਾ ਚੇਤਿਆਂ ਵਿੱਚ ਸਾਂਭਿਆ ਸੰਵੇਦਨਸ਼ੀਲ ਇਤਿਹਾਸ ਹੁੰਦੀਆਂ ਹਨ। ਸਿਮਰਤੀਆਂ ਮੋਏ ਵਿਛੜੇ ਰਿਸ਼ਤਿਆਂ ਦਾ ਭਾਵਨਾਮਈ ਪਰਵਾਸ ਹੁੰਦਾ ਹੈ। ਸਿਮਰਤੀਆਂ ਦਿਲਾਂ ’ਚੋਂ ਸਿੰਮਦਾ ਹਉਕੇ ਤੇ ਹਿਜਰ ਵਰਗਾ ਅਹਿਸਾਸ ਹੁੰਦਾ ਹੈ। ਸਿਮਰਤੀਆਂ ਜਿਊਣ ਦੀ ਅਭਿਲਾਸ਼ਾ ਤੇ ਆਸਥਾ ਜਗਾਉਂਦੀਆਂ ਹਨ। ਸਿਮਰਤੀਆਂ ਅਤੀਤ ਦਾ ਰੋਜ਼ ਰੋਜ਼ ਕੀਤਾ ਜਾਣ ਵਾਲਾ ਰਿਆਜ਼ ਹਨ। ਇਹ ਮੋਹਵੰਤ ਤੇ ਮੁਹੱਬਤੀ ਸਾਝਾਂ ਦੇ ਕਾਵਿਕ ਤਾਜਮਹਿਲ ਹੁੰਦੀਆਂ ਹਨ। ਨਿਰਮੋਹੇ ਤੇ ਨਿਰਜਿੰਦ ਲੋਕਾਂ ਕੋਲ ਸਿਮਰਤੀਆਂ ਦਾ ਸੀਮਤ ਤੇ ਸੰਜਮੀ ਖ਼ਜ਼ਾਨਾ ਹੁੰਦਾ ਹੈ। ਭਾਵੁਕ ਲੋਕਾਂ ਕੋਲ ਸਿਮਰਤੀਆਂ ਦਾ ਬਹੁਮੁੱਲਾ ਤੇ ਬਹੁਰੰਗਾ ਭੰਡਾਰ ਹੁੰਦਾ ਹੈ। ਸਿਮਰਤੀਆਂ ਕਮਾਉਣੀਆਂ ਪੈਂਦੀਆਂ ਹਨ। ਸਿਮਰਤੀਆਂ ਜੀਵਨ ਸਫ਼ਰ ਦੇ ਸੰਘਰਸ਼, ਸਨੇਹ, ਸੰਪਰਕ, ਸਰਗਰਮੀ ਤੇ ਸੰਤਾਪ ਦੇ ਕੌੜੇ ਮਿੱਠੇ ਤਜਰਬਿਆਂ ਦੀ ਅਨੁਭਵੀ ਪੁਸਤਕ ਹੁੰਦੀਆਂ ਹਨ। ਸਾਹਾਂ ਵਿੱਚ ਜਜ਼ਬ ਹੋ ਗਈਆਂ ਸਿਮਰਤੀਆਂ ਨੂੰ ਮਿਟਾ ਦੇਣਾ ਸੰਭਵ ਨਹੀਂ ਹੁੰਦਾ। ਸਿਵਿਆਂ ਤੀਕ ਸਾਥ ਨਿਭਾਉਂਦੀਆਂ ਹਨ ਇਹ।
ਭੁੱਲਣਾ ਚਾਹਵਾਂ ਭੁੱਲ ਨਹੀਂ ਹੁੰਦਾ ਮੈਥੋਂ ਮੇਰਾ ਅਤੀਤ
ਸਾਹਾਂ ਦੇ ਵਿੱਚ ਰਹੇ ਧੜਕਦਾ ਵਾਂਗ ਸਰੋਦੀ ਗੀਤ
ਹਰ ਬੰਦੇ ਅੰਦਰ ਇੱਕ ਅਤੀਤ ਹੁੰਦਾ ਹੈ। ਹਰ ਬੰਦੇ ਅੰਦਰ ਇੱਕ ਲੈਆਤਮਕ ਗੀਤ ਹੁੰਦਾ ਹੈ। ਅਤੀਤ ਨੂੰ ਜਿੰਨਾ ਮਰਜ਼ੀ ਭਜਾਵੋ, ਉਹ ਭੱਜਦਾ ਨਹੀਂ। ਮੁੜ ਮੁੜ ਜੀਵੰਤ ਤੇ ਜਾਗਰਿਤ ਹੁੰਦਾ ਰਹਿੰਦਾ ਹੈ। ਸਭ ਤੋਂ ਮਿੱਠੀਆਂ ਤੇ ਮੋਹ-ਖੋਰੀਆਂ ਯਾਦਾਂ ਬਚਪਨ ਦੀਆਂ ਹੁੰਦੀਆਂ ਹਨ। ਮਾਸੂਮੀਅਤ ਦੀ ਜ਼ਰਖ਼ੇਜ਼ ਮਿੱਟੀ ਵਰਗੀਆਂ। ਬਚਪਨ ਭਾਵੇਂ ਸੁਖਾਵਾਂ ਹੋਵੇ ਜਾਂ ਦੁਖਾਵਾਂ ਸਭ ਤੋਂ ਜ਼ਿਆਦਾ ਚੇਤਾ ਬਚਪਨ ਦਾ ਹੀ ਆਉਂਦਾ ਹੈ। ਬਚਪਨ ਦੀਆਂ ਯਾਦਾਂ ਮਾਂ-ਬਾਪ ਜਾਂ ਦਾਦੇ-ਦਾਦੀਆਂ ਦੇ ਸਿਮਰਤੀ-ਸੰਦੂਕ ਵਿੱਚ ਸਾਂਭੀਆਂ ਹੁੰਦੀਆਂ ਹਨ। ਕਦੇ-ਕਦੇ ਜਦੋਂ ਪਰਿਵਾਰ ਅਤੀਤ ਦੇ ਆਵੇਸ਼ ਵਿੱਚ ਹੁੰਦਾ ਹੈ ਤਾਂ ਬੱਚਿਆਂ ਦੇ ਬਚਪਨ ਦੀਆਂ ਸਿਮਰਤੀਆਂ ਫਰੋਲੀਆਂ ਜਾਂਦੀਆਂ ਹਨ। ਇਕੱਠੇ ਹੋ ਕੇ ਨਿੱਕੀਆਂ-ਨਿੱਕੀਆਂ ਯਾਦਾਂ ਨੂੰ ਫਰੋਲਣ ਦਾ ਅਨੋਖਾ ਸਕੂਨ ਤੇ ਸਨੇਹ ਹੁੰਦਾ ਹੈ। ਪਿਆਰ ਤੇ ਪਾਕੀਜ਼ਗੀ ਉਤਪੰਨ ਹੁੰਦੀ ਹੈ। ਅਜੋਕੇ ਡਿਜੀਟਲ ਯੁੱਗ ਵਿੱਚ ਯਾਦਾਂ ਯੰਤਰਾਂ ਵਿੱਚ ਸਾਂਭਣ ਦੀ ਸਹੂਲਤ ਹੋ ਗਈ ਹੈ। ਇੱਕ ਦਿਨ ਸਾਡੇ ਬੱਚੇ ਸਾਡੇ ਵਿਆਹ ਦੀ ਬਲੈਕ ਐਂਡ ਵਾਈਟ ਐਲਬਮ ਦੇਖਣ ਲੱਗ ਪਏ। ਮਾਂ-ਬਾਪ ਨੂੰ ਅਤੀਤ ਦੇ ਪਹਿਰਾਵਿਆਂ ਤੇ ਰੂਪਾਂ ਵਿੱਚ ਦੇਖ-ਦੇਖ ਖ਼ੂਬ ਰੌਣਕ ਲੱਗੀ। ਸਾਡਾ ਨਿੱਕਾ ਜਿਹਾ ਪੋਤਰਾ ਵੀ ਇਸ ਸਿਮਰਤੀ-ਸਨੇਹ ਵਿੱਚ ਤਾੜੀਆਂ ਮਾਰ-ਮਾਰ ਸ਼ਰੀਕ ਹੋ ਰਿਹਾ ਸੀ। ਅਤੀਤ ਨੂੰ ਸਾਂਭਣਾ ਤੇ ਸਿਮਰਤ ਕਰਨਾ ਖ਼ਾਬਸ਼ੀਲ ਮਾਨਵੀ ਕਰਮ ਹੈ। ਤਸਵੀਰਾਂ ਦੇਖਣ ਦੇ ਜਜ਼ਬਾਤੀ ਮੋਹ ਨਾਲ ਊਰਜਿਤ ਹੋ ਕੇ ਮੇਰੀ ਪਤਨੀ ਨੇ ਸਾਡੇ ਬੱਚੇ ਦੇ ਸਾਂਭ-ਸਾਂਭ ਕੇ ਰੱਖੇ ਪੋਤੜੇ ਤੇ ਪਹਿਰਾਵੇ ਵੀ ਦਿਖਾਏ। ਮਾਂ ਦੀ ਮਮਤਾ ਤੇ ਮਰਿਆਦਾ ਦੇਖ ਕੇ ਮੇਰਾ ਕਾਵਿਕ ਮਨ ਭਾਵੁਕ ਹੋ ਗਿਆ। ਮਾਨਵੀ ਰਿਸ਼ਤਿਆਂ ਵਿੱਚੋਂ ਸਭ ਤੋਂ ਜ਼ਿਆਦਾ ਮੋਹਖੋਰਾ ਤੇ ਮਾਨਵੀ ਦਿਲ ਮਾਂ ਕੋਲ ਹੁੰਦਾ। ਸੁਭਾਅ ਪੱਖੋਂ ਮਾਂ ਭਾਵੇਂ ਕੌੜੀ ਹੋਵੇ ਪਰ ਉਸ ਦੀ ਮਮਤਾ ਮਿੱਠੀ ਤੇ ਪਾਕ ਹੁੰਦੀ ਹੈ। ਜਿਸਮਾਨੀ ਤੌਰ ’ਤੇ ਮਨੁੱਖ ਖ਼ਤਮ ਹੋ ਜਾਂਦਾ ਹੈ ਪਰ ਉਸ ਨਾਲ ਜੁੜੀਆਂ ਯਾਦਾਂ ਹਮੇਸ਼ਾਂ ਧੜਕਦੀਆਂ ਰਹਿੰਦੀਆਂ ਹਨ। ਜਦੋਂ ਕਦੇ ਖ਼ੁਸ਼ੀ ਗ਼ਮੀ ਦਾ ਮਾਹੌਲ ਹੋਵੇ ਜਾਂ ਸਾਂਝੇ ਲੋਕ ਮਿਲ ਬੈਠਣ ਤਾਂ ਮੋਏ ਵਿਛੜੇ ਰਿਸ਼ਤਿਆਂ ਦੀ ਸਿਮਰਤੀ ਦਿਲਾਂ ਨੂੰ ਮਾਨਵੀ ਅਹਿਸਾਸਾਂ ਨਾਲ ਲਬਰੇਜ਼ ਕਰਦੀ ਹੈ। ਗੱਲਾਂ ਕਰਨ ਨਾਲ ਆਦਮੀ ਗਹਿਰੀ ਤੇ ਗਗਨਮੁਖੀ ਉਡਾਣ ਭਰਦਾ ਹੈ। ਗੱਲਾਂ ਕਰਨ ਨਾਲ ਭਾਵੁਕਤਾ ਆਨੰਦਿਤ ਹੁੰਦੀ ਹੈ। ਮੇਰੇ ਜਵਾਨੀ ਵੇਲੇ ਦੇ ਕੁਝ ਦੋਸਤ ਵਿਦੇਸ਼ ਚਲੇ ਗਏ ਅਤੇ ਅੰਤ ਉੱਥੇ ਹੀ ਮੁੱਕ ਗਏ। ਕਈ ਸਾਲਾਂ ਤੋਂ ਉਹ ਮਿਲੇ ਵੀ ਨਹੀਂ ਪਰ ਉਨ੍ਹਾਂ ਦੀ ਮੌਤ ਕਿਸੇ ਆਪਣੇ ਦੀ ਮੌਤ ਵਰਗਾ ਸੋਗ ਬਣ ਕੇ ਅਜੇ ਵੀ ਕਈ ਵੇਰ ਮਨ ਨੂੰ ਤੜਪਾਉਂਦੀ ਹੈ। ਜਵਾਨੀ ਦੀਆਂ ਸਾਂਝਾਂ ਜ਼ਰਖ਼ੇਜ਼ ਤੇ ਜਾਨਦਾਰ ਹੁੰਦੀਆਂ ਹਨ। ਜਵਾਨੀ ਦੇ ਜਜ਼ਬੇ ਅੱਥਰੇ ਤੇ ਅਮੋੜ ਹੁੰਦੇ ਹਨ। ਬਦੋਬਦੀ ਰਿਸ਼ਤੇ ਗੰਢਦੇ ਹਾਂ ਤੇ ਫੇਰ ਟੁੱਟ ਜਾਣ ’ਤੇ ਉਮਰ ਭਰ ਸੋਗਮਈ ਸਿਮਰਣ ਕਰਦੇ ਹਨ। ਰਿਸ਼ਤਿਆਂ ਲਈ ਪਛਤਾਉਣਾ ਤੇ ਰੋਣਾ ਵੀ ਪੈਂਦਾ ਹੈ। ਰਿਸ਼ਤੇ ਅੰਦਰੂਨੀ ਖ਼ਾਬਗੋਈ ਤੇ ਖੋਜ ਵਰਗੇ ਹੁੰਦੇ ਹਨ। ਰਿਸ਼ਤੇ ਬਣਾਉਣਾ ਤੇ ਨਿਭਾਉਣਾ ਸਮਾਜਿਕ ਜੀਵਨ ਦੀ ਭਾਵਨਾਤਮਕ ਲੋੜ ਹੈ। ਬੰਦਾ ਜਦੋਂ ਇਕੱਲਾ ਤੇ ਉਦਾਸ ਹੁੰਦਾ ਉਦੋਂ ਸਿਰਫ਼ ਆਪਣਿਆਂ ਨੂੰ ਯਾਦ ਕਰਦਾ ਹੈ। ਯਾਦ ਕਰਨ ਨਾਲ ਤਾਜ਼ਗੀ ਤੇ ਤਿਹੁ ਵਧਦਾ ਹੈ। ਯਾਦ ਕਰਨ ਨਾਲ ਅਪਣੱਤ ਤੇ ਆਪਣਾਪਨ ਪੁਨਰ-ਸੁਰਜੀਤ ਹੁੰਦਾ ਹੈ। ਕਵਿਤਾ ਮਾਨਵੀ ਸਿਮਰਤੀਆਂ ਦੇ ਸੰਵਾਦ ਤੇ ਸਿਰਮਣ ਦੀ ਸਹਿਜ ਸੁਭਾਵਿਕ ਪੈਦਾਇਸ਼ ਹੈ। ਕਵਿਤਾ ਯਾਦਾਂ ਨੂੰ ਅੱਖਰਵੰਤ ਆਕਾਸ਼ ਵਿੱਚ ਤਾਰਿਆਂ ਸਿਤਾਰਿਆਂ ਵਾਂਗ ਸਜਾਉਂਦੀ ਤੇ ਸੰਬੋਧਿਤ ਹੁੰਦੀ ਹੈ। ਕਵਿਤਾ ਵਿੱਚ ਗੱਲਾਂ ਕਰਨ ਨਾਲ ਬੰਦਾ ਹਾਂਪੱਖੀ ਤੇ ਹੌਲਾ ਹੋ ਜਾਂਦਾ ਹੈ। ਕਵਿਤਾ ਉਦਾਸੀਆਂ ਦੀ ਊਰਜਿਤ ਉਡਾਣ ਹੈ।
ਮਿਲ ਜਾਵੋ ਆ ਕੇ ਕਦੀ ਬਹੁਤ ਉਦਾਸ ਹਾਂ ਯਾਰੋ
ਸਿੰਮੇ ਜੋ ਦਿਲ ਅੰਦਰੋਂ ਐਸਾ ਪਰਵਾਸ ਹਾਂ ਯਾਰੋ
ਕਲਯੁੱਗਾਂ ਜਿੱਡੇ ਪੈਂਡੇ ਜੀਰ ਲਏ ਮੇਰਿਆਂ ਪੈਰਾਂ
