For the best experience, open
https://m.punjabitribuneonline.com
on your mobile browser.
Advertisement

ਵਿਸ਼ਵਾਸ ਦੀ ਤੰਦ ਨਾ ਟੁੱਟੇ

11:20 AM Jun 08, 2024 IST
ਵਿਸ਼ਵਾਸ ਦੀ ਤੰਦ ਨਾ ਟੁੱਟੇ
Advertisement

ਗੁਰਬਿੰਦਰ ਸਿੰਘ ਮਾਣਕ

ਕਿਸੇ ਵੀ ਖਿੱਤੇ ਦਾ ਸੱਭਿਆਚਾਰ ਮਨੁੱਖ ਨੂੰ ਰਿਸ਼ਤਿਆਂ ਦੇ ਖ਼ੂਬਸੂਰਤ ਬੰਧਨ ਵਿੱਚ ਬੰਨ੍ਹ ਕੇ ਜ਼ਿੰਦਗੀ ਨੂੰ ਸੁਹਾਵਣੀ ਤੇ ਮਾਣਨਯੋਗ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਹੈ। ਜੇਕਰ ਮਨੁੱਖੀ ਜੀਵਨ ਰਿਸ਼ਤਿਆਂ ਤੋਂ ਸੱਖਣਾ ਹੁੰਦਾ ਤਾਂ ਇਹ ਧਰਤੀ ਮਨੁੱਖ ਨੂੰ ਵਿਰਾਨ ਤੇ ਉਜਾੜ ਜਾਪਣੀ ਸੀ। ਉਂਜ ਤਾਂ ਸਾਰੇ ਰਿਸ਼ਤੇ ਹੀ ਆਪਸੀ ਸਾਂਝ ਤੇ ਭਰੋਸੇ ਵਿੱਚ ਬੱਝਿਆਂ ਹੀ ਨਿਭਦੇ ਹਨ ਪਰ ਪਤੀ-ਪਤਨੀ ਦਾ ਰਿਸ਼ਤਾ ਆਪਸੀ ਸਾਂਝ, ਪਿਆਰ, ਅਪਣੱਤ ਤੋਂ ਬਿਨਾਂ ਵਿਸ਼ਵਾਸ ਦੀ ਮਹੀਨ ਜਿਹੀ ਤੰਦ ਨਾਲ ਬੱਝਿਆ ਹੋਇਆ ਹੁੰਦਾ ਹੈ।
ਜਦੋਂ ਕਦੇ ਆਪਸੀ ਵਿਸ਼ਵਾਸ ਦੀ ਤੰਦ ਢਿੱਲੀ ਪੈਂਦੀ ਹੈ ਜਾਂ ਟੁੱਟਦੀ ਹੈ ਤਾਂ ਰਿਸ਼ਤੇ ਵਿੱਚ ਵਿਗਾੜ ਪੈਣ ਦਾ ਖ਼ਤਰਾ ਬਣ ਜਾਂਦਾ ਹੈ। ਜੇ ਆਪਸੀ ਸੂਝ-ਬੂਝ ਨਾਲ ਇਸ ਨੂੰ ਸੰਭਾਲਿਆ ਨਾ ਜਾਵੇ ਤਾਂ ਫਟੇ ਕੱਪੜੇ ਦੀ ਨਿਆਈਂ ਇਹ ਲੰਗਾਰ ਵਧਦਾ ਹੀ ਜਾਂਦਾ ਹੈ। ਇਸੇ ਕਾਰਨ ਸਿਆਣੇ ਕਹਿੰਦੇ ਹਨ ਕਿ ਜੇ ਸ਼ੁਰੂ ਵਿੱਚ ਹੀ ਪਿਆਰ ਤੇ ਵਿਸ਼ਵਾਸ ਦੇ ਧਾਗਿਆਂ ਨਾਲ ਲੰਗਾਰ ਨੂੰ ਸੀਣ ਲਾ ਲਈ ਜਾਵੇ ਤਾਂ ਬਹੁਤ ਕੁਝ ਬਚਾਇਆ ਜਾ ਸਕਦਾ ਹੈ।
