ਕੁਦਰਤ ਪ੍ਰਤੀ ਬੇਮੁੱਖ ਨਾ ਹੋਵੋ
ਸਰਬਜੀਤ ਸਿੰਘ ਜਰਮਨੀ
ਦੁਨੀਆ ਭਰ ਵਿੱਚ ਬਹੁਤ ਸਾਰੇ ਮੁਲਕ ਹਨ ਜਿੱਥੇ ਤਾਪਮਾਨ 50 ਡਿਗਰੀ ਪਾਰ ਕਰ ਜਾਂਦਾ ਹੈ। ਇਨ੍ਹਾਂ ਗਰਮ ਮੁਲਕਾਂ ਦੇ ਭੂਗੋਲਿਕ ਤੇ ਰਾਜਨੀਤਿਕ ਇਤਿਹਾਸ ਨੂੰ ਜਾਣੀਏ ਤਾਂ ਪਤਾ ਲੱਗਦਾ ਹੈ ਕਿ ਉੱਥੇ ਦੀਆਂ ਸਰਕਾਰਾਂ ਤੇ ਆਮ ਲੋਕਾਂ ਨੇ ਸਾਲਾਂ ਬੱਧੀ ਅਜਿਹੇ ਯਤਨ ਕੀਤੇ ਹਨ ਕਿ ਕੁਦਰਤੀ ਸਰੋਤਾਂ ਨੂੰ ਬਚਾਇਆ ਤੇ ਵਧਾਇਆ ਜਾ ਸਕੇ ਤਾਂ ਜੋ ਗਰਮੀ ਦੀ ਰੁੱਤ ਨਾਲ ਆਸਾਨੀ ਨਾਲ ਨਜਿੱਠੀਆਂ ਜਾ ਸਕੇ। ਹੋਰਾਂ ਮੁਲਕਾਂ ਦੇ ਲੋਕ ਜ਼ਿਆਦਾ ਗਰਮੀ ਜਾਂ ਜ਼ਿਆਦਾ ਸਰਦੀ ਹੋਣ ’ਤੇ ਐਨਾ ਸ਼ੋਰ ਵੀ ਨਹੀਂ ਮਚਾਉਂਦੇ ਜਿੰਨਾ ਕਿ ਸਾਡੇ ਭਾਰਤ ਵਾਸੀ ਮਚਾਉਂਦੇ ਹਨ। ਉਹ ਲੋਕ ਹਰ ਤਰ੍ਹਾਂ ਨਾਲ ਕੁਦਰਤ ਦੀ ਦੇਣ ਨੂੰ ਸਵੀਕਾਰ ਕਰਦੇ ਹਨ ਤੇ ਕਦਰ ਕਰਦੇ ਹਨ। ਜਦੋਂ ਵੀ ਕਿਸੇ ਬਾਹਰ ਦੇ ਮੁਲਕ ਵਿੱਚ ਕੋਈ ਨਵਾਂ ਘਰ, ਹਸਪਤਾਲ, ਸੜਕ, ਸਕੂਲ ਆਦਿ ਬਣਦੇ ਹਨ ਤਾਂ ਸਭ ਤੋਂ ਪਹਿਲਾਂ ਨੇੜੇ ਲੱਗੇ ਰੁੱਖਾਂ ਨੂੰ ਖ਼ਤਰੇ ਤੋਂ ਬਚਾਇਆ ਜਾਂਦਾ ਹੈ, ਕੱਟਣ ਦੀ ਗੱਲ ਤਾਂ ਬਹੁਤ ਦੂਰ ਰਹਿ ਜਾਂਦੀ ਹੈ। ਜੇਕਰ ਇਹ ਲੋਕ ਕਿਸੇ ਕਾਰਨ ਕਰਕੇ ਇੱਕ ਰੁੱਖ ਕੱਟਦੇ ਹਨ ਤਾਂ ਕਈ ਨਵੇਂ ਲਾ ਦਿੰਦੇ ਹਨ ਤੇ ਕੁਝ ਮਹੀਨੇ ਉਸ ਦੀ ਸਾਂਭ ਸੰਭਾਲ ਵੀ ਕਰਦੇ ਹਨ।
ਦੂਜੇ ਪਾਸੇ ਭਾਰਤ ਵਿੱਚ ਚੌੜੀਆਂ ਸੜਕਾਂ, ਵੱਡੇ ਵੱਡੇ ਵਿਆਹ ਸ਼ਾਦੀ ਲਈ ਬਣੇ ਹਾਲ, ਮਹਿੰਗੇ ਹਸਪਤਾਲ, ਮਹਿੰਗੇ ਸਕੂਲ, ਧੜਾ ਧੜ ਨਵੇਂ ਬਣੇ ਕਾਲਜ ਤੇ ਯੂਨੀਵਰਸਿਟੀਆਂ ਸਭ ਕੁਦਰਤੀ ਸਰੋਤਾਂ ਦਾ ਘਾਣ ਕਰਨ ਵਿੱਚ ਸ਼ਾਮਲ ਹਨ। ਇਨ੍ਹਾਂ ਦੇ ਬਣਾਉਣ ਸਮੇਂ ਅਨੇਕਾਂ ਰੁੱਖ ਕੱਟ ਦਿੱਤੇ ਗਏ ਪਰ ਲਗਾਇਆ ਇੱਕ ਵੀ ਨਹੀਂ ਗਿਆ। ਪੰਜਾਬ ਵਿੱਚ ਭਾਵੇਂ ਪਹਿਲਾਂ ਬਹੁਤੀਆਂ ਚੌੜੀਆਂ ਸੜਕਾਂ ਨਹੀਂ ਸਨ ਪਰ ਸੰਘਣੇ ਰੁੱਖਾਂ ਨਾਲ ਦੋਵੇਂ ਪਾਸੇ ਭਰੀਆਂ ਹੁੰਦੀਆਂ ਸਨ। ਹਰ ਪਿੰਡ ਦੀ ਫਿਰਨੀ ਰੁੱਖਾਂ ਨਾਲ ਭਰੀ ਹੁੰਦੀ ਸੀ। ਹਰ ਪਿੰਡ ਦੀ ਸ਼ਾਮਲਾਟ ਵਿੱਚ ਸੰਘਣੇ ਰੁੱਖ ਹੁੰਦੇ ਸਨ। ਹਰ ਇੱਕ ਦੇ ਖੇਤ ਵਿੱਚ ਕਈ ਕਈ ਰੁੱਖ ਲੱਗੇ ਹੁੰਦੇ ਸਨ। ਹਰ ਤੀਜੇ ਚੌਥੇ ਕਿਸਾਨ ਦੇ ਖੂਹ ’ਤੇ ਕਈ ਕਈ ਰੁੱਖ ਲੱਗੇ ਹੁੰਦੇ ਸਨ ਜੋ ਗਰਮੀਆਂ ਦੇ ਦਿਨਾਂ ਵਿੱਚ ਲੋਕਾਂ ਦੀਆਂ ਢਾਣੀਆਂ ਦਾ ਨਜ਼ਾਰਾ ਮਾਣਦੇ ਸਨ।
ਕੁਦਰਤੀ ਸਰੋਤ ਸਾਡੀ ਜ਼ਿੰਦਗੀ ਦਾ ਅਨਮੋਲ ਹਿੱਸਾ ਹਨ ਜਾਂ ਕਹਿ ਲਈਏ ਕੁਦਰਤ ਹੀ ਸਾਡੀ ਜ਼ਿੰਦਗੀ ਹੈ। ਕੁਦਰਤ ਨੇ ਹਰ ਇੱਕ ਨੂੰ ਹਮੇਸ਼ਾ ਮੋਹ ਪਿਆਰ ਤੇ ਹਰ ਸੁੱਖ ਸਹੂਲਤ ਦਿੱਤੀ ਹੈ ਭਾਵੇਂ ਉਹ ਇਨਸਾਨ ਹੋਵੇ, ਭਾਵੇਂ ਜੀਵ ਜੰਤੂ। ਕੁਦਰਤ ਕਦੇ ਵੀ ਕਿਸੇ ਨਾਲ ਵੈਰ ਵਿਰੋਧ ਨਹੀਂ ਕਰਦੀ ਪਰ ਅੱਜ ਦਾ ਇਨਸਾਨ ਕੁਦਰਤ ਨੂੰ ਬਰਬਾਦ ਕਰਨ ਦੀ ਪੂਰੀ ਜੱਦੋ ਜਹਿਦ ਕਰ ਰਿਹਾ ਹੈ। ਕੁਦਰਤ ਦੀ ਬਣਤਰ ਅਜਿਹੀ ਹੈ ਕਿ ਇਸ ਵਿੱਚ ਕੁਦਰਤ ਦੇ ਸਾਰੇ ਅੰਗ ਇੱਕ ਦੂਜੇ ਦੇ ਨਾਲ ਨਾਲ ਚੱਲਦੇ ਸੀ ਜਿਵੇਂ ਸਾਡੇ ਸਰੀਰ ਦੇ ਸਾਰੇ ਅੰਗ ਇੱਕ ਦੂਜੇ ਦੇ ਨਾਲ ਨਾਲ ਚੱਲਦੇ ਹਨ। ਜਿਵੇਂ ਸਰੀਰ ਦਾ ਇੱਕ ਅੰਗ ਨਕਾਰਾ ਹੁੰਦਾ ਹੈ ਤਾਂ ਦੂਜੇ ਅੰਗਾਂ ’ਤੇ ਉਸ ਦਾ ਅਸਰ ਪੈਂਦਾ ਹੈ। ਠੀਕ ਇਸੇ ਤਰ੍ਹਾਂ ਜਦੋਂ ਦੇ ਇਨਸਾਨ ਨੇ ਰੁੱਖ ਖ਼ਤਮ ਕੀਤੇ ਹਨ ਤਾਂ ਗਰਮੀ ਤੇ ਸਰਦੀ ਦੀਆਂ ਰੁੱਤਾਂ ਪਹਿਲਾਂ ਵਾਂਗ ਕੁਦਰਤੀ ਨਹੀਂ ਰਹੀਆਂ। ਰੁੱਖਾਂ ਦੇ ਖਾਤਮੇ ਨਾਲ ਬਹੁਤ ਸਾਰੇ ਜੀਵ ਜੰਤੂ ਖਤਮ ਹੋ ਗਏ, ਬਹੁਤ ਕੁਝ ਅਜਿਹਾ ਹੋਣ ਲੱਗਾ ਜੋ ਕੁਦਰਤੀ ਨਹੀਂ ਹੈ। ਇਸ ਦਾ ਨੁਕਸਾਨ ਇਨਸਾਨ ਭੁਗਤ ਰਿਹਾ ਹੈ ਤੇ ਆਉਣ ਵਾਲਾ ਸਮਾਂ ਹੋਰ ਵੀ ਭਿਆਨਕ ਹੋਵੇਗਾ।
ਕੁਦਰਤੀ ਸਰੋਤਾਂ ਵਿੱਚ ਪਾਣੀ, ਰੁੱਖ, ਪਹਾੜ, ਦਰਿਆ, ਜੰਗਲ, ਪਸ਼ੂ-ਪੰਛੀ ਸਭ ਆਉਂਦੇ ਹਨ। ਕੁਦਰਤ ਹੀ ਸਾਨੂੰ ਜੀਵਨ ਜਿਊਣ ਲਈ ਸਾਹ/ਆਕਸੀਜਨ, ਖਾਣਾ-ਪੀਣਾ ਤੇ ਹੋਰ ਅਨੇਕ ਸਰੋਤ ਪ੍ਰਦਾਨ ਕਰਦੀ ਹੈ। ਕੁਦਰਤੀ ਸਰੋਤਾਂ ਦਾ ਸਾਡੀ ਜ਼ਿੰਦਗੀ ਵਿੱਚ ਹੋਣਾ ਹੀ ਸਾਡੀ ਜ਼ਿੰਦਗੀ ਹੈ। ਕੀ ਕੁਦਰਤੀ ਸਰੋਤਾਂ ਨੂੰ ਬਚਾਉਣਾ ਤੇ ਸਹੀ ਵਰਤੋਂ ਕਰਨਾ ਸਾਡਾ ਸਭ ਦਾ ਫ਼ਰਜ਼ ਨਹੀਂ ਬਣਦਾ? ਸਾਡੇ ਬਜ਼ੁਰਗਾਂ ਨੇ ਇਹ ਕੁਦਰਤੀ ਸਰੋਤ ਸਾਂਭ ਕੇ ਰੱਖੇ, ਇਨ੍ਹਾਂ ਦੀ ਰੱਖਿਆ ਕੀਤੀ ਤੇ ਸਾਡੇ ਤੱਕ ਪਹੁੰਚਦੇ ਕੀਤੇ, ਕੀ ਸਾਡਾ ਫ਼ਰਜ਼ ਨਹੀਂ ਬਣਦਾ ਕੀ ਅਸੀਂ ਵੀ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਨ੍ਹਾਂ ਸਰੋਤਾਂ ਨੂੰ ਸੰਭਾਲ ਕੇ ਰੱਖ ਸਕੀਏ? ਜਿਹੜੇ ਕੁਦਰਤੀ ਸਰੋਤਾਂ ਨੂੰ ਸਾਨੂੰ ਤੇਜ਼ੀ ਨਾਲ ਸਾਂਭਣ ਦੀ ਲੋੜ ਹੈ ਉਹ ਹੈ ਪਾਣੀ। ਸਾਡੇ ਪੂਰਵਜਾਂ ਨੇ ਨਦੀਆਂ ਜਾਂ ਦਰਿਆਵਾਂ ਵਿੱਚ ਪਾਣੀ ਦੇਖਿਆ। ਉੱਥੋਂ ਹੀ ਪੀ ਲਿਆ ਤੇ ਉੱਥੋਂ ਹੀ ਸਾਰੀਆਂ ਲੋੜਾਂ ਪੂਰੀਆਂ ਕਰ ਲਈਆਂ। ਉਸ ਤੋਂ ਅਗਲੀ ਪੀੜ੍ਹੀ ਭਾਵ ਸਾਡੀ ਪੜਦਾਦੀ-ਪੜਦਾਦੇ ਨੇ ਖੂਹ, ਖੂਹੀਆਂ ਪੁੱਟ ਲਏ ਤੇ ਆਪਣੀਆਂ ਸਾਰੀਆਂ ਲੋੜਾਂ ਖੂਹ/ਖੂਹੀ ਤੋਂ ਪੂਰੀਆਂ ਕਰਦੇ ਰਹੇ। ਫਿਰ ਸਾਡੇ ਦਾਦੀ-ਦਾਦੇ ਨੇ ਖੂਹੀਆਂ ਵਿੱਚ ਟਿਊਬਵੈੱਲ ਤੇ ਨਲਕੇ ਲਾ ਲਏ ਤੇ ਕੁਝ ਕੁ ਸੁਖਾਲਾ ਕੰਮ ਕਰ ਲਿਆ ਤੇ ਪਾਣੀ ਲੋੜ ਅਨੁਸਾਰ ਟਿਊਬਵੈੱਲ ਤੋਂ ਲੈ ਕੇ ਵਰਤਣ ਲੱਗੇ। ਅਗਲੀ ਪੀੜ੍ਹੀ ਆਈ ਜਿਸ ਨੇ ਸਾਨੂੰ ਜਨਮ ਦਿੱਤਾ, ਯਾਨੀ ਸਾਡੇ ਮਾਂ-ਬਾਪ ਜਿਨ੍ਹਾਂ ਨੇ ਟਿਊਬਵੈੱਲ, ਨਲਕੇ ਨੂੰ ਹੋਰ ਵੀ ਅਸਾਨ ਕਰ ਲਿਆ ਤੇ ਨਲਕੇ ’ਤੇ ਮੋਟਰਾਂ ਲਗਵਾ ਲਈਆਂ ਤੇ ਵੇਖਦੇ ਵੇਖਦੇ ਤਰੱਕੀ ਹੋਈ ਤੇ ਟੂਟੀਆਂ ਲੱਗਣ ਲੱਗੀਆਂ। ਇਸ ਪੀੜ੍ਹੀ ਨੇ ਪਾਣੀ ਦੀ ਵਰਤੋਂ ਦੇ ਨਾਲ ਨਾਲ ਦੁਰਵਰਤੋਂ ਕਰਨੀ ਵੀ ਸ਼ੁਰੂ ਕਰ ਦਿੱਤੀ ਕਿਉਂਕਿ ਟਿਊਬਵੈੱਲ, ਮੋਟਰਾਂ, ਟੂਟੀਆਂ ਆਦਿ ਨਾਲ ਧਰਤੀ ਵਿੱਚੋਂ ਪਾਣੀ ਆਸਾਨੀ ਨਾਲ ਕੱਢਿਆ ਜਾ ਰਿਹਾ ਹੈ। ਇਸੇ ਪੀੜ੍ਹੀ ਨੇ ਪਾਣੀ ਦੀ ਦੁਰਵਰਤੋਂ ਦੇ ਨਾਲ ਨਾਲ ਪਾਣੀ ਨੂੰ ਗੰਧਲਾ ਕਰਨਾ ਵੀ ਸ਼ੁਰੂ ਕਰ ਦਿੱਤਾ। ਫਿਰ ਉਸ ਤੋਂ ਬਾਅਦ ਆ ਗਏ ਅਸੀਂ ਜਿਨ੍ਹਾਂ ਨੇ ਪੀਣ ਦੇ ਪਾਣੀ ਦੀ ਦੁਰਵਰਤੋਂ ਦੇ ਨਾਲ ਨਾਲ ਐਨਾ ਜ਼ਿਆਦਾ ਗੰਧਲਾ ਕਰ ਦਿੱਤਾ ਕਿ ਪਾਣੀ ਪੀਣ ਦੇ ਯੋਗ ਹੀ ਨਹੀਂ ਰਿਹਾ। ਸਾਨੂੰ ਨਾ ਚਾਹੁੰਦੇ ਹੋਏ ਵੀ ਬੋਤਲਾਂ ਵਾਲਾ ਪਾਣੀ ਖ਼ਰੀਦ ਕੇ ਪੀਣਾ ਪੈ ਰਿਹਾ ਹੈ ਕਿਉਂਕਿ ਦਰਿਆ, ਨਹਿਰਾਂ, ਟਿਊਬਵੈੱਲ, ਨਲਕਿਆਂ ਤੇ ਟੂਟੀਆਂ ਦਾ ਪਾਣੀ ਪੀਣ ਦੇ ਯੋਗ ਹੀ ਨਹੀਂ ਰਿਹਾ।
ਪੰਜਾਬ ਵਿੱਚ ਦਿਨੋਂ ਦਿਨ ਪਾਣੀ ਦਾ ਪੱਧਰ ਘਟਦਾ ਜਾ ਰਿਹਾ ਹੈ। ਅੱਜ ਸਮਾਂ ਹੈ ਪਾਣੀ ਦੀ ਸਹੀ ਵਰਤੋਂ ਕਰਕੇ ਵੱਧ ਤੋਂ ਵੱਧ ਪਾਣੀ ਬਚਾਉਣ ਦਾ। ਸਾਨੂੰ ਆਪਣੇ ਘਰ ਵਿੱਚ ਅਤੇ ਬਾਹਰ ਪਾਣੀ ਦੀ ਵਰਤੋਂ ਬਹੁਤ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ। ਅਸੀਂ ਅਕਸਰ ਬਿਨਾਂ ਲੋੜ ਤੋਂ ਨਲ ਖੁੱਲ੍ਹਾ ਛੱਡ ਦਿੰਦੇ ਹਾਂ, ਇਸ ਮਾੜੀ ਆਦਤ ਤੋਂ ਬਚਣਾ ਚਾਹੀਦਾ ਹੈ। ਸਾਨੂੰ ਘੱਟ ਪਾਣੀ ਵਰਤਣ ਵਾਲੇ ਢੰਗ ਅਪਣਾਉਣ ਦੀ ਬਹੁਤ ਲੋੜ ਹੈ। ਸਰਕਾਰ ਨੂੰ ਪਾਣੀ ਦੀ ਰਿਸਾਈਕਲਿੰਗ ਅਤੇ ਮੁੜ ਵਰਤੋਂ ਲਈ ਤਕਨੀਕਾਂ ਅਪਣਾਉਣੀਆਂ ਚਾਹੀਦੀਆਂ ਹਨ। ਕੁਦਰਤੀ ਵਗਦੇ ਝਰਨੇ, ਨਾਲੇ ਆਦਿ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਸਰਕਾਰ ਨੂੰ ਪਾਣੀ ਦੀ ਹਰ ਬੂੰਦ ਦੀ ਕੀਮਤ ਲੈਣੀ ਚਾਹੀਦੀ ਹੈ ਤੇ ਧਰਤੀ ਹੇਠਲੇ ਪਾਣੀ ਨੂੰ ਕੱਢਣ ਵਾਲੇ ਹਰ ਮੋਟਰ, ਟਿਊਬਵੈੱਲ, ਨਲਕੇ ਟੂਟੀ ’ਤੇ ਮੀਟਰ ਲਾ ਕੇ ਕੀਮਤ ਨਿਰਧਾਰਤ ਕਰਨੀ ਚਾਹੀਦੀ ਹੈ ਤਾਂ ਜੋ ਪਾਣੀ ਬਚਾਇਆ ਜਾ ਸਕੇ। ਮੁਫ਼ਤ ਦੇ ਪਾਣੀ ਦੀ ਕਦਰ ਨਾ ਕਰਨ ਵਾਲੇ ਲੋਕ ਦੂਜੇ ਲੋਕਾਂ ਦਾ ਗਲਾ ਘੁੱਟ ਰਹੇ ਹਨ।
ਕੁਦਰਤ ਨੂੰ ਬਚਾਉਣ ਲਈ ਆਓ ਸਾਰੇ ਇਕਮੁੱਠ ਹੋਈਏ। ਜਿੰਨੇ ਵੀ ਹੋ ਸਕਦੇ ਹਨ ਵਧੇਰੇ ਪੌਦੇ ਲਗਾਓ ਅਤੇ ਘਰ ਦੇ ਆਲੇ ਦੁਆਲੇ ਹਰੇ-ਭਰੇ ਪੌਦੇ ਲਗਾਓ ਤਾਂ ਜੋ ਵਾਤਾਵਰਨ ਸਾਫ਼ ਸੁਥਰਾ ਤੇ ਤਾਜ਼ਾ ਰਹੇ। ਹਵਾ ਦੀ ਗੁਣਵੱਤਾ ਨੂੰ ਬਣਾਈ ਰੱਖਣ ਲਈ ਹਵਾ ਪ੍ਰਦੂਸ਼ਣ ਘਟਾਉਣ ਵਾਲੀਆਂ ਨੀਤੀਆਂ ਅਤੇ ਤਕਨੀਕਾਂ ਨੂੰ ਅਪਣਾਉਣਾ ਚਾਹੀਦਾ ਹੈ। ਜੰਗਲਾਂ ਦੀ ਕਟਾਈ ਨੂੰ ਰੋਕਣਾ ਚਾਹੀਦਾ ਹੈ ਅਤੇ ਨਵੇਂ ਪੌਦੇ ਲਗਵਾਉਣੇ ਚਾਹੀਦੇ ਹਨ। ਖੇਤੀਬਾੜੀ ਵਿੱਚ ਸਥਾਈ ਤਰੀਕਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕੁਝ ਉਪਾਅ ਕਰਕੇ ਜਿੱਥੇ ਅਸੀਂ ਖ਼ੁਦ ਸੌਖੇ ਹੋਵਾਂਗੇ, ਉੱਥੇ ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਸਾਫ਼ ਹਵਾ ਵਿੱਚ ਸਾਹ ਲੈ ਸਕਣਗੀਆਂ।
ਹਮੇਸ਼ਾ ਉਨ੍ਹਾਂ ਵਸਤਾਂ ਦੀ ਖਰੀਦਦਾਰੀ/ਵਰਤੋਂ ਕਰੋ ਜੋ ਕੁਦਰਤੀ ਸਰੋਤਾਂ ਨੂੰ ਹਾਨੀ ਨਾ ਪਹੁੰਚਾਉਣ। ਸਾਨੂੰ ਜਿੰਨੇ ਜ਼ਿਆਦਾ ਸੁੱਖ-ਆਰਾਮ ਦੇ ਸਾਧਨ ਮਿਲ ਰਹੇ ਹਨ, ਇਹ ਸਭ ਕੁਦਰਤ ਦੇ ਵੈਰੀ ਹਨ। ਆਧੁਨਿਕ ਸਾਧਨਾਂ ਨੂੰ ਸਾਵਧਾਨੀ ਨਾਲ ਵਰਤੋ ਤਾਂ ਕਿ ਅਸੀਂ ਕੁਦਰਤੀ ਸਰੋਤਾਂ ਦੀ ਸੁਰੱਖਿਆ ਅਤੇ ਸਥਿਰਤਾ ਨੂੰ ਯਕੀਨੀ ਬਣਾ ਸਕੀਏ। ਇਨ੍ਹਾਂ ਕਦਮਾਂ ਨਾਲ ਅਸੀਂ ਕੁਦਰਤ ਦੀ ਸੁਰੱਖਿਆ ਕਰ ਸਕਦੇ ਹਾਂ ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਇਸ ਨੂੰ ਸੰਭਾਲ ਸਕਦੇ ਹਾਂ।
ਆਓ ਇੱਕ ਨਵੀਂ
ਪਿਰਤ ਤਾਂ ਪਾਈਏ
ਕੁਦਰਤ ਬਚਾਈਏ।
ਜ਼ਿੰਦਗੀ ਨੂੰ ਸੋਹਣਾ
ਤੇ ਖੁਸ਼ਹਾਲ ਬਣਾਈਏ
ਕੁਦਰਤ ਬਚਾਈਏ।
ਪਾਣੀ ਬਚਾਈਏ
ਰੁੱਖ ਲਗਾਈਏ
ਕੁਦਰਤ ਬਚਾਈਏ।
ਭਟਕ ਗਏ ਸੀ ਆਪਾਂ
ਮੁੜ ਸਿੱਧੇ ਰਾਹੇ ਜਾਈਏ
ਕੁਦਰਤ ਬਚਾਈਏ।
ਅਨਮੋਲ ਦਾਤਾਂ ਨੇ
ਅਗਲੀ ਪੀੜ੍ਹੀ ਲਈ ਸਾਂਭ ਜਾਈਏ
ਕੁਦਰਤ ਬਚਾਈਏ।
ਕਰ ਬਰਬਾਦ ਕੁਦਰਤ
ਆਪ ਬਰਬਾਦ ਨਾ ਹੋ ਜਾਈਏ
ਕੁਦਰਤ ਬਚਾਈਏ।
ਬਾਬੇ ਨਾਨਕ ਦੀਆਂ
ਰਹਿਮਤਾਂ ਪਾਈਏ
ਕੁਦਰਤ ਬਚਾਈਏ।