For the best experience, open
https://m.punjabitribuneonline.com
on your mobile browser.
Advertisement

ਰਿਸ਼ਵਤ ਲੈਣ ਵਾਲਾ ਡਾਕਟਰ ਤੇ ਸਮਾਜਸੇਵੀ ਗ੍ਰਿਫ਼ਤਾਰ

08:36 AM Jul 08, 2023 IST
ਰਿਸ਼ਵਤ ਲੈਣ ਵਾਲਾ ਡਾਕਟਰ ਤੇ ਸਮਾਜਸੇਵੀ ਗ੍ਰਿਫ਼ਤਾਰ
ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਜੁਲਾਈ
ਪੈਟਰੋਲ ਪੰਪ ਨੂੰ ਬੰਦ ਕਰਨ ਦੀਆਂ ਧਮਕੀਆਂ ਦੇ ਕੇ ਪੰਪ ਮਾਲਕ ਤੋਂ ਲੱਖਾਂ ਰੁਪਏ ਦੀ ਰਿਸ਼ਵਤ ਮੰਗਣ ਵਾਲੇ ਸ਼ਹਿਰ ਦੇ ਬੀਏਐੱਮਐੱਸ ਡਾਕਟਰ ਦੇ ਨਾਲ ਸਮਾਜ ਸੇਵੀ ਨੂੰ ਵਿਜੀਲੈਂਸ ਦੀ ਟੀਮ ਨੇ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ’ਚ ਬਰੋਟਾ ਰੋਡ ਸਥਿਤ ਗੁਰੂ ਗੋਬਿੰਦ ਸਿੰਘ ਨਗਰ ਵਾਸੀ ਲਖਵੀਰ ਸਿੰਘ ਦੀ ਸ਼ਿਕਾਇਤ ’ਤੇ ਡਾ. ਅਸ਼ੋਕ ਕੁਮਾਰ ਤੇ ਸੁੰਦਰ ਨਗਰ ਇਲਾਕੇ ਦੇ ਵਾਸੀ ਸਮਾਜ ਸੇਵੀ ਰਾਜਵੀਰ ਸਿੰਘ ਖ਼ਿਲਾਫ਼ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਦੋਹਾਂ ਮੁਲਜ਼ਮਾਂ ਨੂੰ ਸ਼ੁੱਕਰਵਾਰ ਨੂੰ ਅਦਾਲਤ ’ਚ ਪੇਸ਼ ਕਰ ਕੇ 2 ਦਿਨਾ ਰਿਮਾਂਡ ’ਤੇ ਲੈ ਕੇ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ। ਐੱਸਐੱਸਪੀ ਵਿਜੀਲੈਂਸ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਲਖਵੀਰ ਸਿੰਘ ਨੇ ਵਿਜੀਲੈਂਸ ਕੋਲ ਸ਼ਿਕਾਇਤ ਦਿੱਤੀ ਸੀ ਕਿ ਉਸ ਨੇ ਸਰਕਾਰੀ ਮਨਜ਼ੂਰੀ ਮਿਲਣ ਤੋਂ ਬਾਅਦ ਕੁਝ ਮਹੀਨੇ ਪਹਿਲਾਂ ਹਿੰਦੁਸਤਾਨ ਪੈਟਰੋਲੀਅਮ ਕੰਪਨੀ ਤੋਂ ਪੈਟਰੋਲ ਪੰਪ ਦਾ ਲਾਇਸੈਂਸ ਲਿਆ ਸੀ। ਪੈਟਰੋਲ ਪੰਪ ਸੁਖਦੇਵ ਸਿੰਘ ਦੀ ਜ਼ਮੀਨ ’ਤੇ ਸਥਾਪਿਤ ਕੀਤਾ ਗਿਆ ਹੈ। ਕੁਝ ਦਿਨ ਪਹਿਲਾਂ ਖੁਦ ਨੂੰ ਸਮਾਜ ਸੇਵੀ ਕਹਿਣ ਵਾਲਾ ਰਾਜਵੀਰ ਸਿੰਘ ਆਪਣੇ ਤਿੰਨ ਚਾਰ ਸਾਥੀਆਂ ਉੱਥੇ ਆਇਆ ਤੇ ਪੈਟਰੋਲ ਪੰਪ ਦੀਆਂ ਤਸਵੀਰਾਂ ਖਿੱਚਣ ਲੱਗਿਆ। ਜਦੋਂ ਉਨ੍ਹਾਂ ਪੁੱਛਿਆ ਤਾਂ ਮੁਲਜ਼ਮ ਨੇ ਜਵਾਬ ਦਿੱਤਾ ਕਿ ਇਹ ਪੰਪ ਨਾਜਾਇਜ਼ ਲੱਗਿਆ ਹੈ। ਉਸ ਨੇ ਦੋਹਾਂ ਮੁਲਜ਼ਮਾਂ ਨੂੰ ਕਾਫ਼ੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਕੋਲ ਸਾਰੇ ਵਿਭਾਗਾਂ ਦੀ ਐੱਨਓਸੀ ਹੈ। ਇਸ ਤੋਂ ਬਾਅਦ ਰਾਜਵੀਰ ਨੇ ਕੁਝ ਲੋਕਾਂ ਨਾਲ ਸੋਮਵਾਰ ਨੂੰ ਲੁਧਿਆਣਾ ਦੇ ਡੀਸੀ ਨੂੰ ਮੰਗ ਪੱਤਰ ਦਿੱਤਾ, ਜਿਨ੍ਹਾਂ ਨੇ ਇਸ ਦੀ ਜਾਂਚ ਸਬੰਧਤ ਵਿਭਾਗ ਨੂੰ ਭੇਜ ਦਿੱਤੀ। ਲਖਵੀਰ ਸਿੰਘ ਅਨੁਸਾਰ ਜ਼ਮੀਨ ਦੇ ਮਾਲਕ ਸੁਖਦੇਵ ਸਿੰਘ ਨੇ ਡਾ. ਅਸ਼ੋਕ ਕੁਮਾਰ ਨਾਲ ਸੰਪਰਕ ਕੀਤਾ, ਜੋ ਰਾਜਵੀਰ ਸਿੰਘ ਦਾ ਕਰੀਬੀ ਹੈ। ਉਨ੍ਹਾਂ ਦੱਸਿਆ ਕਿ ਡਾ. ਅਸ਼ੋਕ ਕੁਮਾਰ ਨੇ ਫੂਡ ਐਂਡ ਸਪਲਾਈ ਵਿਭਾਗ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲੁਧਿਆਣਾ ਦੇ ਸਬੰਧਤ ਅਧਿਕਾਰੀ ਦੇ ਨਾਮ ’ਤੇ 25 ਲੱਖ ਦੀ ਰਿਸ਼ਵਤ ਮੰਗੀ, ਪਰ ਮੁਲਜ਼ਮਾਂ ਦੇ ਨਾਲ 15 ਲੱਖ ’ਚ ਸੌਦਾ ਤੈਅ ਹੋਇਆ। ਰਾਜਵੀਰ ਤੇ ਡਾ. ਅਸ਼ੋਕ ਕੁਮਾਰ ਨੇ 2 ਲੱਖ ਰੁਪਏ ਲਏ ਤੇ 3 ਲੱਖ ਰੁਪਏ 2-4 ਦਿਨਾਂ ’ਚ ਦੇਣ ਦੀ ਗੱਲ ਕਹੀ। ਜਦੋਂ ਕਿ ਬਾਕੀ 10 ਲੱਖ ਰੁਪਏ 2 ਕਿਸ਼ਤਾਂ ’ਚ ਮੰਗੇ। ਲਖਵੀਰ ਸਿੰਘ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਨੂੰ ਕੀਤੀ। ਐੱਸਐੱਸਪੀ ਸੰਧੂ ਅਨੁਸਾਰ ਵਿਜੀਲੈਂਸ ਬਿਊਰੋ ਦੀ ਇੱਕ ਟੀਮ ਨੇ ਡਾ. ਅਸ਼ੋਕ ਕੁਮਾਰ ਤੇ ਰਾਜਵੀਰ ਸਿੰਘ ਨੂੰ ਡੀਐੱਫ਼ਐੱਸਸੀ ਤੇ ਪੀਪੀਸੀਬੀ ਦੇ ਅਧਿਕਾਰੀਆਂ ਦੇ ਨਾਮ ’ਤੇ ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ 2 ਲੱਖ ਰੁਪਏ ਲੈਂਦਿਆਂ ਰੰਗੇ ਹੱਥੀ ਕਾਬੂ ਕਰ ਲਿਆ।

Advertisement

Advertisement
Tags :
Author Image

sukhwinder singh

View all posts

Advertisement
Advertisement
×