ਅਸਲ ਵਿੱਚ ਪਤੀ-ਪਤਨੀ ਜ਼ਿੰਦਗੀ ਰੂਪੀ ਗੱਡੀ ਦੇ ਦੋ ਪਹੀਏ ਹਨ। ਇਹ ਗੱਡੀ ਨਿਰਵਿਘਨ ਤੇ ਇੱਕਸਾਰ ਚੱਲਦੀ ਰਹੇ, ਇਸ ਲਈ ਜ਼ਰੂਰੀ ਹੈ ਕਿ ਦੋਵਾਂ ਪਹੀਆਂ ਵਿੱਚ ਸੰਤੁਲਨ ਤੇ ਇਕਸਾਰਤਾ ਬਣੀ ਰਹੇ। ਜ਼ਿੰਦਗੀ ਰੂਪੀ ਸੜਕ ਕੋਈ ਸਾਵੀਂ-ਪੱਧਰੀ ਜਰਨੈਲੀ ਸੜਕ ਜਿਹੀ ਨਹੀਂ ਹੁੰਦੀ। ਅਨੇਕਾਂ ਖੱਡੇ, ਟੋਏ-ਟਿੱਬੇ, ਚਿੱਕੜ, ਕੰਡੇ ਅਤੇ ਹਚਕੋਲੇ ਇਸ ਸਫ਼ਰ ਦੇ ਰਾਹ ਦੀਆਂ ਦੁਸ਼ਵਾਰੀਆਂ ਬਣ ਕੇ ਰਾਹੀ ਦੇ ਮੰਜ਼ਿਲ ’ਤੇ ਪਹੁੰਚਣ ਲਈ ਵੰਗਾਰ ਬਣੇ ਰਹਿੰਦੇ ਹਨ। ਜੇ ਦੰਪਤੀ ਵਿੱਚ ਆਪਸੀ ਸੂਝ-ਬੂਝ, ਸਨੇਹ, ਮਿਲਵਰਤਣ, ਇਕਮੁੱਠਤਾ ਅਤੇ ਇੱਕ ਦੂਜੇ ਪ੍ਰਤੀ ਆਪਾ-ਵਾਰੂ ਭਾਵਨਾ ਹੋਵੇ ਤਾਂ ਔਝੜ ਰਸਤਿਆਂ ਦਾ ਸਫ਼ਰ ਵੀ ਨਿਰਵਿਘਨ ਮੁਕਾਇਆ ਜਾ ਸਕਦਾ ਹੈ। ਆਪਸੀ ਸਮਝ ਦੀ ਕਮੀ ਕਾਰਨ ਹੀ ਕਈ ਵਾਰ ਇਹ ਗੱਡੀ ਅਸਾਵੀਂ ਹੋ ਕੇ ਰਾਹਾਂ ਦੇ ਚਿੱਕੜ ਵਿੱਚ ਅਜਿਹੀ ਫਸਦੀ ਹੈ ਕਿ ਜੀਵਨ ਦੁਸ਼ਵਾਰ ਬਣ ਜਾਂਦਾ ਹੈ। ਅਜਿਹੀਆਂ ਗੱਲਾਂ ਦਾ ਕਈ ਵਾਰ ਬੱਚਿਆਂ ’ਤੇ ਵੀ ਡੂੰਘਾ ਅਸਰ ਹੁੰਦਾ ਹੈ। ਜੇ ਦੰਪਤੀ ਜੋੜਾ ਇੱਕ ਦੂਜੇ ਪ੍ਰਤੀ ਸਤਿਕਾਰ ਕਰਨ ਦੀ ਭਾਵਨਾ ਰੱਖਦਾ ਹੋਵੇ, ਮਿੱਠਬੋਲੜਾ, ਸਹਿਜ, ਸਹਿਣਸ਼ੀਲ ਤੇ ਸੁਹਿਰਦ ਹੋਵੇ ਤਾਂ ਗ਼ਲਤਫਹਿਮੀਆਂ ਕਦੇ ਪੈਦਾ ਹੀ ਨਹੀਂ ਹੁੰਦੀਆਂ। ਜੇ ਕਦੇ ਅਜਿਹਾ ਵਾਪਰ ਵੀ ਜਾਵੇ ਤਾਂ ਉਸ ਗੱਲ ਨੂੰ ਗੰਭੀਰਤਾ ਨਾਲ ਲੈਣ ਦੀ ਥਾਂ ਸਿਆਣਾ ਜੋੜਾ ਹਾਸੇ-ਮਜ਼ਾਕ ਵਿੱਚ ਟਾਲ ਕੇ ਘਰ ਦੇ ਮਾਹੌਲ ਨੂੰ ਸਹਿਜ ਬਣਾਈ ਰੱਖਦਾ ਹੈ। ਜੇ ਸਹਿਣਸ਼ੀਲਤਾ ਤੇ ਠਰ੍ਹੱਮਾ ਹੋਵੇ ਤਾਂ ਕਿਸੇ ਕੌੜੀ ਗੱਲ ਨੂੰ ਵੀ ਸਹਿਣ ਦੀ ਪ੍ਰਵਿਰਤੀ ਮਾਹੌਲ ਨੂੰ ਵਿਗੜਨ ਨਹੀਂ ਦਿੰਦੀ। ਜੇ ਦੋਵੇਂ ਬਹਿਸ ਵਿੱਚ ਪੈ ਜਾਣ ਤੇ ਇੱਕ ਦੂਜੇ ਦੀਆਂ ਬੁਰਾਈਆਂ ਨੂੰ ਵਧਾ ਚੜ੍ਹਾਅ ਕੇ ਫਰੋਲਣ ਬਹਿ ਜਾਣ ਤਾਂ ਕੁੜੱਤਣ, ਗੁੱਸੇ ਤੇ ਦੂਰੀਆਂ ਤੋਂ ਬਿਨਾਂ ਕੁਝ ਵੀ ਹਾਸਲ ਨਹੀਂ ਹੁੰਦਾ।
ਪੁਰਾਣੇ ਵੇਲਿਆਂ ਵਿੱਚ ਜੀਵਨ ਦੀ ਧਾਰਾ ਇੰਨੀ ਗੁੰਝਲਦਾਰ ਨਹੀਂ ਸੀ। ਲੋਕ ਸਬਰ-ਸ਼ੁਕਰ ਕਰਦੇ ਸਾਦਗੀ ਨਾਲ ਜੀਵਨ ਜਿਊਂਦੇ ਸਨ। ਆਮ ਤੌਰ ’ਤੇ ਮਰਦ ਬਾਹਰ ਕਮਾਉਣ ਜਾਂਦੇ ਅਤੇ ਔਰਤਾਂ ਘਰ ਸੰਭਾਲਦੀਆਂ ਸਨ। ਸਾਂਝੇ ਪਰਿਵਾਰ ਹੋਣ ਕਾਰਨ ਬਹੁਤੇ ਲੋਕ ਆਪਣੇ ਕੰਮ-ਕਾਰ ਹੱਥੀਂ ਕਰਨ ਨੂੰ ਧੰਨਭਾਗ ਸਮਝਦੇ ਸਨ। ਲੋੜਾਂ-ਥੁੜ੍ਹਾਂ ਤੇ ਗ਼ਰੀਬੀ ਭਰੇ ਜੀਵਨ ਪ੍ਰਤੀ ਵੀ ਲੋਕਾਂ ਦਾ ਨਜ਼ਰੀਆ ਬਹੁਤ ਆਸ਼ਾਵਾਦੀ ਹੁੰਦਾ ਸੀ। ਸਖ਼ਤ ਮਿਹਨਤ ਕਰਦੇ ਲੋਕ ਵੀ ਰੁੱਖੀ-ਸੁੱਖੀ ਖਾ ਕੇ ਕੁਦਰਤ ਦੇ ਸ਼ੁਕਰਗੁਜ਼ਾਰ ਹੁੰਦੇ ਸਨ। ਕਈ ਵਾਰ ਤਾਂ ਵੱਡੇ ਟੱਬਰਾਂ ਵਿੱਚ ਇੱਕ ਮਰਦ ਹੀ ਕਮਾਉਣ ਵਾਲਾ ਹੁੰਦਾ ਸੀ ਤੇ ਖਾਣ ਵਾਲਾ ਸਾਰਾ ਲਾਣਾ। ਸਮੇਂ ਦੇ ਬਦਲ ਰਹੇ ਵਰਤਾਰੇ ਨੇ ਜ਼ਿੰਦਗੀ ਦੇ ਰੰਗ-ਢੰਗ ਹੀ ਬਦਲ ਦਿੱਤੇ ਹਨ। ਅਸੀਮਤ ਲੋੜਾਂ ਦੀ ਪੂਰਤੀ ਲਈ ਹੁਣ ਪਤੀ-ਪਤਨੀ ਦੋਵੇਂ ਕਮਾਉਂਦੇ ਹਨ। ਹਾਲਾਂਕਿ ਔਰਤ ਨੂੰ ਦੋਹਰੀ ਮਾਰ ਝੱਲਣੀ ਪੈਂਦੀ ਹੈ, ਉਹ ਬਾਹਰਲੀ ਡਿਊਟੀ ਤੋਂ ਪਰਤ ਕੇ ਘਰ ਪਰਿਵਾਰ ਦੀ ਜ਼ਿੰਮੇਵਾਰੀ ਵੀ ਸੰਭਾਲਦੀ ਹੈ। ਨਵੇਂ ਸਮਿਆਂ ਦੀ ਪੜ੍ਹੀ ਲਿਖੀ ਜਾਗਰੂਕ ਔਰਤ ਆਪਣੇ ਅਧਿਕਾਰਾਂ ਪ੍ਰਤੀ ਵੀ ਪੂਰੀ ਤਰ੍ਹਾਂ ਸੁਚੇਤ ਹੈ। ਮਰਦ ਪ੍ਰਧਾਨ ਸਮਾਜ ਦਾ ਰੁਝਾਨ ਹੋਣ ਕਾਰਨ ਕਈ ਵਾਰ ਅਜਿਹੀਆਂ ਗੱਲਾਂ ਦੰਪਤੀ ਜੋੜੇ ਵਿੱਚ ਤਕਰਾਰ ਦਾ ਕਾਰਨ ਵੀ ਬਣ ਜਾਂਦੀਆਂ ਹਨ। ਸਦੀਆਂ ਦੀ ਮਰਦ ਮਾਨਸਿਕਤਾ ਕਾਰਨ ਪਤੀ ਆਪਣੀ ਪਤਨੀ ਨਾਲ ਘਰੇਲੂ ਕੰਮਾਂ ਵਿੱਚ ਹੱਥ ਵਟਾਉਣ ਪ੍ਰਤੀ ਹਊਮੈ ਦਾ ਸ਼ਿਕਾਰ ਹੋ ਜਾਂਦਾ ਹੈ। ਇਹ ਨਿੱਕੇ ਨਿੱਕੇ ਗਿਲੇ, ਸ਼ਿਕਵੇ ਤੇ ਰੋਸੇ ਆਪਸੀ ਸਮਝ ਦੀ ਕਮੀ ਕਾਰਨ ਕਈ ਵਾਰ ਪਰਿਵਾਰਕ ਝਗੜਿਆਂ ਦਾ ਕਾਰਨ ਬਣ ਜਾਂਦੇ ਹਨ। ਸਿਆਣੇ ਪਤੀ-ਪਤਨੀ ਅਜਿਹੇ ਮਸਲਿਆਂ ਨੂੰ ਅੰਦਰ ਬੈਠ ਕੇ ਸੁਲਝਾ ਲੈਂਦੇ ਹਨ ਪਰ ਜਿਨ੍ਹਾਂ ਜੋੜਿਆਂ ਦਾ ਬੋਲ-ਬੁਲਾਰਾ ਘਰ ਦੀ ਸਰਦਲ ਟੱਪ ਜਾਂਦਾ ਹੈ, ਉਨ੍ਹਾਂ ਦੀ ਸਥਿਤੀ ਲੋਕਾਂ ਦੀ ਨਜ਼ਰ ਵਿੱਚ ਹਾਸੋਹੀਣੀ ਬਣ ਜਾਂਦੀ ਹੈ। ਵਿਚਾਰਾਂ ਦਾ ਵਖਰੇਵਾਂ ਜਾਂ ਕਿਸੇ ਗੱਲ ਪ੍ਰਤੀ ਅਸਹਿਮਤੀ ਹੁੰਦਿਆਂ ਹੋਇਆਂ ਵੀ ਸਹਿਜ ਮਾਹੌਲ ਬਣਾਈ ਰੱਖਣ ਦੀ ਜੁਗਤ ਆਪਣਾ ਕੇ ਪਤੀ-ਪਤਨੀ ਆਪਣੀ ਸੂਝ ਦਾ ਪ੍ਰਗਟਾਵਾ ਕਰ ਸਕਦੇ ਹਨ।
ਇੱਕ ਦੂਜੇ ਪ੍ਰਤੀ ਵਿਸ਼ਵਾਸ ਦੀ ਕਮੀ ਕਈ ਵਾਰ ਮੁਹੱਬਤ ਭਰੇ ਸਬੰਧਾਂ ਵਿੱਚ ਖਟਾਸ ਪੈਦਾ ਕਰਨ ਦਾ ਕਾਰਨ ਬਣ ਜਾਂਦੀ ਹੈ। ਕਈ ਵਾਰ ਗੱਲ ਕੁਝ ਵੀ ਨਹੀਂ ਹੁੰਦੀ ਪਰ ਖਿਲਾਰਾ ਇੰਨਾ ਪੈ ਜਾਂਦਾ ਹੈ ਕਿ ਦੋਵੇਂ ਆਪਸੀ ਹਊਮੇ ਤੇ ਜ਼ਿੱਦ ਕਾਰਨ ਸਥਿਤੀ ਵਿਗਾੜ ਲੈਂਦੇ ਹਨ। ਅਜੋਕੇ ਸਮੇਂ ਵਿੱਚ ਦੰਪਤੀ ਜੋੜੇ ਆਪਣੀ ਡਿਊਟੀ ਦੇ ਸਿਲਸਿਲੇ ਵਿੱਚ ਅਨੇਕਾਂ ਮਰਦ ਤੇ ਔਰਤ ਸਾਥੀਆਂ ਦੇ ਸੰਪਰਕ ਵਿੱਚ ਆਉਂਦੇ ਹਨ। ਇੱਕੋ ਦਫ਼ਤਰ, ਅਦਾਰੇ, ਸਕੂਲ, ਕਾਲਜ ਅਤੇ ਹੋਰ ਥਾਵਾਂ ’ਤੇ ਇਕੱਠੇ ਕੰਮ ਕਰਦੇ ਹਨ। ਕਈ ਵਾਰ ਕਿਸੇ ਗ਼ਲਤਫਹਿਮੀ ਕਾਰਨ ਅਜਿਹੇ ਸਬੰਧਾਂ ਕਾਰਨ ਸ਼ੱਕ ਦੀ ਦੁਫੇੜ ਪੈਣ ਨਾਲ ਜੋੜੇ ਵਿੱਚੋਂ ਕਿਸੇ ਦੇ ਮਨ ਵਿੱਚ ਬੇਵਿਸ਼ਵਾਸੀ ਪੈਦਾ ਹੋ ਜਾਂਦੀ ਹੈ। ਜੇ ਸੂਝ-ਬੂਝ ਨਾਲ ਇਸ ਸ਼ੱਕ ਨੂੰ ਮਿਲ ਬੈਠ ਕੇ ਨਾ ਸੁਲਝਾਇਆ ਜਾਵੇ ਤਾਂ ਇਹ ਚੰਗੀ ਭਲੀ ਜ਼ਿੰਦਗੀ ਵਿੱਚ ਜ਼ਹਿਰ ਘੋਲ ਦਿੰਦੀ ਹੈ। ਇੱਕ ਵਾਰ ਵਿਸ਼ਵਾਸ ਰੂਪੀ ਮਹੀਨ ਤੰਦ ਟੁੱਟ ਜਾਵੇ ਤਾਂ ਆਪਸੀ ਰਿਸ਼ਤੇ ਵਿੱਚ ਗੰਢ ਪੈ ਜਾਂਦੀ ਹੈ। ਤਿੜਕਿਆ ਹੋਇਆ ਵਿਸ਼ਵਾਸ ਕਿਸੇ ਵੀ ਹੋਰ ਗੱਲ ਨਾਲੋਂ ਵੱਧ ਘਾਤਕ ਹੁੰਦਾ ਹੈ। ਇਹ ਆਪਸੀ ਸਬੰਧਾਂ ਵਿੱਚ ਅਜਿਹੀ ਤਰੇੜ ਪੈਦਾ ਕਰਦਾ ਹੈ ਕਿ ਰਿਸ਼ਤੇ ਦੀਆਂ ਦੂਰੀਆਂ ਹੋਰ ਵਧਣ ਨਾਲ ਇੱਕ ਦੂਜੇ ਪ੍ਰਤੀ ਮਨ ਵਿੱਚ ਗੁੱਸਾ ਤੇ ਨਫ਼ਰਤ ਪੈਦਾ ਹੋ ਜਾਂਦੀ ਹੈ।
ਪਹਿਲੀ ਗੱਲ ਤਾਂ ਇਹ ਹੈ ਕਿ ਇਸ ਪੱਧਰ ਤੱਕ ਕੋਈ ਮਸਲਾ ਪਹੁੰਚਣਾ ਹੀ ਨਹੀਂ ਚਾਹੀਦਾ। ਚਲੋ ਜੇ ਪਹੁੰਚ ਵੀ ਜਾਵੇ ਤਾਂ ਸਿਆਣਪ ਇਸ ਵਿੱਚ ਹੀ ਹੈ ਕਿ ਪਰਿਵਾਰਕ ਜੀਵਨ ਨੂੰ ਨਰਕ ਬਣਾਉਣ ਦੀ ਥਾਂ, ਆਪਸ ਵਿੱਚ ਮਿਲ ਬੈਠ ਕੇ ਮਾਮਲਾ ਨਜਿੱਠ ਲੈਣਾ ਚਾਹੀਦਾ ਹੈ। ਅਜਿਹੇ ਵਾਤਾਵਰਨ ਦਾ ਸਭ ਤੋਂ ਵੱਧ ਅਸਰ ਬੱਚਿਆਂ ’ਤੇ ਪੈਂਦਾ ਹੈ। ਘਰੇਲੂ ਕਲੇਸ਼ ਕਾਰਨ ਬੱਚਿਆਂ ਦੇ ਮਨ ਵਿੱਚ ਕਈ ਤਰ੍ਹਾਂ ਦੇ ਸਰੀਰਕ, ਮਾਨਸਿਕ ਤੇ ਭਾਵਨਾਤਮਕ ਵਿਗਾੜ ਪੈਦਾ ਹੋ ਜਾਂਦੇ ਹਨ। ਆਪਸੀ ਪਿਆਰ, ਮੁਹੱਬਤ, ਅਪਣੱਤ, ਸਾਂਝ, ਨਿਮਰਤਾ, ਸਹਿਣਸ਼ੀਲਤਾ ਤੇ ਸਭ ਤੋਂ ਵੱਧ ਇੱਕ ਦੂਜੇ ਪ੍ਰਤੀ ਵਿਸ਼ਵਾਸ ਦੀ ਤੰਦ ਦਾ ਪੀਢਾ ਹੋਣਾ ਜ਼ਿੰਦਗੀ ਨੂੰ ਸਵਰਗ ਬਣਾ ਦਿੰਦਾ ਹੈ। ਅਜਿਹਾ ਸਹਿਜ ਅਤੇ ਖ਼ੁਸ਼ਗਵਾਰ ਜੀਵਨ ਹੀ ਜ਼ਿੰਦਗੀ ਦਾ ਹਾਸਲ ਹੈ। ਜ਼ਿੰਦਗੀ ਦੇ ਰਾਹਾਂ ’ਤੇ ਵਿਚਰਦਿਆਂ ਅਕਸਰ ਕੌੜਾ-ਕਸੈਲਾ, ਫਿੱਕਾ ਤੇ ਅਣਸੁਖਾਵਾਂ ਵਾਪਰਨਾ ਕੋਈ ਅਨੋਖਾ ਵਰਤਾਰਾ ਨਹੀਂ ਹੈ। ਬਹੁਤੇ ਘਰਾਂ ਵਿੱਚ ਅਜਿਹਾ ਕੁਝ ਚੱਲਦਾ ਹੀ ਰਹਿੰਦਾ ਹੈ। ਫ਼ਰਕ ਸਿਰਫ਼ ਇਹ ਹੈ ਕਿ ਕੁਝ ਘਰਾਂ ਵਿੱਚ ਸਥਿਤੀ ਛੇਤੀ ਹੀ ਸੁਖਾਵੀਂ ਬਣ ਜਾਂਦੀ ਹੈ ਤੇ ਕੁਝ ਜ਼ਿੰਦਗੀ ਦੀ ਸਮਝ ਤੋਂ ਸੱਖਣੇ ਜੋੜੇ ਹੰਕਾਰ ਦੇ ਘੜੇ ’ਤੇ ਸਵਾਰ ਹੋ ਕੇ ਘਰ ਨੂੰ ਕਈ ਕਈ ਦਿਨ ਮੈਦਾਨੇ-ਜੰਗ ਬਣਾਈ ਰੱਖਦੇ ਹਨ। ਅਜਿਹੀ ਸਥਿਤੀ ਨੂੰ ਬਣਨ ਤੋਂ ਬਚਾਉਣ ਦਾ ਹੁਨਰ ਹੀ ਜ਼ਿੰਦਗੀ ਦੀ ਸਮਝ ਦਾ ਪ੍ਰਤੀਕ ਹੈ।
ਜ਼ਰੂਰੀ ਨਹੀਂ ਕਿ ਧਨ ਦੌਲਤ ਤੇ ਪਦਾਰਥਕ ਵਸਤਾਂ ਦੀ ਬਹੁਲਤਾ ਨਾਲ ਦੰਪਤੀ ਜੀਵਨ ਕਿਸੇ ਪਰਿਵਾਰਕ ਕਲੇਸ਼ ਦਾ ਕਾਰਨ ਨਾ ਬਣਦਾ ਹੋਵੇ। ਖ਼ੁਸ਼ੀ, ਖੁਸ਼ਹਾਲੀ ਤੇ ਰਿਸ਼ਤਿਆਂ ਦੀ ਆਪਸੀ ਸਮਝ ਪੈਸੇ ਨਾਲ ਪ੍ਰਾਪਤ ਨਹੀਂ ਹੋ ਸਕਦੀ। ਕਈ ਵਾਰ ਤਾਂ ਸਗੋਂ ਪੈਸਾ ਰਿਸ਼ਤਿਆਂ ਦੇ ਤਿੜਕਣ ਦਾ ਕਾਰਨ ਬਣ ਜਾਂਦਾ ਹੈ। ਦੰਪਤੀ ਜੀਵਨ ਨੂੰ ਸਹਿਜ ਤੇ ਖ਼ੁਸ਼ੀਆਂ ਭਰਿਆ ਬਣਾਉਣ ਲਈ ਦੋਵਾਂ ਜੀਆਂ ਨੂੰ ਹੋਰ ਕਿਸੇ ਗੱਲ ਨਾਲੋਂ ਵੀ ਵੱਧ ਆਪਸੀ ਸਮਝ, ਸੁਹਿਰਦਤਾ ਤੇ ਵਿਸ਼ਵਾਸ ਦੀ ਲੋੜ ਹੁੰਦੀ ਹੈ। ਅਜਿਹੇ ਰਾਹ ਤੁਰ ਕੇ ਹੀ ਖ਼ੂਬਸੂਰਤ ਜ਼ਿੰਦਗੀ ਦਾ ਆਨੰਦ ਮਾਣਿਆ ਜਾ ਸਕਦਾ ਹੈ।

Advertisement

ਸੰਪਰਕ-9815356086

Advertisement

Advertisement
Author Image

sukhwinder singh

View all posts

Advertisement