ਫਟੇ ਪੁਰਾਣੇ ਗਰੰਥ ਦਾ ਬੇਜਿਲਦ ਲਬਿਾਸ ਹਾਂ ਯਾਰੋ
ਬੀਤੇ ਹੋਏ ਰਿਸ਼ਤਿਆਂ ਤੇ ਰਾਹਵਾਂ ਦੀ ਖੋਹ ਤੇ ਖੋਜ ਮਨੁੱਖ ਦਾ ਅੰਦਰੂਨੀ ਨਿੱਤਨੇਮ ਹੈ। ਬੀਤੇ ਹੋਏ ਦੀ ਸਾਕਾਰਤਮਿਕ ਗੋਸ਼ਟ ਨਾਲ ਭਵਿੱਖ ਦੇ ਸੁਪਨਿਆਂ ਨੂੰ ਸ਼ਕਤੀ ਤੇ ਸੇਧ ਮਿਲਦੀ ਹੈ। ਨੌਕਰੀ ਲਈ ਪਿੰਡ ਛੱਡਿਆ। ਪਰਵਾਸ ਲਈ ਦੇਸ਼ ਛੱਡਿਆ। ਸਭ ਕੁਝ ਲੋੜ ਤੋਂ ਵੱਧ ਹੈ ਪਰ ਜਨਮ ਭੂਮੀਆਂ ਦੀ ਯਾਦ ਤੋੜਦੀ ਤੇ ਤੜਪਾਉਂਦੀ ਰਹਿੰਦੀ ਹੈ। ਪਿੰਡ ਦੇ ਚੇਤੇ ਨੂੰ ਭਾਵੁਕ ਲੋਕ ਸ਼ਰਾਬ ਪੀ ਕੇ ਸਿਮਰਤ ਕਰਦੇ ਹਨ। ਪੂਰੇ ਪਰਵਾਸੀ ਭਾਈਚਾਰੇ ਦਾ ਵਾਰ ਵਾਰ ਪੰਜਾਬ ਲਈ ਫ਼ਿਕਰ ਕਰਨਾ ਆਪਣੀਆਂ ਜੜ੍ਹਾਂ ਨੂੰ ਜਿਉਂਦਾ ਤੇ ਮਘਦਾ ਰੱਖਣ ਦੇ ਜੋਸ਼ ਤੇ ਜਨੂੰਨ ਦਾ ਪ੍ਰਤੀਕ ਹੈ। ਭਾਵੇਂ ਵਿਦੇਸ਼ ਵਿੱਚ ਪੰਜਾਬੀਆਂ ਨੇ ਆਪਣੇ ਆਪਣੇ ਪੰਜਾਬ ਵਸਾ ਲਏ ਹਨ ਪਰ ਗੁਰੂਆਂ ਦੇ ਨਾਮ ’ਤੇ ਜਿਉਂਦਾ ਪੰਜਾਬ ਉਨ੍ਹਾਂ ਨੂੰ ਜ਼ਿਆਦਾ ਆਪਣਾ ਲੱਗਦਾ ਹੈ। ਪਰਵਾਸੀ ਪੰਜਾਬਾਂ ਵਿੱਚ ਟਰਾਂਸਪਲਾਂਟ ਹੋ ਗਈਆਂ ਨਵੀਆਂ ਪੀੜ੍ਹੀਆਂ ਦੇ ਅੰਦਰੋਂ ਪਿੱਤਰੀ ਜਜ਼ਬਿਆਂ ਦਾ ਲਗਾਉ ਹੌਲੀ ਹੌਲੀ ਖ਼ਤਮ ਹੋ ਰਿਹਾ ਹੈ। ਭਾਵਨਾਵਾਂ ਮੁੱਕਣ ਨਾਲ ਸਿਮਰਤੀਆਂ ਦੀ ਫ਼ਸਲ ਸੜ ਜਾਂਦੀ ਹੈ। ਯਾਦਾਂ ਨਾਲੋਂ ਯੰਤਰ ਲੋੜੀਂਦੇ ਹੋ ਜਾਂਦੇ ਹਨ। ਰਿਸ਼ਤਿਆਂ ਦਾ ਦੇਹਧਾਰੀ ਵਣਜ ਪ੍ਰਫੁੱਲਿਤ ਹੁੰਦਾ ਹੈ। ਅਜੋਕੀਆਂ ਮੁਸ਼ਕਿਲਾਂ ਤੇ ਮਹਾਂਮਾਰੀਆਂ ਆਦਮੀ ਦੇ ਯਾਂਤਰਿਕ ਹੋਣ ਦੀ ਉਪਜ ਹਨ। ਤੱਥ ਤੇ ਤਰਕ ਭਾਵਨਾ ਦੀ ਥਾਂ ਨਹੀਂ ਲੈ ਸਕਦੇ। ਅਜੋਕੀਆਂ ਵਿਸ਼ਵੀ ਪਰਿਸਥਿਤੀਆਂ ਮਨੁੱਖ ਦੇ ਅਮਾਨਵੀ ਤੇ ਅਰਾਜਕ ਹੋਣ ਦੀਆਂ ਜ਼ਿੰਮੇਵਾਰ ਹਨ। ਸਿਮਰਤੀ, ਸਨੇਹ, ਸਹਿਯੋਗ, ਸਦਭਾਵਨਾ, ਸਦਾਚਾਰ ਤੇ ਸਦਬੁੱਧੀ ਬਿਨਾ ਮਾਨਵੀ ਰਿਸ਼ਤੇ ਦੂਰ ਦੂਰ ਤੀਕ ਨਜ਼ਰ ਆਉਂਦੇ ਮਾਰੂਥਲਾਂ ਦੀ ਰੇਤ ਵਰਗੇ ਹੋ ਜਾਂਦੇ ਹਨ। ਮਾਰੂਥਲਾਂ ਦੀ ਰੇਤ ਰੂਹਾਂ, ਰਾਗਾਂ ਤੇ ਰਵਾਇਤਾਂ ਨੂੰ ਜੀਰ ਜਾਂਦੀ ਹੈ। ਸਿਮਰਤੀਆਂ ਦੀ ਦਾਰਸ਼ਨਿਕਤਾ ਤੇ ਦੀਵਾਨਗੀ ਨਾਲ ਸੰਸਾਰ ਸਤਯੁੱਗੀ ਹੋ ਜਾਂਦਾ ਹੈ। ਸਿਮਰਤੀਆਂ ਜੀਵਨ ਸਫ਼ਰ ਦੌਰਾਨ ਥਾਂ-ਥਾਂ ਖਿਲਰ ਜਾਂਦੀਆਂ ਹਨ। ਯਾਦਾਂ ਨਾਲ ਜੁੜੀਆਂ ਥਾਵਾਂ ਨੂੰ ਮਿਲਣ ਲਈ ਦਿਲ ਕਰਦਾ ਰਹਿੰਦਾ ਹੈ। ਯਾਦਾਂ ਦੀ ਮਿੱਟੀ ਫਰੋਲਣ ਨੂੰ ਚਿੱਤ ਕਰਦਾ ਹੈ। ਬੁਢਾਪੇ ਵਿੱਚ ਅਜਿਹੇ ਖਿਆਲ ਜ਼ਿਆਦਾ ਜੋਸ਼ ਫੜਦੇ ਹਨ। ਮੌਤ ਦੇ ਨੇੜੇ ਪਹੁੰਚ ਕੇ ਮਨੁੱਖ ਨੂੰ ਬੀਤਿਆ ਹੋਇਆ ਸਮਾਂ ਇੱਕ ਭਾਨਵਾਤਮਿਕ ਯਾਦ ਵਾਂਗੂੰ ਯਾਦ ਆਉਂਦਾ ਹੈ। ਕੋਟਕਪੂਰੇ ਦੇ ਲਾਇਲਪੁਰੀ ਪਰਿਵਾਰ ਦੇ ਬਜ਼ੁਰਗ 85 ਸਾਲ ਦੀ ਉਮਰ ਵਿੱਚ ਲਾਇਲਪੁਰ ਦੀਆਂ ਗੱਲਾਂ ਕਰਦੇ ਕਰਦੇ ਰੋ ਪੈਂਦੇ ਸਨ। ਜਦ ਵੀ ਮੈਂ ਉਨ੍ਹਾਂ ਦੇ ਘਰ ਜਾਂਦਾ ਉਹ ਮੈਨੂੰ ਬੁਲਾ ਕੇ ਆਪਣੀਆਂ ਸਿਮਰਤੀਆਂ ਅੰਦਰ ਜਿਊਂਦਾ ਇਤਿਹਾਸ ਕਿੰਨਾ ਕਿੰਨਾ ਚਿਰ ਸੁਣਾਉਂਦੇ ਰਹਿੰਦੇ। ਸੁਣਾਉਣ ਨਾਲ ਉਨ੍ਹਾਂ ਦੇ ਮਨ ਨੂੰ ਠੰਢਕ ਤੇ ਠਹਿਰਾਉ ਮਿਲਦਾ। ਅਜਿਹੇ ਭਾਵਨਾਤਮਿਕ ਬਿਰਤਾਂਤ ਕਲਾ ਤੇ ਸਾਹਿਤ ਦੇ ਵਿਸ਼ੇ ਹਨ। ਕਲਾ ਚੇਤਿਆਂ ਵਿੱਚ ਦੱਬੀਆਂ ਹੋਈਆਂ ਮਨੋਗਰੰਥੀਆਂ ਨੂੰ ਫਰੋਲ ਕੇ ਮਾਨਵੀ ਵਿਵੇਕ ਦੀ ਜੀਵੰਤਤਾ ਵਿੱਚ ਪਰੋਂਦੀ ਹੈ। ਕਲਾ ਨੇ ਅਤੀਤ ਨੂੰ ਦਾਰਸ਼ਨਿਕ ਗਹਿਰਾਈਆਂ ਦੇ ਭਵਿੱਖਮੁਖੀ ਸੰਦੇਸ਼ ਤੇ ਸੰਕੇਤ ਵਜੋਂ ਸੰਚਾਰਿਤ ਕਰਨਾ ਹੁੰਦਾ ਹੈ। ਅਤੀਤ ਨੂੰ ਜ਼ਿਆਦਾ ਮੋਹ ਕਰਨ ਨਾਲ ਡਿਪਰੈਸ਼ਨ ਉਪਜਦਾ ਹੈ। ਕਈ ਵੇਰ ਆਦਮੀ ਉਲਾਰ ਤੇ ਉਤੇਜਿਤ ਵੀ ਹੋ ਜਾਂਦਾ ਹੈ। ਲੇਕਿਨ ਘਟਿਤ ਹੋ ਗਏ ਨੂੰ ਭੁੱਲਣਾ ਔਖਾ ਤੇ ਅਸੰਭਵ ਹੈ।
ਕੋਈ ਪਿੰਡੀ ਨਾ ਭੁੱਲੇ ਕੋਈ ਭੁੱਲੇ ਨਾ ਲਾਹੌਰ
ਇੱਕ ਸੀ ਸ਼ਹਿਨਾਜ਼, ਇੱਕ ਸੀਗਾ ਬਖ਼ਤੌਰ
ਅੰਦਰ ਵਸਦੇ ਨੂੰ ਕਿਵੇਂ ਭੁੱਲੋਗੇ? ਹੱਡਾਂ ’ਚ ਰਚ ਜਾਂਦੀਆਂ ਨੇ ਘਟਨਾਵਾਂ, ਥਾਵਾਂ, ਰਿਸ਼ਤੇ ਤੇ ਰਾਹਵਾਂ। ਇਤਿਹਾਸ ਅੰਦਰ ਵਾਪਰੇ ਘੱਲੂਘਾਰਿਆਂ, ਵੰਡਾਂ, ਹਾਦਸਿਆਂ ਤੇ ਖ਼ੌਫ਼ ਨੂੰ ਅੰਦਰੋਂ ਕੱਢਣਾ ਮੁਮਕਿਨ ਨਹੀਂ। ਤਮਾਮ ਸਦਮੇ, ਜ਼ਖ਼ਮ, ਕਤਲੋਗਾਰਤਾਂ ਤੇ ਜ਼ੁਲਮਾਂ ਨੇ ਪੀੜ੍ਹੀ ਦਰ ਪੀੜ੍ਹੀ ਅਤੇ ਲਹੂ ਦਰ ਲਹੂ ਸਾਡੀਆਂ ਰਗਾਂ ਵਿੱਚ ਵਹਿਣਾ ਤੇ ਵੈਰਾਗ ਹੋਣਾ ਹੁੰਦਾ ਹੈ। ਇਸ ਵਹਿਣ ਤੇ ਵੈਰਾਗ ਵਿੱਚੋਂ ਭਵਿੱਖ ਦੇ ਸੰਕਲਪਾਂ ਤੇ ਸਿਧਾਤਾਂ ਨੇ ਉਤਪੰਨ ਹੋਣਾ ਹੁੰਦਾ ਹੈ। ਪੁਰਾਣੇ ਲੋਕ ਸਿਮਰਤੀ ਗਰੰਥਾਂ ਵਰਗੇ ਹੁੰਦੇ ਸਨ। ਅਸੀਂ ਉਨ੍ਹਾਂ ਸਿਮਰਤੀ ਗਰੰਥਾਂ ਨੂੰ ਲਿਖਿਤ ਨਹੀਂ ਕਰ ਸਕੇ। ਸਿਮਰਤੀਆਂ ਸਦਾਬਹਾਰ ਹਨ। ਇਹ ਸੁੱਕਦੀਆਂ ਨਹੀਂ, ਹਮੇਸ਼ਾ ਧੜਕਦੀਆਂ ਤੇ ਬੋਲਦੀਆਂ ਰਹਿੰਦੀਆਂ ਹਨ।
ਸਤਲੁਜ, ਬਿਆਸ ਤੇ ਰਾਵੀਆਂ ਸੁੱਕ ਚਲੇ
ਸੁੱਕੇ ਦਰਦ ਨਾ ਸੰਤਾਲੀਆਂ ਚੌਰਾਸੀਆਂ ਦੇ
ਅਜੇ ਤੀਕ ਨਾ ਖੋਜ ਤੇ ਖੁਰਾ ਲੱਭਾ
ਚੇਤੇ ਆਉਂਦੇ ਨੇ ਭੂਆ ਤੇ ਮਾਸੀਆਂ ਦੇ
ਸਿਮਰਤੀਆਂ ਦੇ ਅਨੇਕਾਂ ਰੂਪ ਹਨ। ਕੁਝ ਦਰਦ ਭਿੱਜੇ, ਕੁਝ ਸਨੇਹਪੂਰਵਕ ਤੇ ਕੁਝ ਖ਼ੌਫ਼ਨਾਕ। ਸਾਨੂੰ ਸਿਮਰਤੀਆਂ ਨੂੰ ਲਿਖਣਾ ਚਾਹੀਦਾ ਹੈ। ਉਨ੍ਹਾਂ ਨਾਲ ਸੰਵਾਦ ਰਚਾਉਣਾ ਚਾਹੀਦਾ ਹੈ। ਉਨ੍ਹਾਂ ਦੇ ਪਰਿਪੇਖ ਦੀ ਪੜਚੋਲ ਤੇ ਪਛਾਣ ਜ਼ਰੂਰੀ ਹੈ। ਉਲਾਰ ਕਿਸਮ ਦੇ ਜੋਸ਼ ਤੇ ਜਨੂੰਨ ਤੋਂ ਪਰਹੇਜ਼ ਚਾਹੀਦਾ ਹੈ। ਘਟਿਤ ਇਤਿਹਾਸ ਕਿੰਨਾ ਵੀ ਪੀੜਤ ਤੇ ਅਸਹਿ ਹੋਵੇ ਉਸ ਦੇ ਪੁਨਰ ਸੰਵਾਦ ਤੇ ਸਿਮਰਣ ਨਾਲ ਵਰਤਮਾਨ ਤੇ ਭਵਿੱਖ ਨੂੰ ਸੇਧਿਤ ਤੇ ਸੁਪਨਸ਼ੀਲ ਕਰਨ ਨਾਲ ਸਾਕਾਰਾਤਮਕ ਸਬਕ ਸਮਰੂਤ ਹੋ ਸਕਦੇ ਹਨ। ਬੀਤੇ ਹੋਏ ਦਾ ਸੰਦੇਸ਼ ਤੇ ਸਬਕ ਸਾਡੀ ਭਾਵਨਾ ਹੋਣੀ ਚਾਹੀਦੀ ਹੈ।
ਸੰਪਰਕ: 84377-88856