ਪੱਤਰ ਪ੍ਰੇਰਕਗੁਰੂਸਰ ਸੁਧਾਰ, ਮੁੱਲਾਂਪੁਰ, 5 ਦਸੰਬਰਗੁਰੂ ਤੇਗ ਬਹਾਦਰ ਨੈਸ਼ਨਲ ਕਾਲਜ ਦਾਖਾ ਦੀ 53ਵੀਂ ਵਰ੍ਹੇਗੰਢ ਨੂੰ ਸਮਰਪਿਤ ‘ਕਿਤਾਬ ਦਾਨ ਮਹੀਨਾ’ ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਅਵਤਾਰ ਸਿੰਘ ਨੇ 10 ਕਿਤਾਬਾਂ ਦਾ ਸੈੱਟ ਕਾਲਜ ਲਾਇਬਰੇਰੀ ਨੂੰ ਭੇਟ ਕਰਕੇ ਇਸ ਕਾਰਜ ਦੀ ਸ਼ੁਰੂਆਤ ਕੀਤੀ। ਇਸ ਮਗਰੋਂ ਕਾਲਜ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਪੁਰਾਣੇ ਵਿਦਿਆਰਥੀਆਂ ਨੇ ਲਗਪਗ 140 ਪੁਸਤਕਾਂ ਭੇਟ ਕੀਤੀਆਂ। ਇਸ ਮੌਕੇ ਡਾ. ਅਵਤਾਰ ਸਿੰਘ ਨੇ ਕਿਹਾ ਕਿ ਕਿਤਾਬਾਂ ਸਾਡੇ ਗਿਆਨ ਵਿੱਚ ਤਾਂ ਵਾਧਾ ਕਰਦੀਆਂ ਹੀ ਹਨ, ਇਸ ਦੇ ਨਾਲ ਹੀ ਇਹ ਜ਼ਿੰਦਗੀ ਵਿੱਚ ਸਭ ਤੋਂ ਬਿਹਤਰ ਮਿੱਤਰ ਵੀ ਬਣ ਕੇ ਵਿਚਰਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨਾਲ ਕਾਲਜ ਦੀ ਲਾਇਬਰੇਰੀ ਦੇ ਪੁਸਤਕ ਭੰਡਾਰ ਵਿੱਚ ਉੱਚ ਪੱਧਰੀ ਵਾਧਾ ਹੋਇਆ ਹੈ।ਕਾਲਜ ਦੀ ਲਾਇਬ੍ਰੇਰੀਅਨ ਰਾਜਵਿੰਦਰ ਕੌਰ ਨੇ ਇਸ ਦਿਵਸ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਕਿਤਾਬਾਂ ਜੀਵਨ-ਸ਼ੈਲੀ ਨੂੰ ਬਦਲ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਦਾਨ ਕੀਤੀਆਂ ਪੁਸਤਕਾਂ ਵਿੱਚੋਂ ‘ਇਹ ਰਾਹ ਜਾਂਦੇ ਕਿਹੜੇ ਪਾਸੇ’ ਮਨਦੀਪ ਕੌਰ ਰਾਏ ਦੀ ਲਿਖੀ ਹੋਈ ਹੈ, ਜਿਸ ਵਿੱਚ ‘ਮਨੁੱਖਤਾ ਦੀ ਸੇਵਾ’ ਸਿਰਲੇਖ ਹੇਠ ਹਸਨਪੁਰ ਦੇ ਗੁਰਪ੍ਰੀਤ ਸਿੰਘ ਮਿੰਟੂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਣਧੀਰ ਸਿੰਘ ਸੇਖੋਂ ਨੇ ਇਸ ਮਹਾਨ ਕਾਰਜ ਨੂੰ ਵਿੱਚ ਯੋਗਦਾਨ ਲਈ ਪ੍ਰਿੰਸੀਪਲ, ਲਾਇਬ੍ਰੇਰੀਅਨ, ਸਟਾਫ਼ ਮੈਂਬਰ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ।