ਡਾਕਟਰਾਂ ਵੱਲੋਂ ਸਾਰੀਆਂ ਕੋਵਿਡ ਵੈਕਸੀਨਾਂ ’ਤੇ ਰੋਕ ਲਾਉਣ ਦਾ ਸੱਦਾ
ਲੰਡਨ, 10 ਦਸੰਬਰ
ਉੱਘੇ ਡਾਕਟਰਾਂ ਤੇ ਸਿਹਤ ਸੰਭਾਲ ਨਾਲ ਜੁੜੇ ਕਈ ਪੇਸ਼ੇਵਰਾਂ ਨੇ ਪਟੀਸ਼ਨ ਉੱਤੇ ਦਸਤਖ਼ਤ ਕਰਕੇ ਸਾਰੇ ਕੋਵਿਡ-19 ਐੱਮਆਰਐੱਨਏ ਉਤਪਾਦਾਂ ’ਤੇ ਫੌਰੀ ਰੋਕ ਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਮੰਨਣਾ ਇਨ੍ਹਾਂ ਉਤਪਾਦਾਂ ਕਰਕੇ ਮੌਤਾਂ ਦੀ ਗਿਣਤੀ ਤੇ ਵਿਅਕਤੀਆਂ ਦੇ ਅਪਾਹਜ ਹੋਣ ਦੇ ਕੇਸਾਂ ਵਿਚ ਚਿੰਤਾਜਨਕ ਵਾਧਾ ਹੋਇਆ ਹੈ। ‘ਹੋਪ’ ਐਕੋਰਡ ਨਾਂ ਦੀ ਇਹ ਪਟੀਸ਼ਨ, ਜਿਸ ਉੱਤੇ ਕੁੱਲ ਆਲਮ ਦੇ ਡਾਕਟਰਾਂ ਤੇ ਹੋਰ ਮਾਹਿਰਾਂ ਨੇ ਸਹੀ ਪਾਈ ਹੈ, ਵਿਚ ਕੌਮਾਂਤਰੀ ਭਾਈਚਾਰੇ ਨੂੰ ਕੋਵਿਡ ਐੱਮਆਰਐੱਨਏ ਵੈਕਸੀਨਾਂ ਦੀ ਲਗਾਤਾਰ ਵਰਤੋਂ ਖਿਲਾਫ਼ ਚੌਕਸ ਕੀਤਾ ਗਿਆ ਹੈ। ਇਨ੍ਹਾਂ ਵੈਕਸੀਨਾਂ ਵਿਚ ਜੀਨ-ਅਧਾਰਿਤ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ, ਕਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਇੱਕ ਸਾਧਨ ਵਜੋਂ ਐਮਰਜੈਂਸੀ ਵਰਤੋਂ ਦਾ ਅਧਿਕਾਰ ਦਿੱਤਾ ਗਿਆ ਸੀ। ਪਟੀਸ਼ਨ ਵਿਚ ਕਿਹਾ ਗਿਆ, ‘‘ਇਹ ਤਕਨਾਲੋਜੀ ਸਿਰਫ਼ ਹੰਗਾਮੀ ਹਾਲਾਤ ਵਿਚ ਵਰਤਣ ਲਈ ਸੀ। ਅੱਗੇ ਵਧਦਿਆਂ ਹੁਣ ਸਾਰੀ ਜ਼ਿੰਮੇਵਾਰੀ ਉਨ੍ਹਾਂ ਲੋਕਾਂ ਦੀ ਹੈ, ਜੋ ਇਨ੍ਹਾਂ ਉਤਪਾਦਾਂ ਦੀ ਹਮਾਇਤ ਕਰਦੇ ਹਨ ਤੇ ਉਹ ਸਾਬਤ ਕਰਨ ਕਿ ਇਨ੍ਹਾਂ ਨਾਲ ਕੋਈ ਨੁਕਸਾਨ ਨਹੀਂ ਹੋ ਰਿਹੈ। ਜਦੋਂ ਤੱਕ ਕੋਈ ਸਬੂਤ ਪੇਸ਼ ਨਹੀਂ ਕੀਤਾ ਜਾਂਦਾ, ਰੈਗੂਲੇਟਰਾਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਉਤਪਾਦਾਂ ਦੀ ਵਰਤੋਂ ’ਤੇ ਰੋਕ ਲਾਉਣ।’’ -ਪੀਟੀਆਈ