For the best experience, open
https://m.punjabitribuneonline.com
on your mobile browser.
Advertisement

ਡੰਕੀ ਉਡਾਣਾਂ

08:02 AM May 11, 2024 IST
ਡੰਕੀ ਉਡਾਣਾਂ
Advertisement

ਫਰਾਂਸੀਸੀ ਏਜੰਸੀਆਂ ਨੇ ਲਗਭਗ ਪੰਜ ਮਹੀਨੇ ਪਹਿਲਾਂ ਵੱਡੀ ਗਿਣਤੀ ਭਾਰਤੀਆਂ ਨੂੰ ਨਿਕਾਰਾਗੁਆ ਲਿਜਾ ਜਾ ਰਹੇ ਚਾਰਟਰਡ ਜਹਾਜ਼ ਨੂੰ ਮੁੰਬਈ ਵਾਪਸ ਭੇਜਿਆ ਸੀ, ਹੁਣ ਅਜਿਹੀ ਹੀ ਘਟਨਾ ਜਮਾਇਕਾ ਵਿੱਚ ਵਾਪਰੀ ਹੈ ਜਿੱਥੋਂ 200 ਭਾਰਤੀਆਂ ਨਾਲ ਭਰਿਆ ਜਹਾਜ਼ ਦੁਬਈ ਵਾਪਸ ਭੇਜ ਦਿੱਤਾ ਗਿਆ। ਫਰਾਂਸ ਵਿੱਚ ਰੋਕੇ ਜਹਾਜ਼ ਬਾਰੇ ਉੱਥੋਂ ਦੀ ਅਥਾਰਿਟੀ ਨੇ ਕਈ ਖ਼ਦਸ਼ੇ ਜ਼ਾਹਿਰ ਕੀਤੇ ਸਨ। ਜਮਾਇਕਾ ਤੋਂ ਮੋੜੇ ਮੁਸਾਫ਼ਰਾਂ ਦੇ ਦਸਤਾਵੇਜ਼ਾਂ ਵਿੱਚ ਵੀ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਕਮੀਆਂ ਮਿਲੀਆਂ ਹਨ। ਰਿਪੋਰਟਾਂ ਮੁਤਾਬਕ ਯਾਤਰੀਆਂ ਦਾ ਇਹ ਗਰੁੱਪ ਕੈਰੇਬਿਆਈ ਮੁਲਕ ਵਿੱਚੋਂ ਦੀ ਹੋ ਕੇ ਲੰਘ ਰਿਹਾ ਸੀ ਜਿਨ੍ਹਾਂ ਵਿੱਚੋਂ ਕੁਝ ਨੇ ‘ਵੱਡੇ ਰਿਹਾਇਸ਼ ਉਸਾਰੀ ਪ੍ਰਾਜੈਕਟ ਦਾ ਹਿੱਸਾ ਬਣਨ ਦੀ ਆਸ’ ਵਿੱਚ ਨਿਕਾਰਾਗੁਆ ਉਤਰਨਾ ਸੀ।
ਨਿਕਾਰਾਗੁਆ ਦੇ ਪਹਿਲੂ ਨੇ ਧਿਆਨ ਇੱਕ ਵਾਰ ਫਿਰ ‘ਡੰਕੀ’ ਉਡਾਣਾਂ ਵੱਲ ਦਿਵਾਇਆ ਹੈ। ਬੇਈਮਾਨ ਟਰੈਵਲ ਏਜੰਟ ਯਾਤਰੀਆਂ ਨੂੰ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਦਾਖਲਾ ਦਿਵਾਉਣ ਦੇ ਮਕਸਦ ਨਾਲ ਕੇਂਦਰੀ ਅਮਰੀਕੀ ਦੇਸ਼ਾਂ ਲਈ ਇਸ ਤਰ੍ਹਾਂ ਦੀਆਂ ਉਡਾਣਾਂ ਦਾ ਪ੍ਰਬੰਧ ਕਰਦੇ ਹਨ। ਯਾਤਰਾ ਦਸਤਾਵੇਜ਼ ਮਿਲਣ ਦੀ ਸੌਖ ਕਾਰਨ ਨਿਕਾਰਾਗੁਆ ਪਰਵਾਸੀਆਂ ਵਿੱਚ ਕਾਫ਼ੀ ਹਰਮਨਪਿਆਰਾ ਹੈ। ਜਨਵਰੀ ਮਹੀਨੇ ਗੁਜਰਾਤ ਦੀ ਅਪਰਾਧ ਜਾਂਚ ਸ਼ਾਖਾ ਨੇ ਕਿਹਾ ਸੀ ਕਿ ਫਰਾਂਸ ਦੇ ਵੈਟਰੀ ਹਵਾਈ ਅੱਡੇ ਉੱਤੇ ਦਸੰਬਰ 2023 ਨੂੰ ਮਨੁੱਖੀ ਤਸਕਰੀ ਦਾ ਸ਼ੱਕ ਪੈਣ ’ਤੇ ਰੋਕੀ ਗਈ ਉਡਾਣ ਵਿੱਚ ਸੂਬੇ ਦੇ 66 ਯਾਤਰੀ ਸਵਾਰ ਸਨ ਤੇ ਇਨ੍ਹਾਂ ਵਿੱਚੋਂ ਬਹੁਤਿਆਂ ਨੇ ਅਮਰੀਕਾ ਵਿੱਚ ਨਾਜਾਇਜ਼ ਢੰਗ ਨਾਲ ਦਾਖਲ ਹੋਣ ਲਈ ਏਜੰਟਾਂ ਨੂੰ 60-80 ਲੱਖ ਰੁਪਏ ਤੱਕ ਦੇਣੇ ਸਨ। ਕੁਝ ਯਾਤਰੀ ਕਥਿਤ ਤੌਰ ’ਤੇ ਪਹਿਲਾਂ ਹੀ 8 ਲੱਖ ਰੁਪਏ ਤੱਕ ਦੇ ਚੁੱਕੇ ਸਨ। ਉਸ ਵੇਲੇ ਪੰਜਾਬ ਪੁਲੀਸ ਨੇ ਵੀ ਕੇਸ ਦੀ ਜਾਂਚ ਲਈ ‘ਸਿਟ’ ਬਣਾਈ ਸੀ ਕਿਉਂਕਿ ਬਹੁਤ ਸਾਰੇ ਯਾਤਰੀ ਇਸ ਉੱਤਰ ਭਾਰਤੀ ਸੂਬੇ ਤੋਂ ਵੀ ਸਨ।
ਜ਼ਾਹਿਰ ਹੈ ਕਿ ਇਹ ਏਜੰਟਾਂ ਦਾ ਕੌਮਾਂਤਰੀ ਨੈੱਟਵਰਕ ਹੈ ਜਿਸ ਦੀ ਹਰ ਪੱਧਰ ’ਤੇ ਅਧਿਕਾਰੀਆਂ ਨਾਲ ਮਿਲੀਭੁਗਤ ਹੈ ਅਤੇ ਆਵਾਸੀਆਂ ਦੀ ਇੱਕ ਮੁਲਕ ਤੋਂ ਦੂਜੇ ਅੰਦਰ ਪਹੁੰਚਣ ਵਿੱਚ ਮਦਦ ਕੀਤੀ ਜਾ ਰਹੀ ਹੈ। ਆਖ਼ਰੀ ਮੰਜਿ਼ਲ ’ਤੇ ਪਹੁੰਚਣ ਲਈ ਕਾਹਲੇ ਮੁਸਾਫਿ਼ਰ ਆਪਣੀ ਜਿ਼ੰਦਗੀ ਭਰ ਦੀ ਪੂੰਜੀ ਤੋਂ ਇਲਾਵਾ ਜਾਨ ਨੂੰ ਵੀ ਜੋਖ਼ਮ ਵਿੱਚ ਪਾ ਰਹੇ ਹਨ। ਵਧ-ਫੁਲ ਰਹੇ ਮਨੁੱਖੀ ਤਸਕਰੀ ਦੇ ਇਸ ਰੈਕੇਟ ਦਾ ਪਰਦਾਫਾਸ਼ ਕਰਨ ਲਈ ਵੱਖ-ਵੱਖ ਮੁਲਕਾਂ ਦੀਆਂ ਏਜੰਸੀਆਂ ਦਰਮਿਆਨ ਕਰੀਬੀ ਤਾਲਮੇਲ ਜ਼ਰੂਰੀ ਹੈ। ਸਭ ਤੋਂ ਵੱਡਾ ਮਸਲਾ ਇੱਛਾ ਸ਼ਕਤੀ ਦਾ ਹੈ। ਇਹ ਚਿੰਤਾ ਦੀ ਗੱਲ ਹੈ ਕਿ ਕਿਸ਼ਤੀਆਂ ਡੁੱਬਣ ਅਤੇ ਜਹਾਜ਼ਾਂ ਨੂੰ ਦੂਜੇ ਦੇਸ਼ਾਂ ਵਿੱਚ ਰੋਕਣ ਦੇ ਕਈ ਮਾਮਲਿਆਂ ਦੇ ਬਾਵਜੂਦ ਬਹੁਤ ਸਾਰੇ ਅਣਅਧਿਕਾਰਤ ਏਜੰਟ ਆਪਣਾ ਧੰਦਾ ਜਾਰੀ ਰੱਖਣ ਵਿੱਚ ਕਾਮਯਾਬ ਹੋ ਰਹੇ ਹਨ। ਅਸਲ ਵਿਚ, ਇਸ ਮਾਮਲੇ ਵਿਚ ਸਰਕਾਰਾਂ ਅਤੇ ਪ੍ਰਸ਼ਾਸਨ ਉੱਕਾ ਹੀ ਸੰਜੀਦਾ ਨਹੀਂ। ਜਿ਼ੰਮੇਵਾਰ ਭਾਰਤੀ ਏਜੰਸੀਆਂ ਨੂੰ ਵੀ ਇਸ ਮਾਮਲੇ ਵਿੱਚ ਮਿਲ ਕੇ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਨਾਜਾਇਜ਼ ਗਤੀਵਿਧੀਆਂ ’ਚ ਵਾਰ-ਵਾਰ ਦੇਸ਼ ਦੇ ਨਾਗਰਿਕਾਂ ਦੀ ਸ਼ਮੂਲੀਅਤ ਸਾਹਮਣੇ ਆਉਣ ਨਾਲ ਦੇਸ਼ ਨੂੰ ਵੀ ਸ਼ਰਮਸਾਰ ਹੋਣਾ ਪੈ ਰਿਹਾ ਹੈ।

Advertisement

Advertisement
Advertisement
Author Image

sukhwinder singh

View all posts

Advertisement